ਆਜੀਬਾਈਚੀ ਦਾ ਮਕਸਦ ਬਜ਼ੁਰਗ ਔਰਤਾਂ ਨੂੰ ਸਿੱਖਿਅਤ ਕਰਨਾ
ਠਾਣੇ (ਮਹਾਰਾਸ਼ਟਰਾ), 19 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਗੁਲਾਬੀ ਪੁਸ਼ਾਕ ਪਹਿਨ, ਮੋਢੇ ’ਤੇ ਬਸਤਾ ਟੰਗ ਕੇ ਕਾਂਤਾ ਮੋਰੇ ਹਰ ਸਵੇਰੇ ਆਪਣੇ ਸਕੂਲ ਜਾਂਦੀ ਹੈ ਅਤੇ ਨਰਸਰੀ ਦੀਆਂ ਉਨ੍ਹਾਂ ਕਵਿਤਾਵਾਂ ਦਾ ਅਭਿਆਸ ਕਰਦੀ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਪਹਿਲਾਂ ਸਿੱਖਿਆ ਸੀ। ਸਕੂਲ ਵਿੱਚ ਦਿਨ ਦੀ ਸ਼ੁਰੂਆਤ ਉਹ ਆਪਣੀ ਜਮਾਤ ਦੇ 29 ਵਿਦਿਆਰਥੀਆਂ ਦੇ ਨਾਲ ਪ੍ਰਾਰਥਨਾ ਕਰਕੇ ਕਰਦੀ ਹੈ ਅਤੇ ਫਿਰ ਆਪਣੀ ਕਾਲੀ ਸਲੇਟ ਉ¤ਪਰ ਚਾਕ ਨਾਲ ਮਰਾਠੀ ਵਿੱਚ ਬਿੰਗੇ ਟੇਢੇ ਅੱਖਰ ਲਿਖਣ ਦੀ ਕੋਸ਼ਿਸ਼ ਕਰਦੀ ਹੈ। ਕਿਸੇ ਵੀ ਪ੍ਰਾਇਮਰੀ ਸਕੂਲ ਵਿੱਚ ਇਹ ਦ੍ਰਿਸ਼ ਆਮ ਹੋ ਸਕਦਾ ਹੈ, ਪਰ ਇੱਥੇ ਅੰਤਰ ਇਹ ਹੈ ਕਿ ਸਾਰੀਆਂ ਵਿਦਿਆਰਥਣਾਂ ਦੀ ਉਮਰ 60 ਤੋਂ 90 ਸਾਲ ਹੈ। ਕਾਂਤਾ ਅਤੇ ਉਸ ਦੀਆਂ ਦੋਸਤ ਇੱਥੇ ਫਾਗਣੇ ਪਿੰਡ ਸਥਿਤ ਦਾਦੀਆਂ, ਨਾਨੀਆਂ ਦੇ ਸਕੂਲ ਆਜੀਬਾਈਚੀ ਸ਼ਾਲਾ ਵਿੱਚ ਪੜ੍ਹਦੀਆਂ ਹਨ। ਇੱਥੇ ਉਹ ਪ੍ਰਾਇਮਰੀ ਸਿੱਖਿਆ ਗ੍ਰਹਿਣ ਕਰ ਰਹੀਆਂ ਹਨ, ਜਿਸ ਦੌਰਾਨ ਉਹ ਹਿਸਾਬ, ਅੱਖਰ ਗਿਆਨ ਅਤੇ ਸਹੀ ਉਚਾਰਣ ਦੇ ਨਾਲ ਨਰਸਰੀ ਦੀਆਂ ਕਵਿਤਾਵਾਂ ਦਾ ਅਭਿਆਸ ਕਰਦੀਆਂ ਹਨ। 45 ਸਾਲਾਂ ਦੀ ਯੋਗੇਂਦਰ ਬਾਂਗੜ ਨੇ ਵਕਤ ਦੇ ਪਹੀਏ ਨੂੰ ਫਿਰ ਤੋਂ ਘੁਮਾਉਣ ਦੀ ਪਹਿਲ ਕੀਤੀ। ਸਕੂਲ ਦਾ ਮਕਸਦ ਪਿੰਡ ਦੀਆਂ ਬਜ਼ੁਰਗ ਔਰਤਾਂ ਨੂੰ ਸਿੱਖਿਅਤ ਕਰਨਾ ਹੈ। ਇਸ ਪਿੰਡ ਵਿੱਚ ਖੇਤੀ ਲੋਕਾਂ ਦਾ ਮੁੱਖ ਧੰਦਾ ਹੈ। ਪਿੰਡ ਦੇ ਜ਼ਿਲ੍ਹਾ ਪ੍ਰੀਸ਼ਦ ਪ੍ਰਾਇਮਰੀ ਸਕੂਲ ’ਚ ਅਧਿਆਪਕਾ ਯੋਗੇਂਦਰ ਬਾਂਗੜ ਨੇ ਮੋਤੀ ਰਾਮ ਚੈਰੀਟੇਬਲ ਟਰੱਸਟ ਦੇ ਨਾਲ ਮਿਲ ਕੇ ਇਹ ਸਕੂਲ ਕਾਇਮ ਕੀਤਾ ਹੈ। ਟਰੱਸਟ ਇਨ੍ਹਾਂ ਬਜ਼ੁਰਗ ਵਿਦਿਆਰਥਣਾਂ ਨੂੰ ਗੁਲਾਬੀ ਸਾਹੜੀ, ਸਕੂਲ ਬੈਗ, ਸਲੇਟ ਅਤੇ ਚਾਕ ਪੈਨਸਿਲ ਵਰਗੇ ਜ਼ਰੂਰੀ ਸਾਮਾਨ ਦੇ ਨਾਲ-ਨਾਲ ਬੈਠਣ ਲਈ ਟਾਟ ਆਦਿ ਉਪਲਬਧ ਕਰਾਉਂਦਾ ਹੈ। ਸ਼ੁਰੂ ’ਚ ਸਕੂਲ ਜਾਣ ਤੋਂ ਝਿਜਕਣ ਵਾਲੀ ਕਾਂਤਾ ਹੁਣ ਮਰਾਠੀ ਵਿੱਚ ਪੜ੍ਹ ਲਿਖ ਸਕਦੀ ਹੈ। ਉਸ ਦਾ ਕਹਿਣਾ ਹੈ ਕਿ ਸਿੱਖਿਅਤ ਹੋਣ ਨਾਲ ਉਹ ਖੁਦ ਨੂੰ ਆਤਮ ਨਿਰਭਰ ਮਹਿਸੂਸ ਕਰ ਰਹੀ ਹੈ।
ਮਹਾਰਾਸ਼ਟਰ ਦਾ ਅਨੋਖਾ ਸਕੂਲ-ਜਿੱਥੇ 90 ਸਾਲ ਦੀਆਂ ਦਾਦੀਆਂ ਪੜ੍ਹਣ ਜਾਂਦੀਆਂ ਨੇ



