Skip to content
Independent perspectives. Global stories.
BREAKING

ਜਲੰਧਰ ਜ਼ਿਲ੍ਹੇ ਦੇ ਆਲੂ ਸਟੋਰਾਂ ਦੇ ਨਿਰੀਖਣ ਲਈ ਕਮੇਟੀ ਦਾ ਗਠਨ

Share this story

ਜਲੰਧਰ, 24 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਕੋਲਡ  ਸਟੋਰਾਂ ਦੇ ਮਾਲਕਾਂ ਵਲੋਂ ਆਲੂਆਂ ਦੇ ਰੱਖ-ਰਖਾਅ ਤੋਂ ਜਾਣਬੁੱਝਕੇ  ਆਨਾਕਾਨੀ ਕੀਤੇ ਜਾਣ ਨਾਲ ਨਜਿੱਠਣ ਲਈ ਜਿਲ੍ਹਾ ਪ੍ਰਸ਼ਾਸ਼ਨ ਜਲੰਧਰ ਵੱਲੋਂ ਆਲੂ ਸਟੋਰਾਂ ਦੇ ਨਿਰੀਖਣ ਲਈ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਕਿ ਸਾਰੇ ਜਿਲ੍ਹੇ ਦੇ ਆਲੂ ਸਟੋਰਾਂ ਦੀ ਜਾਂਚ ਕਰੇਗੀ। ਇਸ ਸਬੰਧੀ ਅੱਜ ਇੱਥੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੁਰਮੀਤ ਸਿੰਘ ਮੁਲਤਾਨੀ ਦੀ ਅਗਵਾਈ ਹੇਠ ਖੇਤੀਬਾੜੀ, ਮੰਡੀ ਬੋਰਡ, ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਮੀਟਿੰਗ ਦੌਰਾਨ ਕਮੇਟੀ ਦੇ ਗਠਨ ਦਾ ਫੈਸਲਾ ਲਿਆ ਗਿਆ। ਇਸ ਕਮੇਟੀ ਵਿਚ ਮੁੱਖ ਖੇਤੀਬਾੜੀ ਅਫਸਰ, ਜਲੰਧਰ, ਬਾਗਬਾਨੀ ਅਫਸਰ ਜਲੰਧਰ ਤੇ ਜ਼ਿਲ੍ਹਾ ਮੰਡੀ ਅਫਸਰ, ਜਲੰਧਰ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਇਹ ਕਮੇਟੀ ਜਿਲ੍ਹੇ ਭਰ ਦੇ ਕੋਲਡ ਸਟੋਰਾਂ ਦੀ ਸਮਰੱਥਾ, ਉਨ੍ਹਾਂ ਵਿਚ ਪਹਿਲਾਂ ਤੋਂ ਮੌਜੂਦ ਖੇਤੀ ਉਤਪਾਦਾਂ ਤੇ ਖਾਲੀ ਜਗਾ ਬਾਰੇ ਇਕ ਵਿਸਥਾਰਤ ਰਿਪੋਰਟ ਤਿਆਰ ਕਰੇਗੀ। ਸ. ਮੁਲਤਾਨੀ ਨੇ ਦੱਸਿਆ ਕਿ ਦੁਆਬਾ ਖੇਤਰ ਵਿਚ ਆਲੂ ਦੀ ਖੇਤੀ ਵੱਡੇ ਪੱਧਰ ’ਤੇ ਹੁੰਦੀ ਹੈ ਜਿਸ ਵਿਚੋਂ  ਜਲੰਧਰ ਜ਼ਿਲ੍ਹਾ ਮੋਹਰੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਵਲੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਟੋਰ ਮਾਲਕਾਂ ਵਲੋਂ ਆਲੂ ਸਟੋਰ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ, ਜਿਸਦੇ ਮੱਦੇਨਜ਼ਰ ਪ੍ਰਸ਼ਾਸ਼ਨ ਵਲੋਂ ਖੇਤੀਬਾੜੀ ਤੇ ਉਸਦੀ ਮਾਰਕੀਟਿੰਗ ਨਾਲ ਸਬੰਧਿਤ ਵਿਭਾਗਾਂ ਦੇ ਜਿਲ੍ਹਾ ਮੁਖੀਆਂ ਦੀ ਕਮੇਟੀ ਗਠਿਤ ਕੀਤੀ ਗਈ ਹੈ।
ਇਸ ਕਮੇਟੀ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਾਰੇ ਸਟੋਰਾਂ ਬਾਰੇ ਰਿਪੋਰਟ 28 ਫਰਵਰੀ ਸ਼ਾਮ 4 ਵਜੇ ਤੱਕ ਡਿਪਟੀ ਕਮਿਸ਼ਨਰ ਜਲੰਧਰ ਨੂੰ ਸੌਂਪਣਗੇ। ਉਨ੍ਹਾਂ ਕਿਹਾ  ਕਿ ਕਮੇਟੀ ਵਲੋਂ ਇਸ ਮੰਤਵ ਲਈ  ਜਿਲ੍ਹੇ ਦੇ ਸਾਰੇ ਸਟੋਰਾਂ ਦਾ ਨਿਰੀਖਣ ਕੀਤਾ ਜਾਵੇਗਾ।
ਕਮੇਟੀ ਵਲੋਂ ਇਹ ਵੀ ਪੜਤਾਲ ਕੀਤੀ ਜਾਵੇਗੀ ਕਿ ਹਰੇਕ ਸਟੋਰ ਵਿਚ ਕਿਹੜੇ- ਕਿਹੜੇ ਕਿਸਾਨ ਦੇ ਕਿੰਨੀ ਮਾਤਰਾ ਵਿਚ ਆਲੂ ਸਟੋਰ ਕੀਤੇ ਗਏ ਹਨ ਅਤੇ ਵਰਤਮਾਨ ਸਮੇਂ ਸਟੋਰ ਵਿਚ ਕਿੰਨੀ ਸਟੋਰੋਜ਼ ਸਮੱਰਥਾ ਬਕਾਇਆ ਹੈ। ਸ੍ਰੀ ਮੁਲਤਾਨੀ ਨੇ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਜਾਣਬੁੱਝਕੇ ਕਿਸਾਨਾਂ ਨੂੰ ਖੱਜਲ ਖੁਆਰ ਕਰਨ ਵਾਲੇ ਸਟੋਰ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

WRITTEN BY