ਮੌੜ ਮੰਡੀ, 23 ਅਕਤੂਬਰ (ਹਰਦੀਪ ਸਿੰਘ ਧਾਲੀਵਾਲ)- ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਝੰਡੇ ਹੇਠ ਕੱਚੇ ਮੁਲਾਜ਼ਮਾਂ ਦੀਆਂ 25 ਜਥੇਂਬੰਦੀਆਂ ਵੱਲੋਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਵਿਚ ਰੈਲੀ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ ਜਿਸ ਨੂੰ ਦਬਾਉਣ ਲਈ ਸਰਕਾਰ ਨੇ ਰੈਲੀ ’ਚ ਜਾ ਰਹੇ ਭਾਰੀ ਗਿਣਤੀ ਵਰਕਰਾਂ ਨੂੰ ਮੌੜ ਮੰਡੀ ਕੋਲ ਵੱਖ ਵੱਖ ਥਾਵਾਂ ਤੇ ਰੋਕ ਲਿਆ ਜਿਸ ਦੇ ਵਿਰੋਧ ਵਿਚ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ਼ ਭਰਵੀਂ ਨਾਹਰੇਬਾਜ਼ੀ ਕੀਤੀ। ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੇ ‘ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ’ ਦੇ ਝੰਡੇ ਹੇਠ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਕੰਟਰੈਕਟਰ ਵਰਕਰ ਯੂਨੀਅਨ, ਰਮਸਾ ਅਧਿਆਪਕ ਯੂਨੀਅਨ, ਮਿਡ ਡੇ ਮੀਲ ਵਰਕਰ ਯੂਨੀਅਨ, ਈ.ਜੀ.ਐਸ. ਅਧਿਆਪਕ ਯੂਨੀਅਨ, ਮਾਡਲ ਸਕੂਲ ਅਧਿਆਪਕ ਯੂਨੀਅਨ, ਏ.ਆਈ. ਵਰਕਰਜ਼ ਯੂਨੀਅਨ ਆਦਿ ਲੱਗਭਗ 25 ਜਥੇਬੰਦੀਆਂ ਦੇ ਵਰਕਰਾਂ ਨੇ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ, ਵਾਰ ਵਾਰ ਪੱਕੇ ਕਰਨ ਦੇ ਵਾਅਦੇ ਕਰਕੇ ਮੁਕਰਨ ਅਤੇ ਸਰਕਾਰ ਦੀ ਲਾਰੇ ਲੱਪੇ ਵਾਲੀ ਨੀਤੀ ਦੇ ਵਿਰੋਧ 23 ਅਕਤੂਬਰ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ¦ਬੀ ਵਿਖੇ ਪੰਜਾਬ ਪੱਧਰ ਦੇ ਮੁਲਾਜ਼ਮਾਂ ਦੀ ਰੈਲੀ ਕੀਤੀ ਜਾਣੀ ਸੀ, ਜਿਸ ਨੂੰ ਕੁਚਲਣ ਲਈ ਅੱਜ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਅੱਡੀ ਚੋਟੀ ਦਾ ਜੋਰ ਲਗਾਇਆ ਜਿਸਦੇ ਚੱਲਦੇ ਅੱਜ ਮੌੜ ਮੰਡੀ ਕੋਲ ਪੁਲਿਸ ਪ੍ਰਸ਼ਾਸ਼ਨ ਨੇ ਮੋਰਚੇ ਦੇ ਵਰਕਰਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਜਿਸ ਦੇ ਵਿਰੋਧ ਵਿਚ ਰੋਹ ਵਿਚ ਆਏ ਵਰਕਰਾਂ ਨੇ ਬਠਿੰਡਾ ਮਾਨਸਾ ਰੋਡ ਤੇ ਮੌੜ ਮੰਡੀ, ਮਾਈਸਰਖਾਨਾ ਅਤੇ ਰਾਮਨਗਰ ਕੈਂਚੀਆਂ ਤੇ ਹੀ ਧਰਨੇ ਲਗਾ ਦਿੱਤੇ ਅਤੇ ਪੰਜਾਬ ਸਰਕਾਰ ਦਾ ਖੂਬ ਪਿੱਟ ਸਿਆਪਾ ਕੀਤਾ। ਇਸ ਮੌਕੇ ਮੋਰਚੇ ਦੇ ਆਗੂਆਂ ਤੁਲਸੀ ਦਾਸ, ਕਾਮਰੇਡ ਜਸਵਿੰਦਰ ਸਿੰਘ, ਜਸਵੀਰ ਸਿੰਘ ਘੁਰਕਣੀ, ਤਰਸੇਮ ਸਿੰਘ ਫਤਿਹਪੁਰ, ਸੁਖਜੀਤ ਸਿੰਘ, ਜਸਵਿੰਦਰ ਸਿੰਘ ਜਵਾਹਰਕੇ, ਸੁਖਜੀਤ ਸਿੰਘ ਮਾਖਾ, ਸੁਰਿੰਦਰ ਸਿੰਘ ਵਰਣ, ਜਸਵਿੰਦਰ ਸਿੰਘ ਪ੍ਰਧਾਨ ਐਸ.ਐਸ.ਏ,. ਜਸਵੀਰ ਸਿੰਘ, ਸੰਦੀਪ ਕੁਮਾਰ, ਗੁਰਚਰਨ ਸਿੰਘ ਪਟਿਆਲਾ ਆਦਿ ਨੇ ਕਿਹਾ ਕਿ ਸਰਕਾਰ ¦ਮੇਂ ਸਮੇਂ ਤੋਂ ਜਥੇਬੰਦੀਆਂ ਨੂੰ ਲਾਰੇ ਲਗਾ ਲਗਾ ਕੇ ਸਮਾਂ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕੱਚੇ ਮੁਲਾਜ਼ਮਾਂ ਨਾਲ ਮਤ੍ਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਜਿਸ ਕਾਰਨ ਜਥੇਬੰਦੀ ਵਿਚ ਸਰਕਾਰ ਖਿਲਾਫ਼ ਭਾਰੀ ਰੋਸ ਅਤੇ ਨਿਰਾਸ਼ਾ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸ਼ਨ ਸੋਚਦਾ ਹੈ ਕਿ ਉਹ ਜਥੇਬੰਦੀ ਦੇ ਸੰਘਰਸ਼ ਨੂੰ ਡੰਡੇ ਦੇ ਜੋਰ ਤੇ ਦਬਾ ਲਵੇਗਾ ਤਾਂ ਇਹ ਉਸ ਦੀ ਭੁੱਲ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕੀਤਾ ਤਾਂ ਮੋਰਚੇ ਦਾ ਸੰਘਰਸ਼ ਦਿਨੋ ਦਿਨ ਤਿੱਖਾ ਹੁੰਦਾ ਜਾਵੇਗਾ ਅਤੇ ਪੰਜਾਬ ਸਰਕਾਰ ਦੀਆਂ ਜੜਾਂ ਹਿਲਾ ਦੇਵੇਗਾ। ਇਸ ਮੌਕੇ ਭਾਰੀ ਗਿਣਤੀ ਵਿਚ ਮੋਰਚੇ ਦੇ ਵਰਕਰ ਮੌਜੂਦ ਸਨ। ਇਸ ਮੌਕੇ ਰਸਤੇ ਵਿਚ ਰੋਕੇ ਗਏ ਧਰਨਾਕਾਰੀਆਂ ਨੂੰ ਕਿਸਾਨ ਯੂਨੀਅਨ ਉਗਰਾਹਾਂ ਦੇ ਹਰਜਿੰਦਰ ਸਿੰਘ ਬੱਗੀ, ਜਸਵੀਰ ਸਿੰਘ ਸੇਮਾ ਨੇ ਚਾਹ ਅਤੇ ਆਪ ਪਾਰਟੀ ਦੇ ਸੁਖਵੀਰ ਸਿੰਘ ਮਾਈਸਰਖਾਨਾ ਨੇ ਪਾਣੀ ਦੇ ਕੈਂਪਰ ਭੇਜੇ।



