ਨਵੀਂ ਦਿੱਲੀ, 17 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਨੋਟਬੰਦੀ ਮਗਰੋਂ ਹੋ ਰਹੀ ਤਿੱਖੀ ਨੁਕਤਾਚੀਨੀ ਨੂੰ ਨਜ਼ਰਅੰਦਾਜ਼ ਕਰਦਿਆਂ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਊਰਜਿਤ ਪਟੇਲ ਨੇ ਕਿਹਾ ਕਿ ਕੇਂਦਰੀ ਬੈਂਕ ਨੂੰ ਆਪਣੇ ਫ਼ਰਜ਼ ਨਿਭਾਉਣ ਲਈ ਚਮੜੀ ਮੋਟੀ ਕਰਨੀ ਪੈਂਦੀ ਹੈ। ਪਟੇਲ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਆਰਥਿਕਤਾ ਸੰਖੇਪ ਜਿਹੀ ਮੰਦੀ ਮਗਰੋਂ ਮੁੜ ਤੇਜ਼ੀ ਨਾਲ ਪੈਰਾਂ ਸਿਰ ਹੋ ਜਾਵੇਗੀ।ਨੋਟਬੰਦੀ ਤੋਂ ਮਹਿਜ਼ ਦੋ ਮਹੀਨੇ ਪਹਿਲਾਂ ਆਰਬੀਆਈ ਦੀ ਕਮਾਨ ਆਪਣੇ ਹੱਥਾਂ ’ਚ ਲੈਣ ਵਾਲੇ ਪਟੇਲ ਨੇ ਕਿਹਾ ਕਿ ਨੋਟਬੰਦੀ ਮਗਰੋਂ ਆਈ ਨਗ਼ਦੀ ਦੀ ਘਾਟ ਨੂੰ ਕੇਂਦਰੀ ਬੈਂਕ ਨੇ ਤੇਜ਼ੀ ਨਾਲ ਪੂਰਾ ਕੀਤਾ ਹੈ ਤੇ ਆਰਬੀਆਈ ਹਾਲਾਤ ਨੂੰ ਆਮ ਵਾਂਗ ਕਰਨ ’ਚ ਕਾਫ਼ੀ ਹੱਦ ਤਕ ਕਾਮਯਾਬ ਰਿਹਾ ਹੈ।ਇਥੇ ਸੀਐਨਬੀਸੀ-ਟੀਵੀ 18 ਨੂੰ ਦਿੱਤੀ ਇੰਟਰਵਿਊ ਵਿੱਚ ਆਰਬੀਆਈ ਮੁਖੀ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਕੇਂਦਰੀ ਬੈਂਕ ਵਿੱਚ ਆਪਣੇ ਕੰਮ ਦੌਰਾਨ ਤੁਹਾਨੂੰ ਆਪਣੀ ਚਮੜੀ ਮੋਟੀ ਕਰਨੀ ਪੈਂਦੀ ਹੈ ਤੇ ਮੈਨੂੰ ਲਗਦਾ ਹੈ ਕਿ ਅਸੀਂ ਅਜਿਹਾ ਕੀਤਾ ਹੈ।ਅਸੀਂ ਆਪਣਾ ਕੰਮ ਕੀਤਾ ਹੈ ਤੇ ਪਿਛਲੇ ਕੁਝ ਮਹੀਨਿਆਂ ’ਚ ਸਾਨੂੰ ਅਹਿਮ ਚੁਣੌਤੀਆਂ ਦਰਪੇਸ਼ ਰਹੀਆਂ।ਇਸ ਦੌਰਾਨ ਕੁਝ ਜਾਇਜ਼ ਆਲੋਚਨਾ ਵੀ ਹੋਈ, ਜਿਸ ਨੂੰ ਅਸੀਂ ਖਿੜੇ ਮੱਥੇ ਸਵੀਕਾਰ ਕਰਦੇ ਹਾਂ ਤੇ ਇਸ ਨਾਲ ਹੀ ਸਾਨੂੰ ਆਪਣੀ ਕਮੀਆਂ ਨੂੰ ਦੂਰ ਕਰਨ ’ਚ ਮਦਦ ਮਿਲੀ।
ਛੇਤੀ ਪੈਰਾਂ ਸਿਰ ਹੋਵੇਗੀ ਆਰਥਿਕਤਾ : ਊਰਜਿਤ



