ਸੰਗਰੂਰ, 13 ਅਕਤੂਬਰ (ਹਰਜੀਤ ਸਿੰਘ ਹਸਨਪੁਰੀ)- ਜ਼ਿਲ੍ਹਾ ਪੁਲਿਸ ਮੁੱਖੀ ਸੰਗਰੂਰ ਸ. ਪ੍ਰਿਤਪਾਲ ਸਿੰਘ ਥਿੰਦ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਫ਼ਿਰ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਜਾ ਰਹੇ ਗੈਂਗ ਨੂੰ ਪੁਲਿਸ ਨੇ ਦੌਰਾਨੇ ਗਸ਼ਤ ਕਾਬੂ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਹ ਸਫ਼ਲਤਾ ਪੁਲਿਸ ਨੂੰ ਉਦੋਂ ਹਾਸਲ ਹੋਈ ਜਦੋਂ ਥਾਣੇਦਾਰ ਵਿਜੈ ਕੁਮਾਰ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੇ ਸੰਬੰਧੀ ਆਈ.ਟੀ.ਆਈ ਚੌਂਕ ਸੁਨਾਮ ਵਿਖੇ ਪੁਲਿਸ ਨੂੰ ਮੁਖਬਰੀ ਹੋਈ ਕਿ ਰਮਨਜੀਤ ਸਿੰਘ ਉਰਫ਼ ਰਮਨਾ ਪੁੱਤਰ ਕਰਮਜੀਤ ਸਿੰਘ, ਨਰਿੰਦਰ ਸਿੰਘ ਉਰਫ਼ ਕਾਲਾ ਪੁੱਤਰ ਗੁਰਸੇਵਕ ਸ਼ਿਘ, ਸੱਚੂ ਪਾਸਵਾਨ ਪੁੱਤਰ ਤ੍ਰਿਵੈਣੀ ਪਾਸਵਾਨ, ਕੁਲਵਿੰਦਰ ਸਿੰਘ ਪੁੱਤਰ ਬਿੱਕਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ, ਸਿਕੰਦਰ ਸਿੰਘ ਉਰਫ਼ ਖਿੰਦੀ ਪੁੱਤਰ ਫ਼ਕੀਰ ਚੰਦ ਜਿਨ੍ਹਾਂ ਪਾਸ ਨਜਾਇਜ਼ ਅਸਲਾ ਤੇ ਹੋਰ ਮਾਰੂ ਹਥਿਆਰ ਹਨ ਜ਼ੋ ਇਹ ਸਾਰੇ ਉਕਤਾਨ ਸਖਸ਼ ਮਾਸਟਰ ਦਾ ਢਾਬਾ ਪਟਿਆਲਾ ਬਾਈਪਾਸ ਸੁਨਾਮ ਤੋਂ ਪਟਿਆਲਾ ਰੋਡ ਵੱਲ ਕਰੀਬ 200 ਗਜ਼ ਅੱਗੇ ਸੱਜੇ ਹੱਥ ਬੇਅਬਾਦ ਚਾਰ ਦੀਵਾਰੀ ਅੰਦਰ ਬੈਠੇ ਕਿਸੇ ਪੈਟਰੋਲ ਪੰਪ, ਬੈਂਕ, ਸ਼ਰਾਬ ਦੇ ਠੇਕੇ ਅਤੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਹਨ, ਜੋ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ।ਇਨ੍ਹਾਂ ਦਾ ਗੈਂਗ ਲੀਡਰ ਰਮਨਜੀਤ ਸਿੰਘ ਉਰਫ਼ ਰਮਨਾ ਹੈ, ਜਿਸਦੇ ਆਧਾਰ ’ਤੇ ਥਾਣੇਦਾਰ ਵਿਜੈ ਕੁਮਾਰ ਨੇ ਦੋਸ਼ੀਆਂ ਦੇ ਖਿਲਾ ਐਫ਼.ਆਈ.ਆਰ ਨੰ: 131 ਮਿਤੀ 11-10-2016 ਅਧੀਨ ਧਾਰਾ 399, 402 ਆਈ.ਪੀ.ਸੀ 25/54/59 ਆਰਮਜ਼ ਐਕਟ ਪੁਲਿਸ ਸਟੇਸ਼ਨ ਸਿਟੀ ਸੁਨਾਮ ਦਰਜ ਕੀਤੀ ਅਤੇ ਮੌਕੇ ’ਤੇ ਪੁੱਜ ਕੇ ਪੁਲਿਸ ਪਾਰਟੀ ਨੇ ਦੋਸ਼ੀਆਂ ਨੂੰ ਕਾਬੂ ਕੀਤਾ।