ਫਰੀਦਕੋਟ, 23 ਅਕਤੂਬਰ (ਰੋਮਾਣਾ)- ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਪੰਜਾਬੀ ਸੂਬੇ ਦੇ 50 ਸਾਲ ਪੂਰੇ ਹੋਣ ਨੂੰ ਸਮਰਪਿਤ ਭਾਰਤ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਖੇਲੋ ਇੰਡੀਆ ਨੈਸ਼ਨਲ ਪ੍ਰੋਗਰਾਮ ਫਾਰ ਡਿਵੈਲਪਮੈਂਟ ਆਫ਼ ਸਪੋਰਟਸ ਸਕੀਮ ਅਧੀਨ ਸਾਲ 2016-17 ਦੇ ਸੈਸ਼ਨ ਲਈ ਅੰਡਰ-14ਲੜਕੇ/ਲੜਕੀਆਂ (ਐਥਲੈਟਿਕਸ, ਕੁਸ਼ਤੀ, ਬਾਕਸਿੰਗ ਵਾਲੀਬਾਲ ਅਤੇ ਕਬੱਡੀ) ਅਤੇ ਅੰਡਰ 17ਲੜਕੇ/ਲੜਕੀਆਂ (ਐਥਲੈਟਿਕਸ, ਤੈਰਾਕੀ, ਕੁਸ਼ਤੀਆਂ, ਬਾਸਕਟਬਾਲ ਅਤੇ ਹੈਂਡਬਾਲ ) ਦੋ ਰੋਜ਼ਾ ਜ਼ਿਲਾ ਪੱਧਰੀ ਮੁਕਾਬਲੇ ਸਥਾਨਕ ਨਹਿਰੂ ਸਟੇਡੀਅਮ ਵਿਚ ਅੱਜ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਏ। ਇਸ ਸਮਾਗਮ ਵਿੱਚ ਵਿਧਾਇਕ ਕੋਟਕਪੂਰਾ ਸ. ਮਨਤਾਰ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਅਤੇ ਡਿਪਟੀ ਕਮਿਸ਼ਨਰ ਸ. ਮਾਲਵਿੰਦਰ ਸਿੰਘ ਜੱਗੀ ਅਤੇ ਵਿਧਾਇਕ ਫਰੀਦਕੋਟ ਸ੍ਰੀ ਦੀਪ ਮਲਹੋਤਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਵਿਧਾਇਕ ਸ. ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬੀ ਸੂਬਾ 1 ਨਵੰਬਰ 1966 ਨੂੰ ਹੋਂਦ ਵਿਚ ਆਇਆ ਜਿਸ ਦੀ ਗੋਲਡਨ ਜੁਬਲੀ ਪ੍ਰੋਗਰਾਮਾਂ ਦੀ ਲੜੀ ਤਹਿਤ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਜੂਨੀਅਰ ਨੈਸ਼ਨਲ ਸਟੇਟ ਗੋਲਡ ਪਾਰਟੀਸਪੇਸ਼ਨ ਅੰਡਰ-17 ਕਬੱਡੀ ਦੀ ਉੱਘੀ ਖਿਡਾਰਨ ਨੇ ਖਿਡਾਰੀਆਂ ਨੂੰ ਖੇਡਾਂ ਸਬੰਧੀ ਸਹੁੰ ਚੁਕਾਈ।ਇਸ ਮੌਕੇ ਜ਼ਿਲਾ ਖੇਡ ਅਫ਼ਸਰ ਸ. ਕਰਮ ਸਿੰਘ ਨੇ ਦੱਸਿਆ ਕਿ ਦੋ ਰੋਜਾ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਵਿਚ ਜਿਲਾ ਫਰੀਦਕੋਟ ਦੇ ਲਗਭੱਗ 1200 ਖਿਡਾਰੇ ਭਾਗ ਲੈ ਰਹੇ ਹਨ। ਇਸ ਮੌਕੇ 200 ਮੀਟਰ ਲੜਕੀਆਂ ਦੀ ਦੌੜ ਵਿਚੋਂ ਪਹਿਲਾ ਸਥਾਨ ਮੰਨਤ ਕੌਰ ਦੂਜਾ ਸਥਾਨ ਨਵਰੂਪ ਕੌਰ ਗਿੱਲ ਨੇ ਹਾਸਿਲ ਕੀਤਾ। ਉਨਾ ਦੱਸਿਆ ਕਿ ਇਸੇ ਤਰਾਂ ਲੜਕਿਆਂ ਦੀ 200 ਮੀਟਰ ਦੌੜ ਵਿਚੋਂ ਗੋਵਿੰਦ ਨੇ ਪਹਿਲਾ ਸਥਾਨ, ਵਿਸ਼ੂ ਕੁਮਾਰ ਨੇ ਦੂਜਾ ਸਥਾਨ ਹਾਸਿਲ ਕੀਤਾ। ਉਨਾਂ ਦੱਸਿਆ ਕਿ 50 ਮੀਟਰ ਬਰੈਸਟ ਸਟ੍ਰੋਕ ਲੜਕੀਆਂ ਅੰਡਰ-17 ਵਿੱਚ ਖੁਸ਼ਸੀਰਤ ਕੌਰ ਸੰਧੂ ਪਹਿਲਾ ਅਤੇ ਇਬਾਦਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਲੜਕਿਆਂ ਦੀ 200 ਮੀਟਰ ਰੇਸ ਫਰੀ ਸਟਾਈਲ ਵਿੱਚ ਜਸਰਾਜ ਸਿੰਘ ਪਹਿਲੇ ਅਤੇ ਨਵਰਤਨ ਸਿੰਘ ਦੂਜੇ ਸਥਾਨ ਤੇ ਰਹੇ। ਜੇਤੂਆਂ ਨੂੰ ਮੁੱਖ ਮਹਿਮਾਨ ਨੇ ਮੈਡਲ ਵੀ ਤਕਸੀਮ ਕੀਤੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪਰਵੀਨ ਕੁਮਾਰ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ. ਸਰਬਜੀਤ ਸਿੰਘ ਬਰਾੜ, ਬਲਜਿੰਦਰ ਸਿੰਘ ਹਾਕੀ ਕੋਚ, ਕੌਮੀ ਕਬੱਡੀ ਖਿਡਾਰੀ ਹਰਗੋਬਿੰਦ ਸਿੰਘ ਸੰਧੂ, ਜਸਬੀਰ ਸਿੰਘ ਤੇ ਹੋਰ ਹਾਜ਼ਰ ਸਨ।
ਖੇਡਾਂ ਸਾਨੂੰ ਅਨੁਸ਼ਾਸ਼ਿਤ ਢੰਗ ਨਾਲ ਜਿਉਣ ਲਈ ਕਰਦੀਆਂ ਹਨ ਪ੍ਰੇਰਿਤ : ਮਨਤਾਰ ਬਰਾੜ



