Skip to content
Independent perspectives. Global stories.
BREAKING

ਪੰਜਾਬ ਰਾਜ ਜੰਗੀ ਸ਼ਹੀਦਾਂ ਦੀ ਯਾਦਗਾਰ ਕੌਮ ਨੂੰ ਸਮਰਪਿਤ

Share this story

image ਅੰਮ੍ਰਿਤਸਰ, 23 ਅਕਤੂਬਰ-        ਹਥਿਆਰਬੰਦ ਸੈਨਾਵਾਂ ਵਿੱਚ ਸ਼ਾਨਦਾਰ  ਸੇਵਾਵਾਂ ਨਿਭਾਉਣ ਵਾਲੇ ਪੰਜਾਬ ਦੇ ਬਹਾਦਰ ਫੌਜੀਆਂ ਦੇ ਸਤਿਕਾਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੇ ਸੇਵਾ ਨਿਭਾਅ ਰਹੇ ਫੌਜੀਆਂ ਤੇ  ਸਾਬਕਾ ਫੌਜੀਆਂ ਨੂੰ ਦਰਪੇਸ਼ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਹੱਲ ਪਹਿਲ ਦੇ ਅਧਾਰ ’ਤੇ ਕਰਨ ਲਈ ਚੰਡੀਗੜ੍ਹ ਹੈਡਕੁਆਟਰ ਵਿਖੇ 24 ਘੰਟੇ ਸਮਰਪਿਤ ਹੈਲਪ ਲਾਈਨ ਛੇਤੀ ਹੀ ਸ਼ੁਰੂ ਕਰਨ ਦਾ ਐਲਾਨ ਕੀਤਾ। ਅੱਜ ਇਥੇ 130  ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੀ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਤੇ ਸਮਾਰਕ ਨੂੰ ਸਮਰਪਿਤ ਕਰਨ ਉਪਰੰਤ ਇਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸੁਰੱਖਿਆ ਸੈਨਿਕਾਂ ਅਤੇ ਸਾਬਕਾ ਫੌਜੀਆਂ ਦੀਆਂ ਸਮੱਸਿਆਵਾਂ ਘਟਾਉਣ ਲਈ  ਧਿਆਨ ਦੇਣਾ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿਉਂ ਜੋ ਮੁਲਕ ਦੀ ਰਾਖੀ ਲਈ ਸ਼ਾਨਦਾਰ ਸੇਵਾਵਾਂ ਨਿਭਾਉਣ ਪ੍ਰਤੀ ਸਾਨੂੰ ਫੌਜ ਦਾ ਸ਼ੁਕਰਗੁਜਾਰ ਹੋਣਾ ਚਾਹੀਦਾ ਹੈ। ਫੌਜੀਆਂ ਨੂੰ ਹੋਰ ਜਿਆਦਾ ਮਾਣ ਸਤਿਕਾਰ ਦੇਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਸ੍ਰ ਬਾਦਲ ਨੇ ਸੂਬਾ ਭਰ ਦੇ ਡਿਪਟੀ ਕਮਿਸ਼ਨਰਾਂ ਤੇ ਜਿਲ੍ਹਾ ਪੁਲਿਸ ਮੁਖੀਆਂ ਨੂੰ ਆਖਿਆ ਕਿ ਸਾਡੇ ਮੁਲਕ ਦੇ ਰਖਵਾਲੇ ਫੌਜੀ ਜਦੋਂ ਵੀ  ਅਧਿਕਾਰੀਆਂ ਦੇ ਦਫਤਰਾਂ ਵਿੱਚ ਆਉਣ ਦਾ ਉਨ੍ਹਾਂ ਦੇ ਮਾਣ-ਸਤਿਕਾਰ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਸਪਸ਼ਟ ਤੌਰ ਤੇ ਆਖਿਆ ਕਿ ਜਿਲ੍ਹਾ ਪੁਲਿਸ ਦੇ ਸਿਵਲ ਪ੍ਰਸਾਸ਼ਨ ਨੂੰ ਇਸ ਪ੍ਰਤੀ ਆਪਣਾ ਫ਼ਰਜ ਸੰਜੀਦਗੀ ਨਾਲ ਨਿਭਾਉਣਾ ਚਾਹੀਦਾ ਹੈ ਕਿਉਂਕਿ ਸੁਰੱਖਿਆ ਸੈਨਿਕ ਤੇ ਸਾਬਕਾ ਫੌਜੀ ਸਮਾਜ ਦੇ ਸਭ ਤੋਂ ਸਤਿਕਾਰਤ ਵਰਗਾਂ ਵਿੱਚ ਇਕ ਹਨ। ਸਦੀਆਂ ਤੋਂ ਸਾਡੀਆਂ ਸੁਰੱਖਿਆ ਸੇਵਾਵਾਂ ਦੀ ਬਹਾਦਰੀ ਭਰੀ ਗਾਥਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸ਼ਕਤੀਸ਼ਾਲੀ ਫੌਜ ਨੂੰ ਹਮੇਸ਼ਾ ਮਜਬੂਤ ਤੇ ਫੈਸਲਾਕੁੰਨ ਲੀਡਰਸ਼ਿਪ ਦੀ ਲੋੜ ਹੁੰਦੀ ਹੈ ਅਤੇ ਵਿਸ਼ਵ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਉਤਸ਼ਾਹਤ ਕਰਨ ਲਈ ਸੂਬੇ ਦੇ ਮਹਾਨ ਸੈਨਿਕਾਂ ਤੇ ਯੋਧਿਆਂ ਵੱਲੋਂ ਕੀਤੀਆਂ ਕੁਰਬਾਨੀਆਂ ਦੇ ਮਹਾਨ ਵਿਰਸੇ ਦੇ ਪਸਾਰ ਦੀ ਲੋੜ ’ਤੇ ਜੋਰ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਹ ਉਚ ਦਰਜੇ ਦੀ ਯਾਦਗਾਰ ਨੌਜਵਾਨਾਂ ਨੂੰ ਮੁਲਕ ਦੀ ਸੇਵਾ ਲਈ ਪ੍ਰੇਰਿਤ ਕਰਨ ਵਾਸਤੇ ਚਾਨਣ ਮੁਨਾਰਾ ਸਿੱਧ ਹੋਵੇਗੀ ਜਿਸ ਨਾਲ ਪੰਜਾਬੀਆਂ ਦੇ ਵਿਲੱਖਣ ਜਜ਼ਬੇ ਤੇ ਦੇਸ਼ ਭਗਤੀ ਦੀਆਂ ਮਹਾਨ ਕਦਰਾਂ ਕੀਮਤਾਂ ਦਾ ਪ੍ਰਗਟਾਵਾ ਹੋਵੇਗਾ। ਸ੍ਰ ਬਾਦਲ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਇਹ ਯਾਦਗਾਰ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਲੈ ਕੇ ਕਾਰਗਿਲ ਜੰਗ ਤੱਕ ਦੇ 600 ਸਾਲ ਦੇ ਵੱਧ ਦੇ ਸਮਾਂਕਾਲ ਦੌਰਾਨ ਦੇਸ਼ ਦੀ ਰਾਖੀ ਲਈ ਲਾਮਿਸਾਲ ਯੋਗਦਾਨ ਪਾਉਣ ਵਾਲੇ ਪੰਜਾਬੀ ਸੈਨਿਕਾਂ ਤੇ ਅਫਸਰਾਂ ਨੂੰ ਸ਼ਰਧਾਂਜਲੀ ਵਜੋਂ ਸਥਾਪਤ ਕੀਤੀ ਗਈ ਹੈ। ਸ੍ਰ ਬਾਦਲ ਨੇ ਕਿਹਾ ਕਿ ਯਾਦਗਾਰ ਵਿੱਚ ਸਥਾਪਤ 45 ਮੀਟਰ ¦ਬੀ ਵਿਸ਼ਵ ਦੀ ਸਭ ਤੋਂ ¦ਬੀ ਤਲਵਾਰ ਵਜੋਂ ਆਕਰਸ਼ਣ ਦਾ ਮੁੱਖ ਕੇਂਦਰ ਹੋਵੇਗੀ। ਇਸ ਮੌਕੇ ਉਪ ਮੁੱਖ ਮੰਤਰੀ ਪੰਜਾਬ ਸ੍ਰ ਸੁਖਬੀਰ ਸਿੰਘ ਬਾਦਲ ਨੇ 130 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਜੰਗੀ ਨਾਇਕ ਯਾਦਗਾਰ ਤੇ ਸਮਾਰਕ ਨੂੰ ਸਮਰਪਿਤ ਕਰਨ ਨੂੰ ਇਤਿਹਾਸਕ ਪਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਆਪਣੇ ਸਭਿਆਚਾਰ ਤੇ ਵਿਰਸੇ ਨੂੰ ਚੇਤੇ ਰੱਖਣ ਵਾਲੀਆਂ ਕੌਮਾਂ ਹੀ ਇਤਿਹਾਸ ਦੇ ਪੰਨਿਆਂ ਵਿੱਚ ਜਿਊਂਦੀਆਂ ਰਹਿ ਸਕਦੀਆਂ ਹਨ। ਸਰਜੀਕਲ ਹਮਲੇ ਲਈ ਭਾਰਤੀ ਫੌਜ ਨੂੰ ਵਧਾਈ ਦਿੰਦਿਆਂ ਉਪ ਮੁੱਖ ਮੰਤਰੀ ਨੇ ਆਖਿਆਕਿ ਸਾਡੇ ਮੁਲਕ ਦੀ ਫੌਜ ਪਾਕਿਸਤਾਨ ਦੀ ਕਿਸੇ ਵੀ ਕਾਰਵਾਈ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ-ਬਰ-ਤਿਆਰ ਹੈ। ਦੇਸ਼ ਪ੍ਰਤੀ ਫੌਜੀਆਂ ਤੇ ਸਾਬਕਾ ਫੌਜੀਆਂ ਦੇ ਯੋਗਦਾਨ ਨੂੰ ਸਲਾਮ ਕਰਦਿਆਂ ਉਪ ਮੁੱਖ ਮੰਤਰੀ ਨੇ ਆਖਿਆ ਕਿ ਦੇਸ਼ ਦੀ ਰਾਖੀ ਲਈ ਪੰਜਾਬੀ ਹਮੇਸ਼ਾਂ ਹੀ ਮੋਹਰੀ ਰਹੇ ਹਨ ਅਤੇ ਮੋਹਰੀ ਹੀ ਰਹਿਣਗੇ। ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਵਿਜੈ ਸਾਂਪਲਾ ਨੇ ਮੁੱਢ ਕਦੀਮ ਤੋਂ ਮੁਲਕ ਦੇ ਖੜਗਭੁਜਾ ਵਜੋਂ ਪੰਜਾਬ ਦੇ ਅਹਿਮ ਰੋਲ ਨੂੰ ਚੇਤੇ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ 15 ਸਖਸ਼ੀਅਤਾਂ ਜਿੰਨਾਂ ਵਿੱਚ ਜਨਰਲ ਜੇ:ਜੇ: ਸਿੰਘ, ਏਅਰ ਚੀਫ ਮਾਰਸ਼ਲ ਐਸ:ਕੇ:ਸਰੀਨ, ਜਨਰਲ ਦੀਪਕ ਕਪੂਰ, ਆਨਰੇਰੀ ਕੈਪਟਨ ਬਾਨਾ ਸਿੰਘ, ਦੂਜੇ ਵਿਸ਼ਵ ਯੁੱਧ ਦੇ ਮੇਜਰ ਥਾਮਸ ਕਾਨਵੇ, ਤਾਲਮੇਲ ਅਫਸਰ ਸਿੱਖ ਲਾਈਟ ਇਨਫੈਂਟਰੀ ਐਸੋਸੀਏਸ਼ਨ ਯੂ:ਕੇ, ਸ੍ਰੀ ਹੱਗ ਮੈਕੇ, ਸ੍ਰੀ ਰੀਚਰਡ ਹਿਲ, ਸ੍ਰੀ ਦਵਿੰਦਰ ਸਿੰਘ ਢਿਲੋਂ , ਬ੍ਰਿਗੇਡੀਅਰ ਕੇ:ਐਸ:ਚਾਂਦਪੁਰੀ ਤੋਂ ਇਲਾਵਾ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ, ਕੈਪਟਨ ਕਰਮ ਸਿੰਘ, ਸੂਬੇਦਾਰ ਜੋਗਿੰਦਰ ਸਿੰਘ, ਕੈਪਟਨ ਵਿਕਰਮ ਬਤਰਾ, ਲਾਂਸ ਨਾਇਕ ਸਿੰਗਾਰਾ ਸਿੰਘ ਅਤੇ ਸੂਬੇਦਾਰ ਮਲਕੀਤ ਸਿੰਘ ਨੂੰ ਸ਼ਾਲ ਤੇ ਤਲਵਾਰ ਦੇ ਚਿੰਨ ਨਾਲ ਸਨਮਾਨਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ, ਸ੍ਰ ਜਨਮੇਜ ਸਿੰਘ ਸੇਖੋਂ ਡਾ: ਦਲਜੀਤ ਸਿੰਘ ਚੀਮਾ, ਸ੍ਰ ਗੁਲਜਾਰ ਸਿੰਘ ਰਣੀਕੇ ਤੇ  ਸ੍ਰੀ ਅਨਿਲ ਜੋਸ਼ੀ, ਲੋਕ ਸਭਾ ਮੈਂਬਰ ਸ੍ਰ ਰਣਜੀਤ ਸਿੰਘ ਬ੍ਰਹਮਪੁਰਾ, ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ, ਵਿਧਾਇਕ ਬੀਬੀ ਜਗੀਰ ਕੌਰ, ਸ੍ਰ ਅਮਰਪਾਲ ਸਿੰਘ ਸ੍ਰ ਰਵਿੰਦਰ ਸਿੰਘ ਬ੍ਰਹਮਪੁਰਾ, ਸ੍ਰ ਬਲਜੀਤ ਸਿੰਘ ਜਲਾਲਉਸਮਾਂ, ਸ੍ਰੀ ਦੇਸ ਰਾਜ ਧੁੱਗਾ ਤੇ ਸ੍ਰ ਮਨਜੀਤ ਸਿੰਘ ਮੀਆਂਵਿੰਡ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸ੍ਰੀ ਬਖਸ਼ੀ ਰਾਮ ਅਰੋੜਾ, ਸ੍ਰ ਰਾਜਮਹਿੰਦਰ ਸਿੰਘ ਮਜੀਠਾ, ਸ੍ਰ ਹਰਜਾਪ ਸਿੰਘ, ਸ੍ਰੀ ਤਰੁਣ ਚੁੱਘ, ਸ੍ਰ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਯੂਥ ਪ੍ਰਧਾਨ ਰਮਨਦੀਪ ਸਿੰਘ ਸੰਧੂ, ਸ੍ਰੀ ਵਰੁਣ ਰੂਜਮ  ਡਿਪਟੀ ਕਮਿਸ਼ਨਰ, ਸ੍ਰੀ ਲੋਕਨਾਥ ਆਂਗਰਾ ਪੁਲਿਸ ਕਮਿਸ਼ਨਰ ਹਾਜ਼ਰ ਸਨ।

WRITTEN BY