ਸਰਦੂਲਗੜ੍ਹ, 13 ਅਕਤੂਬਰ (ਬਲਜੀਤ ਪਾਲ)- ਪਿੰਡ ਭੰਮੇ ਕਲਾਂ ਅਤੇ ਨੇੜਲੇ ਪਿੰਡਾਂ ’ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਭੰਮੇ ਕਲਾਂ ’ਚ ਇਹ ਸੁਨੇਹਾ ਪਹੁੰਚਿਆ ਕਿ ਪਿੰਡ ਦਾ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਚੀਨ ਦੇ ਬਾਰਡਰ ’ਤੇ ਡਿਊਟੀ ਸਮੇਂ ਦੇਸ਼ ਦੀ ਰਾਖੀ ਕਰਦਾ ਹੋਇਆ ਸ਼ਹੀਦੀ ਪਾ ਗਿਆ। ਸਵਾ ਸਾਲ ਪਹਿਲਾਂ ਸਿੱਖ ਰੈਜਮੈਂਟ ’ਚ ਭਰਤੀ ਹੋਇਆਂ ਮਨਪ੍ਰੀਤ ਸਿੰਘ ਮਾਪਿਆਂ ਦਾ ਇਕੱਲਾ ਪੁੱਤਰ ਸੀ। ਨਾਇਬ ਸੂਬੇਦਾਰ ਗੁਰਬਾਘ ਸਿੰਘ ਨੇ ਫੋਨ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ’ਚ ਚੀਨ ਦੇ ਬਾਰਡਰ ’ਤੇ ਮੰਗਲਵਾਰ ਸ਼ਾਮ ਪੌਣੇ ਪੰਜ ਦੇ ਕਰੀਬ ਮਨਪ੍ਰੀਤ ਸਿੰਘ ਆਪਣੇ 22 ਸਾਥੀਆਂ ਨਾਲ ਡਿਊਟੀ ਕਰ ਰਿਹਾ ਸੀ। ਬਰਸਾਤ ਪੈਣ ਕਾਰਨ ਤਿਲਕਣ ਹੋ ਗਈ ਸੀ ਜਿਸ ਕਰਕੇ ਮਨਪ੍ਰੀਤ ਸਿੰਘ ਦਾ ਪੈਰ ਫਿਸਲ ਗਿਆ ਤੇ ਹੇਠਾ ਵੱਗ ਰਹੀ ਤੇਜ਼ ਵਹਾਅ ਨਦੀ ’ਚ ਜਾ ਡਿੱਗਆ। ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਉਸ ਨੂੰ ਰੋੜ੍ਹ ਕੇ ਲੈ ਗਿਆ। ਫੌਜ ਅਤੇ ਪੈਰਾ ਮਿਲਟਰੀ ਕਮਾਂਡੋ ਦੇ ਪੰਜ ਹਜ਼ਾਰ ਜਵਾਨਾਂ ਨੇ ਪੂਰੇ ਖੇਤਰ ਨੂੰ ਸੀਲ ਕਰਕੇ ਉਸ ਦੀ ਭਾਲ ਜਾਰੀ ਕਰ ਦਿੱਤੀ ਸੀ। ਚਾਲੀ ਘੰਟਿਆਂ ਦੀ ਸਖਤ ਜੱਦੋ-ਜਹਿਦ ਤੋਂ ਬਆਦ ਆਖਰ ਫੌਜ ਨੂੰ ਮਨਪ੍ਰੀਤ ਸਿੰਘ ਦੀ ਲਾਸ਼ ਚਾਰ ਕਿਲੋਮੀਟਰ ਦੂਰ ਤੋਂ ਮਿਲੀ। ਉਨ੍ਹਾਂ ਕਿਹਾ ਕਿ ਸ਼ਨਿੱਚਰਵਾਰ ਤੱਕ ਉਸ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਭੰਮੇ ਕਲਾਂ ਪਹੁੰਚ ਜਾਵੇਗੀ ਜਿੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਭੰਮੇ ਕਲਾਂ ਦਾ ਫੌਜੀ ਜਵਾਨ ਸਰਹੱਦ ’ਤੇ ਡਿਊਟੀ ਦੌਰਾਨ ਸ਼ਹੀਦ