ਦੋਸ਼ੀ ਰਮਨਦੀਪ ਸਿੰਘ ਉਰਫ਼ ਰਮਨਾ ਪਾਸੋਂ ਇਕ ਪਿਸਤੌਲ ਦੇਸੀ 32 ਬੌਰ ਸਮੇਤ 2 ਜਿੰਦਾ ਕਾਰਤੂਸ, ਨਰਿੰਦਰ ਉਰਫ਼ ਕਾਲਾ ਪਾਸੋਂ ਇਕ ਰਿਵਾਲਵਰ .22 ਬੋਰ ਸਮੇਤ 5 ਰੋਂਦ .22 ਬੋਰ, ਸੱਤੂ ਪਾਸਵਾਨ ਪਾਸੋਂ ਇੱਕ ਰਾਡ ਲੋਹਾ, ਕੁਲਵਿੰਦਰ ਸਿੰਘ ਪਾਸੋਂ ਇੱਕ ਰਾਡ ਲੋਹਾ, ਗੁਰਪ੍ਰੀਤ ਪਾਸੋਂ ਇਕ ਰਾਡ ਲੋਹਾ ਬਰਾਮਦ ਕੀਤਾ ਗਿਆ।ਦੋਸ਼ੀ ਨਰਿੰਦਰ ਸਿੰਘ ਨੇ ਪੁੱਛਗਿੱਛ ਦੌਰਾਨ ਇਕਬਾਲ ਕੀਤਾ ਕਿ ਇਹ ਰਿਵਾਲਰ .22 ਬੋਰ ਸਮੇਤ 5 ਰੋਂਦ ਉਸਨੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਭੁਪਿੰਦਰ ਸਿੰਘ ਖਾਲਸਾ ਪੁੱਤਰ ਦਲੀਪ ਸਿੰਘ ਵਾਸੀ ਖਲੀਫ਼ਾ ਗਲੀ ਸੰਗਰੂਰ ਦੇ ਗੰਨ ਹਾਊਸ ਵਿੱਚੋਂ ਚੋਰੀ ਕੀਤਾ ਸੀ, ਜਿਸ ਸਬੰਧੀ ਐਫ਼.ਆਈ.ਆਰ ਨੰ: 353 ਮਿਤੀ 10.10.2016 ਅਧੀਨ ਧਾਰਾ 380 ਆਈ.ਪੀ.ਸੀ ਪੁਲਿਸ ਸਟੇਸ਼ਨ ਸਿਟੀ ਸੰਗਰੂਰ ਦਰਜ਼ ਕੀਤੀ ਗਈ ਹੈ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਇਹ ਵੀ ਮੰਨਿਆ ਕਿ ਦੋਸ਼ੀ ਸੱਤੂ ਪਾਸਵਾਨ ਚੋਰੀਆਂ ਅਤੇ ਲੁੱਟਾਂ- ਖੋਹਾਂ ਕਰਨ ਦਾ ਪਹਿਲਾਂ ਤੋਂ ਹੀ ਆਦੀ ਹੈ, ਜੋ ਪੁਲਿਸ ਸਟੇਸ਼ਨ ਸਿਟੀ ਸੁਨਾਮ ਵਿੱਚ ਤਿੰਨ ਮੁਕੱਦਮਿਆਂ ਵਿੱਚ ਅਦਾਲਤ ਵਲੋਂ ਭਗੋੜਾ ਕਰਾਰ ਦਿੱਤਾ ਗਿਆ ਹੈ।ਇਨ੍ਹਾਂ ਦੋਸ਼ੀਆਂ ਪਰ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ ਕਈ ਮੁਕੱਦਮੇ ਦਰਜ਼ ਹਨ।ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ’ਤੇ ਕਈ ਹੋਰ ਮੁਕੱਦਮੇ ਵੀ ਟਰੇਸ ਹੋਏ ਹਨ।ਇਨ੍ਹਾਂ ਦੋਸ਼ੀਆਂ ਦੀ ਉਮਰ 25 ਸਾਲ ਤੋਂ 30 ਸਾਲ ਦੇ ਦਰਮਿਆਨ ਹੈ।ਰਮਨਜੀਤ ਉਰਫ਼ ਰਮਨਾ ਪੁੱਤਰ ਕਰਮਜੀਤ ਵਾਸੀ ਪਿੰਡ ਜਲਾਨ ਤਹਿਸੀਲ ਵਾ ਜ਼ਿਲਾ ਸੰਗਰੂਰ, ਨਰਿੰਦਰ ਸਿੰਘ ਉਰਫ਼ ਕਾਲਾ ਪੁੱਤਰ ਗੁਰਸੇਵਕ ਸਿੰਘ ਵਾਸੀ ਪਿੰਡ ਭਿੰਡਰਾ ਤਹਿਸੀਲ ਵਾ ਜਿਲਾ ਸੰਗਰੂਰ, ਸੱਚੂ ਪਾਸਵਾਨ ਪੁੱਤਰ ਤ੍ਰਿਵੈਣੀ ਪਾਸਵਾਨ ਵਾਸੀ ਨੈਨਪੁਰ ਤਹਿਸੀਲ ਵਾ ਜਿਲਾ ਸਹਾਰਸਾ (ਬਿਹਾਰ) ਹਾਲ ਆਬਾਦ ਮਹਿਲ ਕਲੋਨੀ ਮਹਿਲਾਂ ਰੋਡ ਸੰਗਰੂਰ ਦਾ ਰਹਿਣ ਵਾਲਾ ਹੈ।ਹੋਰ ਜਾਣਕਾਰੀ ਲਈ ਪੁਲਿਸ ਤਫ਼ਤੀਸ਼ ਕਰ ਰਹੀ ਹੈ।ਸੰਭਾਵਨਾ ਹੈ ਕਿ ਇਨ੍ਹਾਂ ਵੱਲੋਂ ਕੀਤੀਆਂ ਗਈਆਂ ਹੋਰ ਵਾਰਦਾਤਾਂ ਵੀ ਸਾਹਮਣੇ ਆਉਣਗੀਆਂ।
ਵੱਡੀ ਘਟਨਾ ਨੂੰ ਅੰਜਾਮ ਦੇਣ ਜਾ ਰਹੇ ਇਕ ਹੋਰ ਗੈਂਗ ਨੂੰ ਸੰਗਰੂਰ ਪੁਲਿਸ ਨੇ ਕੀਤਾ ਕਾਬੂ



