- ਨਵਾਂ ਸ਼ਹਿਰ ਦੀ ਡੀ.ਸੀ. ਵੱਲੋਂ ਫੌਜ ਦੇ ਅਧਿਕਾਰੀਆਂ ਸਮੇਤ ਧੁੱਸੀ ਬੰਨ੍ਹ ਦਾ ਜਾਇਜ਼ਾ
ਨਵਾਂਸ਼ਹਿਰ, 12 ਜੁਲਾਈ (ਸਨਪ੍ਰੀਤ ਮਾਂਗਟ)-ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਡੈਮ ਤੋਂ ਪਾਣੀ ਛੱਡੇ ਜਾਣ ਅਤੇ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਨਾਲ ਨਿਪਟਣ ਲਈ ਪੁਖਤਾ ਪੰ੍ਰਬਧ ਕਰਨ ਦੇ ਦਿੱਤੇ ਆਦੇਸ਼ਾਂ ਨਾਲ ਸਤਲੁਜ ਦਰਿਆ ਲਾਗੇ ਪੈਂਦੇ ਜ਼ਿਲ੍ਹੇ ਦੇ ਬੇਟ ਖੇਤਰ ਦੇ ਪਿੰਡਾਂ ਵਿੱਚ ਸੰਭਾਵਤ ਹੜ੍ਹਾਂ ਦੇ ਪੈਦਾ ਹੋਏ ਖਤਰੇ ਦੀ ਸਥਿਤੀ ਨਾਲ ਨਜਿੱਠਣ ਲਈ ਡੀ.ਸੀ ਤਨੂ ਕਸ਼ਿਅਪ ਵੱਲੋਂ ਫੌਜ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨਾਲ ਧੁੱਸੀ ਬੰਨ੍ਹ ਦੀਆਂ ਨਾਜ਼ੁਕ ਥਾਵਾਂ ਦਾ ਦੌਰਾ ਕੀਤਾ।

ਉਨ੍ਹਾਂ ਹੜਾਂ ਦੀ ਰੋਕਥਾਮ ਲਈ ਡਰੇਨੇਜ ਵਿਭਾਗ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਅਤੇ ਸੰਭਾਵਤ ਹੜ੍ਹਾਂ ਦੀ ਸਥਿਤੀ ਸਮੇਂ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਰੂਪਰੇਖਾ ਵੀ ਤਿਆਰ ਕੀਤੀ। ਫੌਜ ਦੇ ਅਧਿਕਾਰੀਆਂ ਵੱਲੋਂ ਹੜ੍ਹ ਆਉਣ ‘ਤੇ ਉਸ ਇਲਾਕੇ ਵਿੱਚੋ ਲੋਕਾਂ ਨੂੰ ਕੱਢਣ ਲਈ ਜਾਇਜ਼ਾ ਲਿਆ ਗਿਆ ਤਾਂ ਜੋ ਰਾਹਤ ਕਾਰਜਾਂ ਲਈ ਢੁਕਵੀਂ ਯੋਜਨਾ ਤਿਆਰ ਕੀਤੀ ਜਾ ਸਕੇ। ਡੀਸੀ ਨੇ ਦੱਸਿਆ ਕਿ ਜ਼ਿਲ੍ਹੇ ਦੇ 77 ਪਿੰਡ ਸੰਭਾਵਤ ਹੜ੍ਹਾਂ ਦੀ ਮਾਰ ਹੇਠ ਹਨ ਅਤੇ ਧੁੱਸੀ ਬੰਨ ਦੇ ਨੇੜਲੇ ਇਲਾਕੇ ਵਿੱਚ 13 ਰਾਹਤ ਕੈਪਾਂ ਲਈ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਕਰਮਚਾਰੀਆਂ ਦੀ ਧੁੱਸੀ ਬੰਨ੍ਹ ‘ਤੇ 24 ਘੰਟੇ ਚੌਕਸੀ ਰੱਖਣ ਲਈ ਡਿਊੁਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਆਫਤ ਸਮੇਂ ਲੋਕਾਂ ਦੇ ਜਾਨ ਮਾਲ, ਪਸ਼ੂਆਂ ਦੀ ਰਾਖੀ ਅਤੇ ਉਨ੍ਹਾਂ ਦੇ ਪੁਨਰਵਾਸ ਦੇ ਢੁਕਵੇ ਪ੍ਰਬੰਧ ਕੀਤੇ ਜਾ ਸਕਣ। ਹੜ੍ਹਾਂ ਦੇ ਸੰਭਾਵਿਤ ਖਤਰੇ ਸਮੇਂ ਲੋਕਾਂ ਅਤੇ ਪਸ਼ੂਆਂ ਦੀ ਸਿਹਤ ਸੰਭਾਲ ਲਈ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਡਰੇਨੇਜ ਵਿਭਾਗ ਵੱਲੋਂ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਵੀ ਲਿਆ ਅਤੇ ਡਰੇਨੇਜ ਵਿਭਾਗ ਨੂੰ ਕੰਮ ਦੀ ਗੁਣਵਤਾ ਅਤੇ ਰਫ਼ਤਾਰ ਯਕੀਨੀ ਬਣਾਏ ਜਾਣ ਦੀਆਂ ਹਦਾਇਤਾਂ ਵੀ ਦਿੱਤੀਆ।



