ਮਜੀਠਾ, 16 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪੰਜਾਬ ਆਮਦ ‘ਤੇ ਕਾਂਗਰਸ ਵੱਲੋਂ ਰੋਸ ਵਿਖਾਵਾ ਕਰਨ ਦੇ ਐਲਾਨ ਨੂੰ ਹਾਸੋ ਹੀਣਾ ਦੱਸਦਿਆਂ ਇਸ ਨੂੰ ਪੰਜਾਬ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਦੀ ਦਿਨੋਂ ਦਿਨ ਡਿਗ ਰਹੀ ਸਾਖ ਕਾਰਨ ਉਸ ਵੱਲੋਂ ਬੁਖਲਾਹਟ ਵਿੱਚ ਲਿਆ ਗਿਆ ਫੈਸਲਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸ ਜਾਂ ਕੈਪਟਨ ਲੋਕ ਵਿਖਾਵੇ ਲਈ ਜੋ ਮਰਜ਼ੀ ਕਰੇ ਪਰ ਉਹਨਾਂ ਦੀਆਂ ਪੰਜਾਬ ਪੰਜਾਬੀਆਂ ਅਤੇ ਸਿੱਖਾਂ ਪ੍ਰਤੀ ਮਾੜੀ ਸੋਚ ਅਤੇ ਮਾੜੇ ਕਾਰਿਆਂ ਤੋਂ ਲੋਕ ਭਲੀ ਭਾਂਤ ਜਾਣੂ ਹਨ ਅਤੇ ਇਹ ਨਿਸ਼ਚਿਤ ਹੈ ਕਿ ਪੰਜਾਬ ਦੇ ਸੂਝਵਾਨ ਲੋਕ ਕਾਂਗਰਸ ਨੂੰ 2017 ਦੀਆਂ ਚੋਣਾਂ ਵਿੱਚ ਵੋਟ ਦੇ ਅਧਿਕਾਰ ਨਾਲ ਮੁਕੰਮਲ ਤੌਰ ‘ਤੇ ਫੂਕ ਕੇ ਰਖ ਦੇਣਾ ਹੈ। ਸ: ਮਜੀਠੀਆ ਜੋ ਅੱਜ ਪਿੰਡ ਵੀਰਮ ਅਤੇ ਵਡਾਲਾ ਨੂੰ ਵਿਕਾਸ ਕਾਰਜਾਂ ਲਈ 65 ਲਖ ਰੁਪੈ ਦੀ ਗਰਾਂਟ ਦੇਣ ਅਤੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਆਏ ਸਨ, ਨੇ ਕੈਪਟਨ ਵੱਲੋਂ ਕੀਤੇ ਗਏ ਉਕਤ ਐਲਾਨ ਨੂੰ ਸਿਆਸੀ ਡਰਾਮੇਬਾਜ਼ੀ ਦਾ ਨਾਮ ਦਿੱਤਾ ਅਤੇ ਕਿਹਾ ਕਿ ਆਗਾਮੀ ਚੋਣਾਂ ਵਿੱਚ ਕਾਂਗਰਸ ਦੀ ਨਮੋਸ਼ੀਜਨਕ ਹਾਰ ਨੂੰ ਦੇਖਦਿਆਂ ਕੈਪਟਨ ਦਿਮਾਗੀ ਸੰਤੁਲਨ ਗੁਆ ਬੈਠਾ ਹੈ। ਉਹਨਾਂ ਕਿਹਾ ਕਿ ਸ੍ਰੀ ਮੋਦੀ ਵੱਲੋਂ ਪੰਜਾਬ ਦੇ ਵਿਕਾਸ ਲਈ ਕਈ ਅਹਿਮ ਪ੍ਰਾਜੈਕਟ ਦੇਣ ਲਈ ਪੰਜਾਬ ਮੋਦੀ ਦਾ ਸ਼ੁਕਰਗੁਜ਼ਾਰ ਹੈ।ਉਹਨਾਂ ਇਹ ਵੀ ਕਿਹਾ ਕਿ ਮੋਦੀ ਦੀ ਮਜ਼ਬੂਤ ਸਿਆਸੀ ਇੱਛਾ ਸ਼ਕਤੀ ਦੇ ਸਦਕਾ ਅਤਿਵਾਦ ਵਿਰੁੱਧ ਲਏ ਗਏ ਫੈਸਲੇ ਅਤੇ ਉਸ ਦੀਆਂ ਦੇਸ਼ ਹਿਤ ਦੀਆਂ ਕੌਮਾਂਤਰੀ ਨੀਤੀਆਂ ਕਾਰਨ ਅੱਜ ਭਾਰਤ ਦੀ ਵਿਸ਼ਵ ਪੱਧਰ ‘ਤੇ ਸਲਾਹਨਾ ਹੋ ਰਹੀ ਹੈ। ਉੱਥੇ ਹੀ ਕਾਂਗਰਸੀ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਅਜਿਹੀਆਂ ਹਲਕੀ ਤੇ ਨੀਵੇਂ ਪੱਧਰ ਦੀਆਂ ਸ਼ੋਸ਼ੇਬਾਜੀਆਂ ‘ਤੇ ਉਤਾਰੂ ਹਨ।
