ਮਖੂ, 9 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਅੱਜ ਦਿਨ-ਦਿਹਾੜੇ ਨੈਸ਼ਨਲ ਹਾਈਵੇ ਮਖੂ ਵਿਖੇ ਇੱਕ ਪੈਟਰੋਲ ਪੰਪ ‘ਤੇ ਕੰਮ ਕਰਦੇ ਕਰਿੰਦੇ ਦੀ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਖੂ-ਅੰਮ੍ਰਿਤਸਰ ਰੋਡ ਦਾਣਾ ਮੰਡੀ ਗੇਟ ਦੇ ਬਿਲਕੁਲ ਸਾਹਮਣੇ ਭਰੀ ਆਬਾਦੀ ‘ਚ ਸਥਿਤ ਮੈਸਿਜ ਰਾਮ ਸਰਨ ਦਾਸ ਸਤਪਾਲ ਪੈਟਰੋਲ ਪੰਪ ‘ਤੇ ਅੱਜ ਬਾਅਦ ਦੁਪਿਹਰ ਕਰੀਬ ਸਵਾ 3 ਵਜੇ ਅਸ਼ੋਕ ਕੁਮਾਰ ਪੁੱਤਰ ਪ੍ਰੇਮ ਮਸੀਹ (34) ਵਾਸੀ ਪੁਰਾਣਾ ਮਖੂ ਦੀ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਦੋਂ ਉਹ ਪੰਪ ਮਾਲਕ ਦੀ ਕਾਰ ਨੂੰ ਬੈਕ ਕਰ ਰਿਹਾ ਸੀ। ਪੰਪ ਮਾਲਕ ਤੋਂ ਮਿਲੀ ਜਾਣਕਾਰੀ ਅਨੁਸਾਰ ਐਨਫੀਲਡ ਮੋਟਰਸਾਈਕਲ ਸਵਾਰਾਂ ਨੇ ਅਸ਼ੋਕ ਕੁਮਾਰ ਦੀ ਗਰਦਨ ਵਿਚ ਬਿਨਾਂ ਕਿਸੇ ਗੱਲਬਾਤ ਦੇ ਗੋਲੀ ਮਾਰ ਦਿੱਤੀ ਅਤੇ ਮੱਲਾਂਵਾਲੀ ਸੜਕ ਵੱਲ ਨੂੰ ਫਰਾਰ ਹੋ ਗਏ। ਪੰਪ ਦੇ ਮਾਲਕ ਨੇ ਦੱਸਿਆ ਕਿ ਇਹ ਮੁਲਾਜਮ ਸਾਡੇ ਕੋਲ ਪਿਛਲੇ 4-5 ਸਾਲ ਤੋਂ ਬੜੀ ਈਮਾਨਦਾਰੀ ਨਾਲ ਕੰਮ ਕਰ ਰਿਹਾ ਸੀ, ਉਸਦੀ ਕਦੇ ਵੀ ਕਿਸੇ ਨਾਲ ਕੋਈ ਲੜਾਈ-ਝਗੜਾ ਨਹੀਂ ਹੋਇਆ। ਮੌਕੇ ‘ਤੇ ਮ੍ਰਿਤਕ ਅਸ਼ੋਕ ਕੁਮਾਰ ਦਾ ਪਰਿਵਾਰ ਵਿਰਲਾਪ ਕਰ ਰਿਹਾ ਸੀ, ਜਿਸ ਨੂੰ ਦੇਖਿਆ ਨਹੀਂ ਸੀ ਜਾ ਰਿਹਾ। ਵਾਰਦਾਤ ਤੋਂ 5 ਮਿੰਟ ਦੇ ਵਿਚ ਹੀ ਮੱਖੂ ਥਾਣਾ ਦੇ ਐਸ.ਐਚ.ਓ. ਗੁਰਪ੍ਰੀਤ ਸਿੰਘ ਨੇ ਪਹੁੰਚ ਕੇ ਕਾਤਲਾਂ ਨੂੰ ਲੱਭਣ ਲਈ ਥਾਂ-ਥਾਂ ਨਾਕੇਬੰਦੀ ਕਰਵਾ ਦਿੱਤੀ।
ਮਖੂ ‘ਚ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਪੈਟਰੋਲ ਪੰਪ ਦੇ ਕਰਿੰਦੇ ਦੀ ਗੋਲੀ ਮਾਰ ਕੇ ਹੱਤਿਆ



