ਬਟਾਲਾ, 12 ਜੁਲਾਈ (ਸਰਵਣ ਸਿੰਘ ਘੁਮਾਣ)-ਪਿਛਲੇ ਦਿਨੀਂ ਬਟਾਲਾ ਪੁਲਿਸ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਤਕਰੀਬਨ 100 ਪਰਚੇ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਕਈ ਲੋਕਾਂ ਉੱਤੇ ਨਜਾਇਜ਼ ਮਾਮਲੇ ਦਰਜ ਕਰਨ ਸਬੰਧੀ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪ੍ਰਕਾਸ਼ ਸਿੰਘ ਸੈਕਟਰੀ ਇੰਚਾਰਜ ਸਿੰਬਲ ਚੌਂਕੀ ਨੇ ਕਈਆਂ ਲੋਕਾਂ ਨੂੰ ਰੰਗੇ ਹੱਥੀਂ ਫੜਿਆ ਪਰ ਉਨ੍ਹਾਂ ਕੋਲੋਂ ਮੋਟੀ ਰਿਸ਼ਵਤ ਲੈ ਕੇ ਛੱਡ ਦਿੱਤਾ ਗਿਆ। ਅੱਜ ਵੀ ਪ੍ਰਕਾਸ਼ ਸਿੰਘ ਸੈਕਟਰੀ ਦੀ ਏਨੀ ਦਹਿਸ਼ਤ ਹੈ ਕਿ ਜਦੋਂ ਵੀ ਕਿਸੇ ਨੂੰ ਗ੍ਰਿਫਤਾਰ ਕਰਦਾ ਹੈ ਤਾਂ ਫੜੇ ਗਏ ਵਿਅਕਤੀ ਡਰਦੇ ਮਾਰੇ ਮੋਟੀ ਰਕਮ ਦੀ ਆਫ਼ਰ ਕਰ ਦਿੰਦੇ ਹਨ ਕਿ ਕਿਤੇ ਉਨ੍ਹਾਂ ‘ਤੇ ਝੂਠਾ ਹੀ ਨਸ਼ੀਲਾ ਪਾਊਡਰ ਨਾ ਪਾ ਦੇਵੇ।

ਇਹ ਵੀ ਪਤਾ ਲੱਗਾ ਹੈ ਕਿ ਨਸ਼ਿਆਂ ਦੇ ਸੌਦਾਗਰਾਂ ਨੂੰ ਫੜਨ ਵਾਲਾ ਆਪ ਮੈਡੀਕਲ ਨਸ਼ੇ ਵਿੱਚ ਗਲਤਾਨ ਰਹਿੰਦਾ ਹੈ। ਜੇਕਰ ਮੈਡੀਕਲ ਕਰਵਾਇਆ ਜਾਵੇ ਤਾਂ ਬਟਾਲੇ ਦੇ 10-20 ਪ੍ਰਤੀਸ਼ਤ ਪੁਲਿਸ ਮੁਲਾਜ਼ਮ ਨਸ਼ੇੜੀ ਪਾਏ ਜਾ ਸਕਦੇ ਹਨ।ਇਹ ਵੀ ਜ਼ਿਕਰਯੋਗ ਹੈ ਕਿ ਕੋਈ ਵੀ ਸਮਾਜਸੇਵੀ ਜਥੇਬੰਦੀ ਜਾਂ ਮੀਡੀਆ ਦੇ ਨੁਮਾਇੰਦੇ ਉਸ ਵਿਰੁੱਧ ਇਸ ਕਰਕੇ ਨਹੀਂ ਬੋਲਦੇ ਕਿਉਂਕਿ ਸਾਰਿਆਂ ਨੂੰ ਏਨਾ ਡਰਾਇਆ ਹੋਇਆ ਹੈ ਕਿ ਜੇਕਰ ਕਿਸੇ ਨੇ ਕੁਝ ਲਿਖਿਆ ਤਾਂ ਉਸ ਉਪਰ ਕੋਈ ਨਸ਼ੀਲਾ ਪਦਾਰਥ ਪਾਕੇ ਜੇਲ੍ਹ ਹੀ ਨਾ ਭੇਜ ਦੇਵੇ। ਇਹ ਚੌਕੀ ਪੁਲਿਸ ਨੇ ਨਜਾਇਜ਼ ਜਗ੍ਹਾ ‘ਤੇ ਕਬਜ਼ਾ ਕਰਕੇ ਬਣਾਈ ਹੈ ਜਿਹੜੀ ਕਾਹਨੂੰਵਾਲ ਰੋਡ ਉਪਰ ਸਥਿਤ ਹੈ। ਪੁਲਿਸ ਚੌਕੀ ਅਤੇ ਉਸ ਵਿੱਚ ਨਸ਼ੇ ‘ਚ 24 ਘੰਟੇ ਧੁੱਤ ਰਹਿਣ ਵਾਲੇ ਇੰਚਾਰਜ ਕੋਲੋਂ ਲੋਕਾਂ ਨੂੰ ਇਨਸਾਫ ਕਿਵੇਂ ਮਿਲ ਸਕਦਾ ਹੈ? ਜਦੋਂ ਕਿ ਉਥੇ ਨਸ਼ੇਬਾਜ ਇੰਚਾਰਜ ਸਾਹਿਬ ਕੋਲ ਐਂਟੀ ਫਰਾਡ ਸੈੱਲ ਦਾ ਵੀ ਚਾਰਜ ਹੈ। ਕੀ ਪੂਰੇ ਪੁਲਿਸ ਜ਼ਿਲ੍ਹਾ ਬਟਾਲਾ ਕੋਲ ਇਹ ਹੀ ਇੱਕ ਅਫਸਰ ਬਚਿਆ ਹੈ ਜਾਂ ਇਸ ਨਾਲ ਅੰਦਰਖਾਤੇ ਕੋਈ ਗੰਢਤੁੱਪ ਹੈ? ਕੀ ਪੁਲਿਸ ਅਧਿਕਾਰੀ ਇਸ ਗੱਲ ਦਾ ਕੋਈ ਜਵਾਬ ਦੇਣਗੇ ਕਿ ਪੁਲਿਸ ਵਿੱਚ ਭਰਤੀ ਹੋਣ ਲਈ ਆਮ ਆਦਮੀ ਦਾ ਕੱਦ ਪੰਜ ਫੁੱਟ ਸੱਤ ਇੰਚ ਤੋਂ ਘੱਟ ਹੋਵੇ ਤਾਂ ਉਸਨੂੰ ਪੁਲਿਸ ਵਿੱਚ ਭਰਤੀ ਨਹੀਂ ਕੀਤਾ ਜਾਂਦਾ। ਫਿਰ ਪੰਜ ਫੁੱਟੇ (ਸੱਤ ਜਵਾਨ) ਨੂੰ ਪੁਲਿਸ ਦੀ ਨੌਕਰੀ ਕਿਸ ਤਰ੍ਹਾਂ ਮਿਲੀ ਤੇ ਇਸਦੇ ਇਹ ਸਟਾਰ ਕਿਸ ਤਰ੍ਹਾਂ ਲੱਗੇ? ਇਸ ਸਾਰੇ ਭੇਦ ਬਾਰੇ ਜਾਣਨਾ ਅਜੇ ਬਾਕੀ ਹੈ। ਪੁਲਿਸ ਕਰਿਮਨਲ ਬਰੇਨ ਵਾਲੇ ਲੋਕਾਂ ਨੂੰ ਹੀ ਇਸ ਚੌਕੀ ਵਿੱਚ ਕਿਉਂ ਲਗਾਉਂਦੀ ਹੈ? ਇਸ ਤੋਂ ਪਹਿਲਾਂ ਏਥੇ 2-3 ਪਰਚੇ ਦਰਜ ਹੋਣ ਦੇ ਬਾਵਜੂਦ ਵੀ ਵਿੱਦਿਆ ਸਾਗਰ ਇੰਚਾਰਜ ਰਿਹਾ, ਜਿਸ ਨੇ ਬੇਦੋਸ਼ੇ ਲੋਕਾਂ ਨੂੰ ਏਨਾ ਕੁੱਟਿਆ ਪਰ ਕਿਸੇ ਵੀ ਅਧਿਕਾਰੀ ਨੇ ਉਸ ਨੂੰ ਲਗਾਮ ਪਾਉਣ ਦੀ ਜਗ੍ਹਾ ਖੁੱਲ੍ਹ ਦੇ ਰੱਖੀ ਸੀ, ਜਿਸ ਕਾਰਨ ਇਕ ਵਿਅਕਤੀ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਗਿਆ। ਜਦੋਂ ਸ਼ਹਿਰ ਵਾਸੀ ਰੋਹ ਵਿੱਚ ਆਏ ਤਾਂ ਪੁਲਿਸ ਨੂੰ ਉਸ ਉੱਤੇ ਕਤਲ ਦਾ ਮਾਮਲਾ ਦਰਜ ਕਰਨਾ ਪਿਆ ਉਸ ਤੋਂ ਬਾਅਦ ਇਸ ਚੌਕੀ ਵਾਸਤੇ ਮਿਸਟਰ ਸੱਤ ਜਵਾਨ ਨੂੰ ਲਗਾਇਆ ਗਿਆ ਤੇ ਇਨ੍ਹਾਂ ਨੇ ਕੇਸਾਂ ਵਿੱਚ ਢਿੱਲ ਨਹੀਂ ਲਿਆਂਦੀ, ਜਿਸ ਦੀ ਵੀ ਗਰਦਨ ਇਨ੍ਹਾਂ ਦੇ ਹੱਥ ਆਈ ਉਸੇ ਉਪਰ ਹੀ ਇਨ੍ਹਾਂ ਨੇ ਘੱਟੋ-ਘੱਟ ਅੱਧਾ ਕਿੱਲੋ ਪਾਊਡਰ ਪਾਕੇ ਜੇਲ੍ਹ ਭੇਜ ਦਿੱਤਾ। ਚਾਹੇ ਉਹ ਜਾਇਜ਼ ਸੀ ਜਾਂ ਨਜਾਇਜ਼। ਇਨ੍ਹਾਂ ਨੇ ਕਰੀਬ 100 ਕੇਸ ਕੇਵਲ ਇੱਕ-ਡੇਢ ਮਹੀਨੇ ਵਿੱਚ ਦਰਜ ਕਰਕੇ ਬੜੀ ਵਾਹ-ਵਾਹ ਖੱਟੀ ਹੈ। ਅਸਲੀਅਤ ਵਿੱਚ ਕਿੰਨੇ ਬੇਦੋਸ਼ੇ ਲੋਕਾਂ ਦੇ ਘਰ ਬਰਬਾਦ ਹੋਏ ਹਨ ਇਨ੍ਹਾਂ ਬਾਰੇ ਜਾਣਨਾ ਅਜੇ ਬਾਕੀ ਹੈ?
ਨਸ਼ੇ ‘ਚ ਧੁੱਤ ਰਹਿਣ ਵਾਲੇ ਥਾਣਾ ਇੰਚਾਰਜ ਤੋਂ ਕਿਸੇ ਨੂੰ ਇਨਸਾਫ ਦੀ ਆਸ ਨਹੀਂ!