ਉਹਨਾਂ ਕਿਹਾ ਕਿ ਸੂਬਾ ਸਰਕਾਰ ਵਿਰੁੱਧ ਬੇ ਬੁਨਿਆਦ ਪ੍ਰਾਪੇਗੰਡੇ ਦਾ ਝੰਡਾਬਰਦਾਰ ਬਣ ਕੇ ਕੈਪਟਨ ਭਾਵੇਂ ਆਪਣੀ ਭੜਾਸ ਕੱਢ ਲਵੇ ਪਰ ਉਹ ਲੋਕਾਂ ਵੱਲੋਂ ਬੁਰੀ ਤਰਾਂ ਖਦੇੜ ਦਿੱਤੀ ਗਈ ਅਤੇ ਜਨਤਾ ਵਿੱਚ ਅਲੱਗ ਥਲਗ ਪੈ ਚੁੱਕੀ ਬੇਜਾਨ ਕਾਂਗਰਸ ਵਿੱਚ ਜਾਨ ਨਹੀਂ ਪਾ ਸਕੇਗਾ।ਉਹਨਾਂ ਕਿਹਾ ਕਿ ਕੈਪਟਨ ਦੇ ਅੱਜ ਤਕ ਦੇ ਐਲਾਨ ਮਹਿਜ਼ ਹਵਾਈ ਫਾਇਰ ਹਨ, ਜਿਸ ਦਾ ਪੰਜਾਬ ਦੇ ਲੋਕਾਂ ‘ਤੇ ਕੋਈ ਅਸਰ ਨਹੀਂ ਹੋਵੇਗਾ।ਉਹਨਾਂ ਕਿਹਾ ਕਿ ਲੋਕ ਸਿਆਣੇ ਤੇ ਸੂਝਵਾਨ ਹਨ ਜੋ ਜਾਣਦੇ ਹਨ ਕਿ ਕਿਸ ਨੇ ਪੰਜਾਬ ਵਿੱਚ ਵਿਕਾਸ ਅਤੇ ਖੁਸ਼ਹਾਲੀ ਦੀ ਲਹਿਰ ਲਿਆਂਦੀ। ਉਹਨਾਂ ਕਿਹਾ ਕਿ ਅਤੀਤ ਵਿੱਚ ਜਿੱਥੇ ਲੋਕ ਵਿਕਾਸ ਲਈ ਗਰਾਂਟ ਦੀ ਮੰਗ ਕਰਿਆ ਕਰਦੇ ਸਨ, ਨੂੰ ਪਿਛਲੇ ਨੌਂ ਸਾਲਾਂ ਤੋਂ ਗਰਾਂਟ ਸਮੇਂ ਸਿਰ ਲਗਾ ਦੇਣ ਲਈ ਉਹਨਾਂ ਨੂੰ ਕਹਿਣਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਹਲਕਾ ਮਜੀਠਾ ਦੇ ਤਮਾਮ ਪਿੰਡ ਦੀਆਂ ਗਲੀਆਂ ਤੇ ਬਾਜ਼ਾਰ ਕੰਕਰੀਟ ਦੇ ਬਣਾਏ ਗਏ ਹਨ ਅਤੇ 99 ਫੀਸਦੀ ਡੇਰੇ ਪੱਕੇ ਰਸਤਿਆਂ ਨਾਲ ਜੋੜੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਬਿਨਾਂ ਕੱਟ ਅਤੇ ਨਿਰਵਿਘਨ ਬਿਜਲੀ ਸਪਲਾਈ ਲਈ ਹਲਕੇ ਵਿੱਚ 9 ਬਿਜਲੀ ਘਰ ਉੱਸਾਰੇ ਗਏ ਹਨ।ਇਸ ਮੌਕੇ ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਜੋਧ ਸਿੰਘ ਸਮਰਾ, ਪ੍ਰੋ. ਸਰਚਾਂਦ ਸਿੰਘ ਮੀਡੀਆ ਸਲਾਹਕਾਰ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਬਲਰਾਜ ਸਿੰਘ, ਸਰਪੰਚ ਨਿਰਮਲ ਸਿੰਘ ਵੀਰਮ, ਸਰਪੰਚ ਕੁੰਨਣ ਸਿੰਘ ਵਡਾਲਾ, ਸਾਬਕਾ ਸਰਪੰਚ ਅਮਰਜੀਤ ਸਿੰਘ, ਰਣਜੀਤ ਸਿੰਘ, ਨਵਦੀਪ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਰਣਜੋਤ ਸਿੰਘ, ਹਰਿੰਦਰ ਸਿੰਘ, ਕਸ਼ਮੀਰ ਸਿੰਘ ਦੋਧੀ, ਸਾਬਕਾ ਸਰਪੰਚ ਮਹਿੰਦਰ ਸਿੰਘ ਆਦਿ ਮੌਜੂਦ ਸਨ।
ਸ੍ਰੀ ਮੋਦੀ ਵੱਲੋਂ ਦੇਸ਼ ਹਿਤ ਲਏ ਗਏ ਠੋਸ ਫੈਸਲਿਆਂ ਸਦਕਾ ਅੱਜ ਵਿਸ਼ਵ ਪੱਧਰ ’ਤੇ ਭਾਰਤ ਦੀ ਸਥਿਤੀ ਹੋਈ ਮਜ਼ਬੂਤ : ਸ. ਮਜੀਠੀਆ



