Skip to content
Independent perspectives. Global stories.
BREAKING

ਯੂਪੀ ਨੂੰ ‘ਗੋਦ ਲਏ ਪੁੱਤਰ’ ਦੀ ਲੋੜ ਨਹੀਂ: ਪ੍ਰਿਅੰਕਾ

Share this story

PTI2_17_2017_000115A ਰਾਏਬਰੇਲੀ, 17 ਫਰਵਰੀ-ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਪਲੇਠੇ ਭਾਸ਼ਨ ਦੌਰਾਨ ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਜਦੋਂ ਸੂਬੇ ਦੇ ਆਪਣੇ ਦੋ ਪੁੱਤਰ (ਰਾਹੁਲ ਅਤੇ ਅਖਿਲੇਸ਼) ਸੱਤਾ ਸੰਭਾਲਣ ਲਈ ਹਾਜ਼ਰ ਹਨ ਤਾਂ ਕਿਸੇ ਬਾਹਰੀ ਆਗੂ ਦੀ ਕੋਈ ਲੋੜ ਨਹੀਂ ਹੈ। ਸ੍ਰੀ ਮੋਦੀ ਵੱਲੋਂ ਆਪਣੇ ਆਪ ਨੂੰ ਯੂਪੀ ਦਾ ‘ਗੋਦ ਲਿਆ ਪੁੱਤਰ’ ਦੱਸੇ ਜਾਣ ’ਤੇ ਪ੍ਰਿਅੰਕਾ ਗਾਂਧੀ ਨੇ ਇਹ ਟਿੱਪਣੀ ਕੀਤੀ ਹੈ। ਆਪਣੀ ਮਾਂ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਲੋਕ ਸਭਾ ਹਲਕੇ ’ਚ ਉਤਸ਼ਾਹ ’ਚ ਨਾਅਰੇਬਾਜ਼ੀ ਕਰ ਰਹੀ ਭੀੜ ਨੂੰ ਸੰਬੋਧਨ ਕਰਦਿਆਂ ਪ੍ਰਿਅੰਕਾ ਗਾਂਧੀ ਨੇ ਕਿਹਾ,‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਵੀ ਕਿਹਾ ਸੀ ਕਿ ਵਾਰਾਣਸੀ ਨੇ ਮੈਨੂੰ ਗੋਦ ਲਿਆ ਹੈ ਅਤੇ ਮੈਂ ਉਸ ਦੇ ਪੁੱਤਰ ਸਮਾਨ ਹਾਂ ਅਤੇ ਹਲਕੇ ਦਾ ਵਿਕਾਸ ਕਰਾਂਗਾ। ਮੈਨੂੰ ਮਹਿਸੂਸ ਹੁੰਦਾ ਹੈ ਕਿ ਕੀ ਯੂਪੀ ਨੂੰ ਬਾਹਰੋਂ ਕਿਸੇ ਨੂੰ ਗੋਦ ਲੈਣ ਦੀ ਲੋੜ ਹੈ? ਮੋਦੀ ਜੀ, ਸੂਬੇ ਨੂੰ ਬਾਹਰੋਂ ਕਿਸੇ ਨੂੰ ਗੋਦ ਲੈਣ ਦੀ ਲੋੜ ਹੈ। ਕੀ ਇਥੇ ਕੋਈ ਨੌਜਵਾਨ ਨਹੀਂ ਹੈ। ਤੁਹਾਡੇ ਸਾਹਮਣੇ ਦੋ ਅਜਿਹੇ ਨੌਜਵਾਨ ਰਾਹੁਲ ਅਤੇ ਅਖਿਲੇਸ਼ ਹਨ ਜਿਨ੍ਹਾਂ ਦੇ ਦਿਲਾਂ ਅਤੇ ਦਿਮਾਗ ’ਚ ਯੂਪੀ ਵਸਦਾ ਹੈ।’’ ਆਪਣੇ ਸੰਖੇਪ ਪਰ ਪ੍ਰਭਾਵਸ਼ਾਲੀ ਭਾਸ਼ਨ ਦੌਰਾਨ ਉਸ ਨੇ  ਕਿਹਾ ਕਿ ਬਾਹਰੋਂ ਕਿਸੇ ਆਗੂ ਦੀ ਲੋੜ ਨਹੀਂ ਹੈ। ‘ਸੂਬੇ ਦਾ ਹਰੇਕ ਨੌਜਵਾਨ ਲੀਡਰ ਬਣ ਸਕਦਾ ਹੈ। ਇਥੋਂ ਦਾ ਇਕੱਲਾ-ਇਕੱਲਾ ਨੌਜਵਾਨ ਯੂਪੀ ਲਈ ਕੰਮ ਕਰੇਗਾ ਅਤੇ ਸੂਬੇ ਦੀ ਤਰੱਕੀ ’ਚ ਆਪਣਾ ਯੋਗਦਾਨ ਪਾਏਗਾ। ਇਹੋ ਰਾਹੁਲ ਅਤੇ ਅਖਿਲੇਸ਼ ਵੀ ਚਾਹੁੰਦੇ ਹਨ।’ ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ-ਸਮਾਜਵਾਦੀ ਪਾਰਟੀ ਗਠਜੋੜ ਦੀ ਜਿੱਤ ਨੂੰ ਯਕੀਨੀ ਬਣਾਉਣ।
ਇਸ ਤੋਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਸ੍ਰੀ ਮੋਦੀ ’ਤੇ ਖੋਖਲੇ ਵਾਅਦੇ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ,‘‘ਸ੍ਰੀ ਮੋਦੀ ਜਿਥੇ ਜਾਂਦੇ ਹਨ, ਉਥੇ ਰਿਸ਼ਤੇ ਬਣਾ ਲੈਂਦੇ ਹਨ। ਉਹ ਵਾਰਾਣਸੀ ਗਏ ਅਤੇ ਗੰਗਾ ਨੂੰ ਆਪਣੀ ਮਾਂ ਦੱਸਿਆ ਅਤੇ 2014 ਦੀਆਂ ਲੋਕ ਸਭਾ ਚੋਣਾਂ ’ਚ ਵਾਰਾਣਸੀ ਨੂੰ ਬਦਲਣ ਦਾ ਵਾਅਦਾ ਕੀਤਾ ਪਰ ਅਜਿਹਾ ਕੁਝ ਨਹੀਂ ਹੋਇਆ। ਮੋਦੀ ਜੀ ਰਿਸ਼ਤੇ ਬੋਲਣ ਨਾਲ ਨਹੀਂ, ਨਿਭਾਉਣ ਨਾਲ ਬਣਦੇ ਹਨ।’’ ਸਵੱਛ ਭਾਰਤ ਮੁਹਿੰਮ ਬਾਰੇ ਕਾਂਗਰਸ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਗੰਦਾ ਹੈ। ਤੁਸੀਂ ਸਾਫ਼ ਕਰੋ, ਮੈਂ ਅਮਰੀਕਾ ’ਚ ਓਬਾਮਾ ਨੂੰ ਮਿਲਣ ਜਾਣਾ ਹੈ ਅਤੇ ਆ ਕੇ ਮੈਂ ਚੈੱਕ ਕਰਾਂਗਾ। ਉਨ੍ਹਾਂ ਫਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਦੇ ਸ਼ਾਹਰੁਖ ਖ਼ਾਨ ਦੀ ਮਿਸਾਲ ਦਿੰਦਿਆਂ ਕਿਹਾ ਕਿ ਪਹਿਲਾਂ ਮੋਦੀ ਨੇ ‘ਅੱਛੇ ਦਿਨ’ ਆਉਣ ਦਾ ਵਾਅਦਾ ਕੀਤਾ ਪਰ ਢਾਈ ਸਾਲਾਂ ਮਗਰੋਂ ‘ਸ਼ੋਅਲੇ’ ਦਾ ‘ਗੱਬਰ’ ਸਭ ਦੇ ਸਾਹਮਣੇ ਆ ਗਿਆ। ਉਨ੍ਹਾਂ ਨੋਟਬੰਦੀ ਦੇ ਫ਼ੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਸ੍ਰੀ ਮੋਦੀ ਨੂੰ ਅਚਾਨਕ ਵਿਚਾਰ ਆਇਆ ਅਤੇ ਉਨ੍ਹਾਂ ਲੋਕਾਂ ਦੀ ਕਮਾਈ ਨੂੰ ਕਾਗਜ਼ ਦੇ ਟੁੱਕੜੇ ’ਚ ਤਬਦੀਲ ਕਰ ਦਿੱਤਾ ਅਤੇ ਬੈਂਕਾਂ ਮੂਹਰੇ ਲਾਈਨਾਂ ’ਚ ਖੜ੍ਹਾ ਕਰ ਦਿੱਤਾ।

WRITTEN BY