Skip to content
Independent perspectives. Global stories.
BREAKING

ਦਸਤਾਰ ਦੇ ਮਸਲੇ ‘ਤੇ ਜਥੇਦਾਰ ਬਿਆਨਬਾਜੀ ਦੀ ਥਾਂ ਕਾਰਵਾਈ ਕਰਨ : ਸੰਤ ਦਾਦੂਵਾਲ

Share this story

ਤਲਵੰਡੀ ਸਾਬੋ, 10 ਅਗਸਤ (ਰਣਜੀਤ ਸਿੰਘ ਰਾਜੂ)-ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਅਕਾਲੀ ਸਰਕਾਰ ਦੇ ਆਗੂ ਉਸ ਸਮੇਂ ਤਾਂ ਬੜੀ ਹਾਲ ਦੁਹਾਈ ਮਚਾਉਂਦੇ ਨੇ ਜਦੋਂ ਕਿਸੇ ਹੋਰ ਸੂਬੇ ਜਾਂ ਦੇਸ਼ ਵਿੱਚ ਕਿਸੇ ਸਿੱਖ ਦੀ ਦਸਤਾਰ ਲੁਹਾ ਕੇ ਉਸਦੀ ਬੇਅਦਬੀ ਕੀਤੀ ਜਾਂਦੀ ਹੈ ਪ੍ਰੰਤੂ ਜਦੋਂ ਉਨ੍ਹਾਂ ਦੇ ਆਪਣੇ ਸੂਬੇ ਵਿੱਚ ਜਿੱਥੇ ਕਿ ਸਿੱਖਾਂ ਦੀ ਬਹੁਗਿਣਤੀ ਹੈ ਅਤੇ ਹਰ ਕੋਈ ਸਿੱਖਾਂ ਦੇ ਰਵਾਇਤੀ ਚਿੰਨ੍ਹਾਂ ਨੂੰ ਪਛਾਣਦਾ ਹੈ ਵਿੱਚ ਦਸਤਾਰ ਦੀ ਬੇਅਦਬੀ ਹੁੰਦੀ ਹੈ ਤਾਂ ਉਹ ਚੁੱਪ ਕਿਉਂ ਵੱਟ ਜਾਂਦੇ ਹਨ?  ਹੋਰ ਤਾਂ ਹੋਰ ਕੌਮ ਦੇ ਧਾਰਮਿਕ ਆਗੂ ਅਤੇ ਜਥੇਦਾਰ ਵੀ ਕੇਵਲ ਬਿਆਨਬਾਜੀ ਕਰਕੇ ਹੀ ਬੁੱਤਾ ਸਾਰ ਦਿੰਦੇ ਹਨ ਜਦੋਂਕਿ ਹਰ ਵਾਰ ਉਹ ਸਖਤ ਕਾਰਵਾਈ ਕਰਨ ਤੋਂ ਟਾਲਾ ਵੱਟ ਜਾਂਦੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਸਾਹਿਬ ਵੱਲੋਂ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ ਗਿਆ।
HT-BTI-FIRST- Baljit Singh Daduwal –4- Jan-2011
ਸੰਤ ਦਾਦੂਵਾਲ ਨੇ ਕਿਹਾ ਕਿ ਬਠਿੰਡਾ ਜੇਲ੍ਹ ਵਿਖੇ ਤਾਇਨਾਤ ਔਰਤ ਪੁਲਿਸ ਮੁਲਾਜ਼ਮਾਂ ਨੇ ਜਿਸ ਤਰ੍ਹਾਂ ਆਪਣੇ ਪੁੱਤਰਾਂ ਨਾਲ ਮੁਲਾਕਾਤ ਕਰਨ ਲਈ ਆਈ ਇੱਕ ਅੰਮ੍ਰਿਤਧਾਰੀ ਬਜ਼ੁਰਗ ਬੀਬੀ ਦੀ ਦਸਤਾਰ ਲੁਹਾ ਕੇ ਤਲਾਸ਼ੀ ਲਈ,ਸਿੱਖੀ ਕਕਾਰਾਂ ਦਾ ਅਪਮਾਨ ਕੀਤਾ ਗਿਆ ਇਹ ਅਤਿ ਸ਼ਰਮਨਾਕ ਕਾਰਵਾਈ ਹੈ।ਉਨ੍ਹਾਂ ਕਿਹਾ ਕਿ ਉਕਤ ਬੀਬੀ ਮਨਜੀਤ ਕੌਰ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਉਸ ਨੇ ਪੁਲਿਸ ਦੀ ਇਸ ਧੱਕੇਸ਼ਾਹੀ ਨੂੰ ਚੁੱਪ ਕਰਕੇ ਬਰਦਾਸ਼ਤ ਕਰਨ ਦੀ ਵਜਾਏ ਇਸ ਮਾਮਲੇ ਨੂੰ ਸਾਹਮਣੇ ਲਿਆਂਦਾ।ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਅਕਾਲੀ ਸਰਕਾਰ ਦੀ ਆਪਣੀ ਪੁਲਿਸ ਦੇ ਮੁਲਾਜਮਾਂ ਵੱਲੋਂ ਕੀਤੀ ਇਸ ਸ਼ਰਮਨਾਕ ਕਾਰਵਾਈ ਤੇ ਅਕਾਲੀ ਚੁੱਪ ਕਿਉਂ ਨੇ ਜਦੋਂਕਿ ਬਾਹਰ ਕਿਤੇ ਜੇ ਇਹੀ ਘਟਨਾ ਹੋਈ ਹੁੰਦੀ ਤਾਂ ਇਨ੍ਹਾਂ ਵੱਧ ਚੜ ਕੇ ਰੌਲਾ ਪਾਉਣਾ ਸੀ।ਸੰਤ ਦਾਦੂਵਾਲ੍ਹ ਨੇ ਧਾਰਮਿਕ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੌਮ ਦੇ ਇਸ ਗੰਭੀਰ ਮਸਲੇ ਤੇ ਕੇਵਲ ਬਿਆਨਬਾਜੀ ਹੀ ਨਾਂ ਕਰਨ ਸਗੋਂ ਕੋਈ ਠੋਸ ਕਾਰਵਾਈ ਕਰਨ ਤਾਂ ਕਿ ਘੱਟੋ ਘੱਟ ਪੰਜਾਬ ਵਿੱਚ ਦੁਬਾਰਾ ਅਜਿਹੀ ਘਟਨਾ ਨਾਂ ਵਾਪਰੇ।ਉਨ੍ਹਾਂ ਉਕਤ ਪੁਲਿਸ ਮੁਲਾਜਮਾਂ ਦੀ ਤੁਰੰਤ ਮੁਅੱਤਲੀ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਇਸ ਸਬੰਧੀ ਧਾਰਮਿਕ ਆਗੂਆਂ ਨੇ ਕੋਈ ਠੋਸ ਕਾਰਵਾਈ ਨਾਂ ਕੀਤੀ ਤਾਂ ਸਿੱਖ ਜਥੇਬੰਦੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਦ ਬਠਿੰਡੇ ਵਿੱੱਚ ਦਸਤਾਰ ਦੀ ਬੇਅਦਬੀ ਨੂੰ ਲੈ ਕੇ ਰੋਸ ਮਾਰਚ ਕੱਢਿਆ ਜਾਵੇਗਾ।

WRITTEN BY