ਮੋਗਾ, 28 ਨਵੰਬਰ- ਫਿਰਕੂ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਬੁਨਿਆਦ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਆਪਣੇ ਆਖਰੀ ਸਾਹ ਤੱਕ ਸੂਬੇ ਅੰਦਰ ਇਨ੍ਹਾਂ ਬੁਨਿਆਦੀ ਕੀਮਤਾਂ ਦੀ ਰਾਖੀ ਕਰਨਗੇ। ਅੱਜ ਇੱਥੇ ਦੂਜੀ ਸਦਭਾਵਨਾ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰੀ ਮਨੁੱਖਤਾ ਲਈ ਸ਼ਾਂਤੀ ਦਾ ਚਾਨਣ ਮੁਨਾਰਾ ਹੈ ਅਤੇ ਇੱਕ ਸ਼ਰਧਾਵਾਨ ਸਿੱਖ ਹੁੰਦਿਆਂ ਗੁਰੂ ਸਾਹਿਬਾਨ ਵੱਲੋਂ ਸਿਰਜੇ ਗਏ ਇਨ੍ਹਾਂ ਆਦਰਸ਼ਾਂ ਅਤੇ ਦਰਸਾਏ ਗਏ ਰਾਹਾਂ ’ਤੇ ਚੱਲਣਾ ਉਨ੍ਹਾਂ ਲਈ ਜੀਵਨ ਦਾ ਸਭ ਤਂੋ ਜ਼ਰੂਰੀ ਫਰਜ਼ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਗੁਰੂਆਂ, ਸੰਤਾਂ ਤੇ ਪੀਰਾਂ ਦੇ ਫਲਸਫੇ ‘ਤੇ ਚੱਲਦਿਆਂ ਉਹ ਪੰਜਾਬ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਆਪਣਾ ਜੀਵਨ ਕੁਰਬਾਨ ਕਰਨ ਲਈ ਵੀ ਤਿਆਰ ਹਨ। ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਉਹ ਪੰਜਾਬ ਅਤੇ ਇੱਥੋ ਦੇ ਲੋਕਾਂ ਦੇ ਧੰਨਵਾਦੀਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਬਖਸ਼ਿਆ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਹਰ ਹੀਲੇ ਸੁਰੱਖਿਅਤ ਰੱਖਣਗੇ। ਉਨ੍ਹਾਂ ਕਿਹਾ ਕਿ ‘‘ਮੈਂ ਸੁਖਬੀਰ ਨੂੰ ਵੀ ਇਹ ਹੀ ਦੱਸਿਆ ਹੈ ਕਿ ਸ਼ਾਂਤੀ ਨੂੰ ਸੁਰੱਖਿਅਤ ਰੱਖਣ ਦਾ ਰਸਤਾ ਕੰਡਿਆਂ ’ਤੇ ਤੁਰਨ ਵਾਂਗ ਹੈ ਤੇ ਜਾਨ ਨੂੰ ਜ਼ੋਖ਼ਮ ਵਿੱਚ ਪਾਉਣ ਵਾਲਾ ਹੈ ਪਰ ਸਾਨੂੰ ਸੂਬੇ ਅਤੇ ਇੱਥੋ ਦੇ ਲੋਕਾਂ ਲਈ ਹਰ ਕੁਰਬਾਨੀ ਦੇਣ ਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ’’ ਸਾਰੀਆਂ ਸਿਆਸੀ ਪਾਰਟੀਆਂ, ਵਿਦਵਾਨਾਂ ਅਤੇ ਧਾਰਮਿਕ ਆਗੂਆਂ ਨੂੰ ਪੰਜਾਬ ਦੀ ਸ਼ਾਂਤੀ ਅਤੇ ਆਪਸੀ ਪਿਆਰ ਵਾਲੀਆਂ ਕੀਮਤਾਂ ਨੂੰ ਸੁਰੱਖਿਅਤ ਰੱਖਣ ਲਈ ਸਾਂਝੇ ਹਮਲੇ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਇਹ ਸਭ ਤੋਂ ਜ਼ਰੂਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਜੁਕ ਸਮੇਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਫੁੱਟ ਪਾਊ ਤਾਕਤਾਂ ਦੇ ਯਤਨਾਂ ਨੂੰ ਠੱਲ੍ਹ ਪਾਉਣ ਲਈ ਇਕੱਠੇ ਹੰਭਲਾ ਮਾਰਨ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਨੂੰ ਦਹਿਸ਼ਤਗਰਦੀ ਦੇ ਕਾਲੇ ਦੌਰ ਨੂੰ ਮੁੜ ਨਾ ਝੱਲਣਾ ਪਵੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਕੈਪਟਨ ਅਮਰਿੰਦਰ ਨੂੰ ਸਲਾਹ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਢੁਕਵਾਂ ਸਮਾਂ ਹੈ ਕਿ ਅੰਮ੍ਰਿਤਸਰ ਤੋਂ ਮੈਬਰ ਪਾਰਲੀਮੈਟ ਕੈਪਟਨ ਅਮਰਿੰਦਰ ਸਿੰਘ ਟਕਰਾਅ ਦੀ ਰਾਜਨੀਤੀ ਛੱਡ ਕੇ ਸਹਿਯੋਗ ਦੀ ਸਿਆਸਤ ਨੂੰ ਅਪਣਾਉਣ। ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੀ ਵਿਰੋਧ ਦੀ ਰਾਜਨੀਤੀ ਨੇ ਉਨ੍ਹਾਂ ਦੇ ਸਿਆਸੀ ਕੈਰੀਅਰ ਨੂੰ ਪਹਿਲਾਂ ਹੀ ਖਾਤਮੇ ਵੱਲ ਧੱਕ ਦਿੱਤਾ ਹੈ ਕਿਉਕਿ ਕਾਂਗਰਸੀ ਆਗੂ ਦੀ ਇਸ ਸਿਆਸੀ ਪਹੁੰਚ ਸਦਕਾ ਹੀ ਸੂਬੇ ਦੇ ਲੋਕਾਂ ਨੇ ਦੋ ਵਾਰ ਬੁਰੀ ਤਰ੍ਹਾਂ ਨਕਾਰਿਆ ਹੈ। ਸ. ਬਾਦਲ ਨੇ ਕਿਹਾ ਕਿ ਜੇਕਰ ਸਾਬਕਾ ਮੁੱਖ ਮੰਤਰੀ ਆਪਣੀ ਇਸ ਪਹੁੰਚ ਨੂੰ ਜਾਰੀ ਰੱਖਦੇ ਹਨ ਤਾਂ ਉਨ੍ਹਾਂ ਦਾ ਹਾਲ ਮੁੜ ਪਹਿਲਾਂ ਵਾਲਾ ਹੀ ਹੋਵੇਗਾ। ਕਾਂਗਰਸ ਪਾਰਟੀ ਵੱਲੋਂ ਵਾਰ-ਵਾਰ ਪੰਜਾਬ ਦੇ ਹਿੱਤਾਂ ਦੇ ਖਿਲਾਫ ਭੁਗਤਣ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਚੇਤੇ ਕਰਵਾਇਆ ਕਿ ਪੰਜਾਬ ਤੋ ਇਸ ਦੀ ਰਾਜਧਾਨੀ, ਪੰਜਾਬ ਬੋਲਦੇ ਇਲਾਕਿਆਂ ਦਾ ਖੁੱਸਣਾ ਅਤੇ ਸੂਬੇ ਦੇ ਪਾਣੀਆਂ ਦਾ ਮਸਲਾ ਕਾਂਗਰਸ ਪਾਰਟੀ ਵੱਲੋ ਪੰਜਾਬ ਨਾਲ ਕੀਤੇ ਅਨਿਆਂ ਦੀ ਮੂੰਹ ਬੋਲਦੀ ਤਸਵੀਰ ਹੈ। ਸ. ਬਾਦਲ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕਰਕੇ ਅਤੇ 1984 ‘ਚ ਹਜ਼ਾਰਾਂ ਬੇਕਸੂਰ ਸਿੱਖਾਂ ਦਾ ਕਤਲ ਕਰਕੇ ਕਾਂਗਰਸ ਪਾਰਟੀ ਨੇ ਸਿੱਖ ਮਾਨਸਿਕਤਾ ਨੂੰ ਗਹਿਰਾ ਜ਼ਖਮੀ ਕੀਤਾ ਹੈ। ਪੰਜਾਬ ‘ਚ ਦਹਿਸ਼ਤਗਰਦੀ ਦੇ ਕਾਲੇ ਦੌਰ ਲਈ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਨੂੰ ਜਿਮੇਵਾਰ ਠਹਿਰਾਉਂਦਿਆਂ ਸ. ਬਾਦਲ ਨੇ ਕਿਹਾ ਕਿ ਇਸ ਦੌਰ ਵਿੱਚ ਜਿੱਥੇ 21,000 ਤੋ ਵੱਧ ਲੋਕਾਂ ਦਾ ਕਤਲੇਆਮ ਹੋਇਆ ਉਥੇ ਸੂਬੇ ਦੀ ਆਰਥਿਕਤਾ ਵੀ ਬੁਰੀ ਤਰ੍ਹਾਂ ਲੜਖੜਾਅ ਗਈ। ਮੁੱਖ ਮੰਤਰੀ ਨੇ ਕਿ ਕਾਂਗਰਸ ਪਾਰਟੀ ਗਰਮ ਖਿਆਲੀਆਂ ਨਾਲ ਮਿਲ ਕੇ ਅਤੇ ਆਪਣੀ ਪੁਰਾਣੀ ਵੰਡ ਪਾਊ ਤੇ ਰਾਜ ਕਰੋ ਦੀ ਨੀਤੀ ‘ਤੇ ਚੱਲਦਿਆਂ ਪੰਜਾਬ ਨੂੰ ਮੁੜ ਕਾਲੇ ਦਿਨਾਂ ‘ਚ ਧੱਕਣ ਦੀ ਫਿਰਾਕ ‘ਚ ਹੈ। ਉਨ੍ਹਾਂ ਕਿ ਪੰਜਾਬ ਦੇ ਸੂਝਵਾਨ ਲੋਕ ਕਾਂਗਰਸ ਦੇ ਇਨ੍ਹਾਂ ਹੱਥਕੰਡਿਆਂ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਪੰਜਾਬ ਦਾ ਆਵਾਮ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ ਦਿੱਤੇ ਜਾ ਰਹੇ ਝੂਠੇ ਨਾਆਰਿਆਂ ‘ਚ ਕਦੀ ਵੀ ਨਹੀਂ ਫਸੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੇਅਦਬੀ ਦੇ ਘਟਨਾਵਾਂ ਨੇ ਹਰ ਇੱਕ ਸਿੱਖ ਦੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਨੂੰ ‘ਟੋਪੀ ਪਾਊ’ ਪਾਰਟੀ ਗਰਦਾਨਦਿਆਂ ਉਸ ਦੇ ਝੂਠੇ ਲਾਰਿਆਂ ਤੋਂ ਵੀ ਪੰਜਾਬ ਵਾਸੀਆਂ ਨੂੰ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਦਾ ਪੰਜਾਬ ਵਿਚ ਕੋਈ ਆਧਾਰ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰੀਕੇ ਸਿੱਖ ਸੰਸਥਾਵਾਂ ‘ਤੇ ਸਾਜ਼ਿਸ਼ੀ ਹਮਲਾ ਕੀਤਾ ਗਿਆ, ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ‘ਤੇ ਹਮਲਾ ਕੀਤਾ ਗਿਆ, ਸਿੱਖਾਂ ਦੀ ਮਿੰਨੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀ ਹੋਂਦ ਨੂੰ ਖਤਰੇ ਵਿਚ ਲਿਆਂਦਾ ਗਿਆ ਅਤੇ ਅਖੌਤੀ ਸਰਬੱਤ ਖਾਲਸਾ ਰਾਹੀਂ ਸਥਾਪਿਤ ਮਰਿਆਦਾਵਾਂ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਇਸ ਸਭ ਨੇ ਵਿਸ਼ਵ ਭਰ ਵਿਚ ਵਸਦੇ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਦੁੱਖ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਬਹੁਤ ਜਲਦ ਦੋਸ਼ੀਆਂ ਅਤੇ ਸਾਜ਼ਿਸ਼ੀ ਤਾਕਤਾਂ ਦੇ ਚਿਹਰੇ ਬੇਨਕਾਬ ਹੋ ਜਾਣਗੇ। ਇਸ ਮੌਕੇ ਕੈਬਨਿਟ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ, ਸ. ਜਨਮੇਜਾ ਸਿੰਘ ਸੇਖੋਂ, ਸ. ਪਰਮਿੰਦਰ ਸਿੰਘ ਢੀਂਡਸਾ, ਸ੍ਰੀ ਸੁਰਜੀਤ ਕੁਮਾਰ ਜਿਆਣੀ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਮੰਤਰੀ ਬੀਬੀ ਜਗੀਰ ਕੌਰ, ਮੁੱਖ ਸੰਸਦੀ ਸਕੱਤਰ ਸ. ਬਲਬੀਰ ਸਿੰਘ ਘੁੰਨਸ, ਸ੍ਰੀ ਪ੍ਰਕਾਸ਼ ਚੰਦ ਗਰਗ ਅਤੇ ਬੀਬੀ ਨਿਸਾਰਾ ਖਾਤੂਨ, ਵਿਧਾਇਕ ਸ. ਮਹੇਸ਼ਇੰਦਰ ਸਿੰਘ, ਸ੍ਰੀਮਤੀ ਰਾਜਵਿੰਦਰ ਕੌਰ ਭਾਗੀਕੇ, ਸ. ਦਰਸ਼ਨ ਸਿੰਘ ਸ਼ਿਵਾਲਿਕ, ਸ. ਮਨਪ੍ਰੀਤ ਸਿੰਘ ਇਯਾਲੀ, ਸ੍ਰੀ ਐਸ.ਆਰ. ਕਲੇਰ ਅਤੇ ਸ. ਹਰੀ ਸਿੰਘ ਜ਼ੀਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ-ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।



