Skip to content
Independent perspectives. Global stories.
BREAKING

ਮੁਸਲਿਮ ਪਰਸਨਲ ਲਾਅ ਬੋਰਡ ਵੱਲੋਂ ਲਾਅ ਕਮਿਸ਼ਨ ਦੀ ਪ੍ਰਸ਼ਨਾਵਲੀ ’ਤੇ ਇਤਰਾਜ਼

Share this story

image ਨਵੀਂ ਦਿੱਲੀ, 13 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਤੀਹਰੇ ਤਲਾਕ ਦੇ ਮੁੱਦੇ ’ਤੇ ਲਾਅ ਕਮਿਸ਼ਨ ਦੇ ਮੁੱਦੇ ’ਤੇ ਆਪਣਾ ਪੱਖ ਰੱਖਿਆ ਹੈ। ਮੁਸਲਿਮ ਪਰਸਨਲ ਲਾਅ ਬੋਰਡ ਦੇ ਮੈਂਬਰ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਦੇਸ਼ ਦੇ ਮੁਸਲਿਮ ਲਾਅ ਕਮਿਸ਼ਨ ਦੀ ਪ੍ਰਸ਼ਨਾਵਲੀ ਦਾ ਬਾਈਕਾਟ ਕਰਨਗੇ ਅਤੇ ਇਸ ਵਿੱਚ ਸ਼ਾਮੂਲੀਅਤ ਨਹੀਂ ਕਰਨਗੇ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਪ੍ਰਸ਼ਨਾਵਲੀ ਨੂੰ ਨਿਰਪੱਖ ਰੂਪ ਵਿੱਚ ਤਿਆਰ ਨਹੀਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਯੂਨੀਫਾਰਮ ਸਿਵਲ ਕੋਡ ਇਸ ਦੇਸ਼ ਲਈ ਮੁਨਾਸਿਬ ਨਹੀਂ ਹੈ। ਇਸ ਦੇਸ਼ ਵਿੱਚ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਸੰਵਿਧਾਨ ਨੇ ਸਾਨੂੰ ਸਭ ਨੂੰ ਆਪੋ-ਆਪਣਾ ਧਰਮ ਮੰਨਣ ਦੀ ਆਜ਼ਾਦੀ ਦਿੱਤੀ ਹੈ। ਸਰਕਾਰ ਤੇ ਲਾਅ ਕਮਿਸ਼ਨ ਸੰਵਿਧਾਨ ਦੇ ਉਲਟ ਕੰਮ ਕਰ ਰਹੀ ਹੈ। ਇਹ ਧਰਮ ਦੀ ਆਜ਼ਾਦੀ ਦੀ ਭਾਵਨਾ ਦੇ ਖ਼ਿਲਾਫ ਹੈ। ਉਨ੍ਹਾਂ ਉਦਾਹਰਣ ਦਿੱਤੀ ਕਿ ਅਮਰੀਕਾ ਵਿੱਚ ਹਰ ਪ੍ਰਦੇਸ਼ ਵਿੱਚ ਆਪੋ-ਆਪਣੇ ਪਰਸਨ ਲਾਅ ਹਨ। ਅਸੀਂ ਭਾਰਤੀ ਉਂਝ ਤਾਂ ਹਰ ਗੱਲ ਵਿੱਚ ਅਮਰੀਕਾ ਦੇ ਪਿੱਛਲੱਗੂ ਬਣਦੇ ਹਾਂ ਪਰ ਅਜਿਹੇ ਮਾਮਲਿਆਂ ਵਿੱਚ ਅਸੀਂ ਅਜਿਹਾ ਕਿਉਂ ਨਹੀਂ ਕਰਦੇ। ਤੀਹਰੇ ਤਲਾਕ ਮਾਮਲੇ ਸਬੰਧੀ ਗੱਲ ਕਰਦਿਆਂ ਲਾਅ ਕਮਿਸ਼ਨ ਦੇ ਚੇਅਰਮੈਨ ਜਸਟਿਸ ਬੀਐਸ ਚੌਹਾਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ’ਤੇ ਕੋਈ ਟਿੱਪਣੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਮਿਸ਼ਨ ਦੇਸ਼ ਦੇ ਸੰਵਿਧਾਨ ਅਨੁਸਾਰ ਕੰਮ ਕਰੇਗਾ ਅਤੇ ਘੱਟ ਗਿਣਤੀਆਂ ’ਤੇ ਬਹੁ ਗਿਣਤੀਆਂ ਦੇ ਵਿਚਾਰ ਨਹੀਂ ਥੋਪੇ ਜਾਣਗੇ। ਅਸੀਂ ਇੱਥੇ ਲੋਕਾਂ ਦੇ ਵਿਚਾਰ ਜਾਣਨ ਲਈ ਹਾਂ। ਅਸੀਂ ਪ੍ਰਸ਼ਨਾਵਲੀ ਨੂੰ ਲੋਕਾਂ ਵਿੱਚ ਰੱਖਿਆ ਹੈ ਤਾਂ ਜੋ ਹਰ ਵਿਅਕਤੀ ਜਵਾਬ ਦੇ ਸਕੇ। ਉਨ੍ਹਾਂ ਕਿਹਾ ਕਿ ਪ੍ਰਸ਼ਨਾਵਲੀ ਸਾਰੇ ਧਰਮਾਂ ਲਈ ਹੈ। ਜਵਾਬ ਮਿਲਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਤੀਹਰੇ ਤਲਾਕ ਦੇ ਵਿਰੋਧ ਵਿੱਚ ਇਸੇ ਮਹੀਨੇ ਸਰਕਾਰ ਨੇ ਅਦਾਲਤ ਵਿੱਚ ਹਲਫਨਾਮਾ ਦੇ ਕੇ ਇਸ ਦਾ ਵਿਰੋਧ ਕੀਤਾ ਸੀ। ਹਲਫਨਾਮੇ ਵਿੱਚ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਤੀਹਰਾ ਤਲਾਕ ਔਰਤਾਂ ਲਈ ਲਿੰਗ ਭੇਦਭਾਵ ਹੈ ਅਤੇ ਔਰਤਾਂ ਨਾਲ ਵਿਤਕਰੇ ਸਬੰਧੀ ਕੋਈ ਸਮਝੌਤਾ ਨਹੀਂ ਹੋ ਸਕਦਾ। ਇਸ ਮੁੱਦੇ ’ਤੇ ਮਨੀਪੁਰ ਦੀ ਰਾਜਪਾਲ ਨਜਮਾ ਹੈਪਤੁੱਲਾ ਨੇ ਕਿਹਾ ਕਿ ਤੀਹਰੇ ਤਲਾਕ ਦੀ ਪਰੰਪਰਾ ਦੀ ਗਲਤ ਢੰਗ ਨਾਲ ਵਿਆਖਿਆ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਵਾਰ ’ਚ ਤੀਹਰੇ ਤਲਾਕ ਦੀ ਕੋਈ ਧਾਰਨਾ ਨਹੀਂ ਹੈ। ਨਜ਼ਮਾ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਰਵੱਈਏ ਨਾਲ ਸਹਿਮਤ ਹਨ। ਇਸਲਾਮ ਦੇ ਨਾਂਅ ’ਤੇ ਕੀਤਾ ਜਾਣ ਵਾਲਾ ਕੋਈ ਵੀ ਅਨਿਆਂ ਸਹੀ ਨਹੀਂ ਹੈ।

WRITTEN BY