ਇਸਲਾਮਾਬਾਦ, 3 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜੀਜ ਨੇ ਅੱਜ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ (ਐਨਐਸਏ) ਨੇ ਫੋਨ ’ਤੇ ਗੱਲ ਕਰਕੇ ਕੰਟਰੋਲ ਰੇਖਾ ’ਤੇ ਤਣਾਅ ਘੱਟ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ ਹੈ। ਕੰਟਰੋਲ ਰੇਖਾ ਤੋਂ ਪਾਰ ਅੱਤਵਾਦੀ ਟਿਕਾਣਿਆ ’ਤੇ ਭਾਰਤੀ ਫੌਜ ਵੱਲੋਂ ਕੀਤੇ ਗਏ ਸਰਜੀਕਲ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਤਣਾਅ ਵਧ ਗਿਆ ਸੀ। ਅਜੀਜ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਕੰਟਰੋਲ ਰੇਖਾ ’ਤੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧਣ ਤੋਂ ਬਾਅਦ ਭਾਰਤ ਦੇ ਐਨਐਸਏ ਅਜੀਤ ਡੋਭਾਲ ਅਤੇ ਉਨ੍ਹਾਂ ਦੇ ਪਾਕਿਸਤਾਨਹਮਰੁਤਬਾ ਨਾਸਿਰ ਜੰਜੂਆ ਵਿਚਕਾਰ ਗੱਲਬਾਤ ਹੋਈ ਅਤੇ ਦੋਵਾਂ ਵਿਚਕਾਰ ਕੰਟਰੋਲ ਰੇਖਾ ’ਤੇ ਤਣਾਅ ਘੱਟ ਕਰਨ ਲਈ ਸਹਿਮਤੀ ਬਣੀ। ਅਜੀਜ ਦੇ ਹਵਾਲੇ ਨਾਲ ਇਕ ਖ਼ਬਰ ਏਜੰਸੀ ਨੇ ਕਿਹਾ ਹੈ ਕਿ ਪਾਕਿਸਤਾਨ ਕੰਟਰੋਲ ਰੇਖਾ ’ਤੇ ਧਿਆਨ ਘੱਟ ਕਰਨਾ ਚਹੁੰਦਾ ਹੈ ਤੇ ਕਸ਼ਮੀਰ ’ਤੇ ਧਿਆਨਾ ਕੇਂਦਰਿਤ ਕਰਨਾ ਚਹੁੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਕੰਟਰੋਲ ਰੇਖਾ ’ਤੇ ਤਣਾਅ ਵਧਾ ਕੇ ਦੁਨੀਆਂ ਦਾ ਧਿਆਨ ਕਸ਼ਮੀਰ ਮਸਲੇ ਤੋਂ ਭਟਕਾਉਣਾ ਚਾਹੁੰਦਾ ਹੈ। ਪਿਛਲੇ ਹਫਤੇ ਭਾਰਤੀ ਸੈਨਾ ਨੇ ਕਿਹਾ ਸੀ ਕਿ ਕੰਟਰੋਲ ਰੇਖਾ ਤੋਂ ਪਾਰ ਮਕਬੂਜ਼ਾ ਕਸ਼ਮੀਰ ਵਿੱਚ ਕਈ ਅੱਤਵਾਦੀ ਟਿਕਾਣਿਆਂ ’ਤੇ ਸਰਜੀਕਲ ਹਮਲੇ ਕੀਤੇ ਹਨ, ਜਿਸ ਨਾਲ ਭਾਰਤ ਵਿੱਚ ਘੁੱਸਪੈਠ ਕਰਨ ਦੀ ਤਾਕ ਵਿੱਚ ਬੈਠੇ ਅੱਤਵਾਦੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਹ ਸਰਜੀਕਲ ਹਮਲਾ ਕਸ਼ਮੀਰ ਦੇ ਉੜੀ ਵਿੱਚ ਫੌਜ ਦੇ ਇੱਕ ਕੈਂਪ ’ਤੇ ਹੋਏ ਹਮਲੇ ਤੋਂ ਬਾਅਦ ਕੀਤਾ ਗਿਆ। ਉੜੀ ਫੌਜੀ ਕੈਂਪ ’ਤੇ ਹੋਏ ਹਮਲੇ ਵਿੱਚ 19 ਜਵਾਨ ਸ਼ਹੀਦ ਹੋ ਗਏ ਸਨ। ਹਾਲਾਂਕਿ ਪਾਕਿਸਤਾਨ ਇਸ ਸਰਜੀਕਲ ਹਮਲੇ ਤੋਂ ਇਨਕਾਰ ਕਰ ਰਿਹਾ ਹੈ ਤੇ ਸੀਮਾ ਪਾਰ ਹੋਈ ਗੋਲੀਬਾਰੀ ਕਹਿ ਰਿਹਾ ਹੈ। ਨਵਾਜ ਸ਼ਰੀਫ ਦੇ ਅਮਰੀਕੀ ਦੌਰੇ ਬਾਰੇ ਅਜੀਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਸ਼ਵਭਰ ਦੇ ਨੇਤਾਵਾਂ ਨੂੰ ਦੱਸ ਦਿੱਤਾ ਹੈ ਕਿ ਜਦੋਂ ਤੱਕ ਕਸ਼ਮੀਰ ਮਸਲੇ ਦਾ ਹੱਲ ਨਹੀਂ ਨਿਕਲਦਾ ਉਦੋਂ ਤੱਕ ਦੋਵਾਂ ਦੇਸ਼ਾਂ ਵਿਚ ਸਰਹੱਦ ’ਤੇ ਤਣਾਅ ਬਣਿਆ ਰਹੇਗਾ।
ਅਜੀਤ ਡੋਭਾਲ ਅਤੇ ਨਾਸਿਰ ਜੰਜੂਆ ਵਿਚਕਾਰ ਗੱਲਬਾਤ


