Skip to content
Independent perspectives. Global stories.
BREAKING

ਸੰਕਟ ਦੇ ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਪਣੀ ਕਾਬਲੀਅਤ ਨੂੰ ਫਿਰ ਸਿੱਧ ਕੀਤਾ

Share this story

DE07-P3_2010_00_DE_1986619e ਜਲੰਧਰ, 25 ਅਕਤੂਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਸੇਵਕ ਦੇ ਰੁਤਬੇ ਨਾਲ ਸਨਮਾਨਿਤ ਜਥੇਦਾਰ ਅਵਤਾਰ ਸਿੰਘ ਇੱਕ ਵਾਰ ਫਿਰ ਆਪਣੀ ਪ੍ਰਬੰਧਕੀ ਸੂਝ-ਬੂਝ ਅਤੇ ਠਰੰਮੇ ਵਾਲੀ ਕਾਰਜਸ਼ੈਲੀ ਨਾਲ ਮੌਜੂਦਾ ਵਿਸਫੋਟਕ ਸਥਿਤੀ ਵਿੱਚ ਆਪਣੀ ਕਾਬਲੀਅਤ ਸਿੱਧ ਕਰਨ ਵਿੱਚ ਕਾਮਯਾਬ ਰਹੇ ਹਨ। ਸਥਿਤੀਆਂ ਅਤੇ ਚੁਣੌਤੀਆਂ ਦਾ ਕਾਰਗਰ ਢੰਗ ਨਾਲ ਮੁਕਾਬਲਾ ਕਰਦੇ ਹੋਏ ਉਨ੍ਹਾਂ ਨੇ ਸਿੰਘ ਸਾਹਿਬਾਨ, ਅਕਾਲੀ ਲੀਡਰਸ਼ਿੱਪ ਅਤੇ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੁਲਾਜ਼ਮਾਂ ਅਤੇ ਸੇਵਾਦਾਰਾਂ ਦਾ ਭਰੋਸਾ ਵੀ ਜਿੱਤ ਲਿਆ ਹੈ। ਬੀਤੇ ਕੱਲ੍ਹ ਉਨ੍ਹਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੁਲਾਜ਼ਮਾਂ ਨੂੰ ਸੰਬੋਧਨ ਕਰਨ ਦੀ ਕਾਰਵਾਈ ਵੀ ਆਪਣੇਆਪ ਵਿੱਚ ਬੇਮਿਸਾਲ ਆਖੀ ਜਾ

ਸਕਦੀ ਹੈ। ਮੌਜੂਦਾ ਹਾਲਾਤਾਂ ਵਿੱਚ ਉਹ ਇਕੱਲੇ ਆਗੂ ਹਨ ਜੋ ਘਰ ਨਹੀਂ ਬੈਠੇ ਸਗੋਂ ਪੂਰੀ ਸ਼ਿੱਦਤ ਨਾਲ ਆਪਣੀ ਸਰਗਰਮੀ ਲਗਾਤਾਰ ਜਾਰੀ ਰੱਖ ਰਹੇ ਹਨ। ਉਨ੍ਹਾਂ ਨੇ ਪੈਦਾ ਹੋਈਆਂ ਗੁੰਝਲਦਾਰ ਅਤੇ ਸੰਵੇਦਨਸ਼ੀਲ ਚੁਣੌਤੀਆਂ ਅੱਗੇ ਹਥਿਆਰ ਸੁੱਟਣ ਦੀ ਥਾਂ ਆਪਣੇ ਢੰਗ-ਤਰੀਕੇ ਨਾਲ ਉਨ੍ਹਾਂ ਨਾਲ ਨਜਿੱਠਣ ਦਾ ਵੱਡਾ ਹੌਸਲਾ ਦਿਖਾਇਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਅਤੇ ਪ੍ਰਬੰਧਕਾਂ ਨਾਲ ਉਨ੍ਹਾਂ ਨੇ ਜਨਤਕ ਅਤੇ ਨਿੱਜੀ ਤੌਰ ’ਤੇ ਰਾਬਤਾ ਬਣਾ ਕੇ ਕਈ ਤਰ੍ਹਾਂ ਦੀਆਂ ਗਲਤਫਹਿਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਇਸ ਕੋਸ਼ਿਸ਼ ਕਾਰਨ ਹੀ ਸ਼੍ਰੋਮਣੀ ਕਮੇਟੀ ਸਮੂਹਿਕ ਤੌਰ ’ਤੇ ਇੱਕ ਜ਼ਿੰਮੇਵਾਰ ਸੰਸਥਾ ਵਜੋਂ ਕੰਮ ਕਰਦੀ ਦਿਸ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਇਸ ਕਾਬਲੀਅਤ ਅਤੇ ਸਰਗਰਮੀ ਕਾਰਨ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕੁਝ ਰਾਹਤ ਮਿਲੀ ਹੈ। ਜੇਕਰ ਜਥੇਦਾਰ ਅਵਤਾਰ ਸਿੰਘ ਅੱਗੇ ਆ ਕੇ ਸਥਿਤੀਆਂ ਦਾ ਸਾਹਮਣਾ ਨਾ ਕਰਦੇ ਤਾਂ ਸ਼ਾਇਦ ਹਾਲਾਤ ਕਾਬੂ ਤੋਂ ਬਾਹਰ ਹੋ ਜਾਣੇ ਸਨ।। ਉਨ੍ਹਾਂ ਦਾ ਸੰਜਮਮਈ ਵਤੀਰਾ ਅਤੇ ਗੁਰਮਤਿ ਸੱਭਿਆਚਾਰ ਮੁਤਾਬਿਕ ਰਣਨੀਤਕ ਪੈਂਤੜਾ ਮੌਜੂਦਾ ਸਥਿਤੀਆਂ ’ਚ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ। ਸਭ ਤੋਂ ਬਿਹਤਰ ਗੱਲ ਇਹ ਹੈ ਕਿ ਉਨ੍ਹਾਂ ਨੇ ਸਥਿਤੀ ਨਾਲ ਨਿਪਟਣ ਸਮੇਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਵਿੱਚ ਲੈਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾਵਾਂ ਨਾਲ ਲਗਾਤਾਰ ਤਾਲਮੇਲ ਬਣਾਈ ਰੱਖਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਇਸ ਕਾਬਲੀਅਤ ਕਾਰਨ ਹੀ ਸਥਿਤੀ ਵਿਸਫੋਟਕ ਹੋਣ ਤੋਂ ਟਲ ਗਈ ਹੈ। ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਵੀ ਇਹ ਅਹਿਸਾਸ ਪਾਇਆ ਜਾ ਰਿਹਾ ਹੈ ਕਿ ਜਥੇਦਾਰ ਅਵਤਾਰ ਸਿੰਘ ਮੌਜੂਦਾ ਸਮੇਂ ਇੱਕ ਸੰਕਟਮੋਚਕ ਵਜੋਂ ਕੰਮ ਕਰਦੇ ਨਜ਼ਰ ਆਏ ਹਨ। ਉਨ੍ਹਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸੰਜਮਮਈ ਵਤੀਰੇ ਦੀ ਦਿੱਤੀ ਗਈ ਸਲਾਹ ਦਾ ਵੀ ਕਾਫੀ ਅਸਰ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਯਤਨਾਂ ਨਾਲ ਬਾਕੀ ਰਹਿੰਦੇ ਮਸਲੇ ਵੀ ਹੱਲ ਹੋਣ ਵੱਲ ਵਧ ਰਹੇ ਹਨ।

WRITTEN BY