ਬਠਿੰਡਾ, 16 ਅਕਤੂਬਰ (ਸੁਖਵਿੰਦਰ ਸਰਾਂ)- ਦੋ ਦਿਨ ਪਹਿਲਾਂ ਸ਼ੁਰੂ ਹੋਏ ਖੇਤਰੀ ਸਰਸ ਮੇਲੇ ਨੂੰ ਤੀਸਰੇ ਦਿਨ ਬਠਿੰਡਾ ਅਤੇ ਨੇੜਲੇ ਜ਼ਿਲ੍ਹਿਆਂ ਦੇ ਵਸਨੀਕਾਂ ਵਲੋਂ ਜਬਰਦਸਤ ਹੁੰਗਾਰਾ ਦਿੱਤਾ ਗਿਆ ਅਤੇ ਦੇਰ ਸ਼ਾਮ ਤੱਕ ਮੇਲੇ ਵਿਚ ਲੱਗੇ ਵੱਖ ਵੱਖ ਸਟਾਲਾਂ ਉੱਤੇ ਖਰੀਦ ਲਈ ਅਤੇ ਸਟੇਜ ਸਾਹਮਣੇ ਕਲਾ ਪ੍ਰਮਿਆਂ ਦੀ ਭਾਰੀ ਭੀੜ ਜੁਟੀ ਰਹੀ। ਸਥਾਨਕ ਮਾਡਲ ਟਾਉਨ ਫੇਸ-3 ਦੇ ਦਾਦੀ-ਪੋਤੀ ਪਾਰਕ ਵਿਚ ਚਲ ਰਹੇ ਖੇਤਰੀ ਸਰਸ ਮੇਲੇ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਆਏ ਲੋਕਾਂ ਨੇ ਕਸ਼ਮੀਰੀ, ਛੱਤੀਸਗੜ, ਰਾਜਸਥਾਨ, ਅਸਮ, ਉਡੀਸਾ ਆਦਿ ਰਾਜਾਂ ਦੇ ਦਸਤਕਾਰਾਂ ਵਲੋਂ ਤਿਆਰ ਕੀਤੀਆਂ ਵਸਤਾਂ ਦੀ ਖਰੀਦ ਹੀ ਨਹੀਂ ਕੀਤੀ ਸਗੋਂ ਸੂਬਿਆਂ ਦੇ ਖਾਣਿਆਂ ਵਾਲੇ ਸਟਾਲਾਂ ’ਤੇ ਵੀ ਵਿਸ਼ੇਸ਼ ਰੂਚੀ ਦਿਖਾਈ। ਲੋਕਾਂ ਨੇ ਖਰੀਦ ਦੇ ਨਾਲ ਨਾਲ ਇਨ੍ਹਾਂ ਰਾਜਾਂ ਦੇ ਮਸ਼ਹੂਰ ਲਜ਼ੀਜ ਤੇ ਸਵਾਦਿਸ਼ਟ ਖਾਣਿਆਂ ਦਾ ਵੀ ਭਰਪੂਰ ਆਨੰਦ ਮਾਣਿਆ। ਅੱਜ ਮੇਲੇ ਵਿਚ ਔਰਤਾਂ ਅਤੇ ਬੱਚਿਆਂ ਦਾ ਉਤਸ਼ਾਹ ਦਿਖਿਆਂ ਹੀ ਬਣਦਾ ਸੀ। ਮੇਲੇ ਵਿਚ ਮੁੱਖ ਮਹਿਮਾਨ ਵਜੋਂ ਚੇਅਰਮੈਨ ਇੰਮਪਰੂਵਮੈਂਟ ਟਰਸਟ ਸ੍ਰੀ ਦਿਆਲ ਦਾਸ ਸੋਢੀ ਨੇ ਸ਼ਿਰਕਤ ਕੀਤੀ। ਰਾਜਸਥਾਨ ਦੇ ਕਲਾਕਾਰਾਂ ਵਲੋਂ ਪੇਸ਼ ਕੀਤਾ ਲੋਕ ਨਾਚ ਕਾਲ ਬੇਲਿਆ, ਅਸਮ ਦੇ ਕਲਾਕਾਰਾਂ ਵਲੋਂ ਪੇਸ਼ ਕੀਤੇ ਸਪੇਰਾਂ ਡਾਂਸ ਅਤੇ ਉਡੀਸਾ ਦੇ ਲੋਕ ਨਾਚ ਨੇ ਹਜ਼ਾਰਾਂ ਦੀ ਗਿਣਤੀ ਪਹੁੰਚੇ ਕਲਾ ਪ੍ਰੇਮਿਆਂ ਨੂੰ ਕੀਲ ਕੇ ਬਿਠਾਈ ਰਖਿਆ। ਮੇਲੇ ਦੀ ਸ਼ੁਰੂਆਤ ਪ੍ਰਾਈਮਰੀ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਸੱਭਿਆਚਾਰਕ ਵੰਣਗੀਆਂ ਦੀ ਪੇਸ਼ਕਾਰੀ ਨਾਲ ਹੋਈ ਜਿਸ ਉਪਰੰਤ ਕੋਰਿਓਗ੍ਰਾਫੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਚਾਉਕੇ, ਸਰਕਾਰੀ ਗਰਲਜ਼ ਸਕੂਲ ਬਠਿੰਡਾ, ਸਰਕਾਰੀ ਸੀਨੀਅਰ ਸਕੂਲ ਸੀਵੀਆਂ, ਕ੍ਰਮਵਾਰ ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ ਨੇ ਦਸਿਆ ਕਿ ਅੱਜ ਸ਼ਾਮ 5 ਵਜੇ ਤੱਕ 12 ਹਜਾਰ ਤੋਂ ਵੱਧ ਟਿਕਟਾਂ ਵਿਕ ਚੁੱਕਿਆ ਸਨ ਅਤੇ ਦੇਰ ਸ਼ਾਮ ਤੱਕ ਲੋਕਾਂ ਦੀ ਭਾਰੀ ਭੀੜ ਬਰਕਰਾਰ ਰਹੀ। ਡਾ. ਅਗਰਵਾਲ ਨੇ ਦਸਿਆ ਕਿ ਮੇਲੇ ਦੌਰਾਨ ਵਿਸ਼ੇਸ਼ ਸੱਭਿਆਚਾਰਕ ਸਰਗਰਮੀਆਂ ਬੀਟ ਬਾਕਸਰ, ਸੋਕਰ ਆਰਟ, ਪੰਜਾਬ ਪੁਲਿਸ ਦੇ ਸੱਭਿਚਾਰਕ ਗਰੁੱਪ ਪਟਿਆਲਾ ਦੀ ਪੇਸ਼ਕਾਰੀ, ਲੇਜ਼ਰ ਦਾ ਸ਼ੋ, ਗਿੱਧਾ ਅਤੇ ਸਕੂਲੀ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਜਾ ਰਹੇ ਸੱਭਿਚਾਰਕ ਪ੍ਰੋਗਰਾਮ ਵਿਸੇਸ਼ ਤੋਰ ’ਤੇ ਕਲਾ ਪ੍ਰੇਮਿਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਉਨ੍ਹਾਂ ਦਸਿਆ ਕਿ ਭਲਕੇ ਗਾਇਕ ਉਪਕਾਰ ਸੰਧੂ ਲੋਕ ਗੀਤ ਪੇਸ਼ ਕਰਨਗੇ।
ਬਠਿੰਡਾ ਸਰਸ ਮੇਲੇ ਨੂੰ ਤੀਜੇ ਦਿਨ ਜਬਰਦਸਤ ਹੁੰਗਾਰਾ



