ਬਠਿੰਡਾ, 8 ਅਕਤੂਬਰ (ਅੰਗਰੇਜ਼ ਜੰਡਾਂਵਾਲਾ)- ਪੰਜਾਬ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ ਅੱਜ ਜ਼ਿਲ੍ਹੇ ਦੇ ਪਿੰਡ ਜਗਾ ਰਾਮ ਤੀਰਥ ਵਿਖੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਨਵੇਂ ਤੇ ਨਵਿਆਉਣਯੋਗ ਊਰਜਾ ਸਰੋਤ, ਮਾਲ, ਸੂਚਨਾ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਕੀਤਾ। 132 ਏਕੜ ਵਿਚ ਫੈਲੇ ਇਸ ਸੂਰਜੀ ਊਰਜਾ ਪਲਾਂਟ ਦੀ ਸਮੱਰਥਾ 32 ਮੈਗਾਵਾਟ ਹੈ ਅਤੇ ਇਸ ਨੂੰ ਵੇਲਸਪਨ ਸੋਲਰ ਪੰਜਾਬ ਪ੍ਰਾਈਵੇਟ ਲਿਮਟਿਡ ਨੇ 223 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਕੀਤਾ ਹੈ। ਇਹ ਸੋਲਰ ਪਲਾਂਟ ਜ਼ਿਲ੍ਹੇ ਦੇ ਪਿੰਡਾਂ ਜਗਾ ਰਾਮ ਤੀਰਥ ਅਤੇ ਤਿਓਣਾ ਪੁਜਾਰੀਆਂ ਵਿਖੇ ਸਥਾਪਿਤ ਕੀਤਾ ਗਿਆ ਹੈ। ਕੰਪਨੀ ਨੇ ਇਨ੍ਹਾਂ ਦੋਹਾਂ ਪਿੰਡਾਂ ਵਿਚ ਸੂਰਜੀ ਊਰਜਾ ਵਾਲੀਆਂ ਸਟਰੀਟ
ਲਾਈਟਾਂ ਲਗਾਉਣ ਦਾ ਵੀ ਐਲਾਨ ਕੀਤਾ ਹੈ। ਇਸ ਮੌਕੇ ਆਪਣੇ ਸੰਬੋਧਨ ਵਿਚ ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿੱਥੇ ਕਿਸਾਨਾਂ ਨੂੰ ਸੂਰਜੀ ਊਰਜਾ ਉਤਪਾਦਨ ਦੇ ਖੇਤਰ ਵਿਚ ਉਦਮੀ ਵਜੋਂ ਵਪਾਰਕ ਮੌਕੇ ਪ੍ਰਦਾਨ ਕਰਨ ਲਈ ਸਕੀਮ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਗਲੇ ਪੰਜ ਸਾਲਾਂ ਵਿਚ ਹਰ ਬਲਾਕ ਵਿਚ ਅਜਿਹੇ 15 ਯੂਨਿਟ ਸਥਾਪਿਤ ਕਰਨ ਅਤੇ ਸੂਬੇ ਦੀਆਂ ਕੁੱਲ ਊਰਜਾ ਜ਼ਰੂਰਤਾਂ ਦਾ 10 ਫੀਸਦੀ ਸੂਰਜੀ ਊਰਜਾ ਤੋਂ ਪ੍ਰਾਪਤ ਕਰਨ ਦਾ ਟੀਚਾ ਮਿਥਿਆ ਹੈ। ਸੂਬੇ ਦੇ ਕਿਸਾਨਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਘੱਟੋ ਘੱਟ ਸਮੱਰਥਨ ਮੁੱਲ ਸਮੇਤ ਹੋਰ ਕਿਰਸਾਨੀ ਮੁੱਦਿਆਂ ਦੇ ਹੱਲ ਲਈ ਜਲਦ ਹੀ ਪ੍ਰਧਾਨ ਮੰਤਰੀ ਨੂੰ ਮਿਲਣਗੇ। ਇਸ ਮੌਕੇ ਸ: ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਨਵੀਂ ਸਕੀਮ ਲੈ ਕੇ ਆ ਰਹੀ ਹੈ, ਜਿਸ ਤਹਿਤ ਕਿਸਾਨ ਆਪਣੀ ਜ਼ਮੀਨ ਤੇ ਵਪਾਰਕ ਘਰ੍ਯਾਣਿਆਂ ਨਾਲ ਮਿਲ ਕੇ ਸੂਰਜੀ ਊਰਜਾ ਪਲਾਂਟ ਲਗਾ ਸਕਣਗੇ। ਇਸ ਤਹਿਤ ਕਿਸਾਨ ਅਤੇ ਕੰਪਨੀ ਵਿਚਕਾਰ 25 ਸਾਲ ਲਈ ਸਹਿਮਤੀ ਪੱਤਰ ਦੇ ਹਸਤਾਖ਼ਰ ਹੋਣਗੇ ਅਤੇ ਦੋਹੇਂ 50-50 ਫੀਸਦੀ ਦੀ ਹਿੱਸੇਦਾਰੀ ਨਾਲ ਸੂਰਜੀ ਊਰਜਾ ਪਲਾਂਟ ਸਥਾਪਿਤ ਕਰ ਸਕਣਗੇ। ਇਸ ਸਕੀਮ ਤਹਿਤ 500 ਮੈਗਾਵਾਟ ਊਰਜਾ ਦੀ ਪੈਦਾਵਾਰ ਦਾ ਟੀਚਾ ਹੈ ਅਤੇ ਸਰਕਾਰ ਇਸ ਲਈ ਸਬਸਿਡੀ ਵੀ ਦੇਵੇਗੀ।ਇਸ ਤੋਂ ਪਹਿਲਾਂ ਬੀਬੀ ਬਾਦਲ ਅਤੇ ਸ੍ਰ. ਮਜੀਠੀਆ ਨੇ ਯਾਤਰੀ ਨਿਵਾਸ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ 10 ਪਿੰਡਾਂ ਦੇ ਯੂਥ ਕਲੱਬਾਂ ਨੂੰ ਪਾਣੀ ਵਾਲੇ ਟੈਂਕਰ ਵੀ ਦਿੱਤੇ। ਇਨ੍ਹਾਂ ਪਿੰਡਾਂ ਵਿਚ ਬੰਗੀ ਰੁਘੂ, ਤਰਖਾਣ ਵਾਲਾ, ਕਮਾਲੂ, ਗਾਟਵਾਲੀ, ਲਹਿਰੀ, ਮਾਹੀਨੰਗਲ, ਬੰਗੀ ਨਿਹਾਲ ਸਿੰਘ, ਗੁਰੂਸਰ ਜਗਾ, ਫੁੱਲੋਖਾਰੀ ਅਤੇ ਸਿੰਗੋ ਸ਼ਾਮਲ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਟੀ.ਆਰ. ਕਿਸ਼ੋਰ ਨਾਇਰ ਪ੍ਰਧਾਨ ਵੇਲਸਪਨ ਰਿਨਿਉਵਲਜ਼, ਸ਼੍ਰੀ ਵਨੀਤ ਮਿੱਤਲ ਵਾਈਸ ਚੇਅਰਮੈਨ ਵੇਲਸਪਨ ਰਿਨਿਉਵਲਜ਼, ਵਿਧਾਇਕ ਸ੍ਰੀ ਜੀਤਮਹਿੰਦਰ ਸਿੰਘ ਸਿੱਧੂ, ਸਾਬਕਾ ਵਿਧਾਇਕ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ: ਜਗਦੀਪ ਸਿੰਘ ਨਕਈ, ਡਾਇਰੈਕਟਰ ਪੇਡਾ ਸ੍ਰੀ ਬਲੌਰ ਸਿੰਘ, ਸ: ਹਰਜਿੰਦਰ ਸਿੰਘ ਸਿੱਧੂ ਸਹਾਇਕ ਮੀਡੀਆ ਸਲਾਹਕਾਰ ਉਪ ਮੁੱਖ ਮੰਤਰੀ ਪੰਜਾਬ ਵੀ ਹਾਜ਼ਰ ਸਨ।



