Skip to content
Independent perspectives. Global stories.
BREAKING

ਸਾਡੀ ਸਰਕਾਰ ਆਉਣ ’ਤੇ ਬੁਢਾਪਾ ਪੈਨਸ਼ਨ 2000 ਰੁਪਏ ਅਤੇ ਸ਼ਗਨ ਸਕੀਮ ਦੀ ਰਕਮ 50 ਹਜ਼ਾਰ ਰੁਪਏ ਕਰ ਦਿੱਤੀ ਜਾਵੇਗੀ : ਕੈਪਟਨ

Share this story

ਰਈਆ, 10 ਸਤੰਬਰ (ਸੁਨੀਲ ਕੁਮਾਰ ਬਿੱਟੂ)- ਅੱਜ ਕਸਬਾ ਰਈਆ ਦੀ ਅਨਾਜ ਮੰਡੀ ਵਿੱਚ ਕਾਂਗਰਸ ਪਾਰਟੀ ਦੇ ਹਲਕਾ ਬਾਬਾ ਬਕਾਲਾ ਦੇ ਇੰਚਾਰਜ ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਦੀ ਅਗਵਾਈ ਵਿੱਚ ਭਰਵੀਂ ਰੈਲੀ ਕੀਤੀ ਗਈ ਜਿਸ ਵਿੱਚ ਹਲਕੇ ਭਰ ਵਿੱਚੋਂ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਸਮਰਥਕ ਪਹੁੰਚੇ ਹੋਏ ਸਨ। ਪਰ ਕਿਸੇ ਸਮੇਂ ਕੈਪਟਨ ਦੇ ਨਜ਼ਦੀਕੀ ਰਹੇ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਗਰੁੱਪ ਜੋ ਕਿ ਅੱਜ ਕੱਲ੍ਹ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਧੜੇ ਨਾਲ ਹੈ ਪੂਰੀ ਤਰ੍ਹਾਂ ਇਸ ਰੈਲੀ ਤੋਂ ਗੈਰ ਹਾਜ਼ਰ ਰਹੇ, ਜੋ ਕਿ ਸਾਰਾ ਦਿਨ ਚਰਚਾ ਦਾ ਵਿਸ਼ਾ ਵੀ ਰਿਹਾ।ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਅਕਾਲੀਆਂ ਵਿੱਚੋਂ ਸਿਰਫ ਬੁਲਾਰੀਆ ਹੀ ਇਕ ਬੰਦਾ ਹੈ ਜਿਸ ਨੇ ਗੁਰੂ ਨਗਰੀ ਅੰਮ੍ਰਿਤਸਰ ਦੇ ਲੋਕਾਂ ਦੇ ਹੱਕ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਇਹ ਪਤਾ ਹੈ ਕਿ ਅੰਮ੍ਰਿਤਸਰ ਨੂੰ ਤੰਬਾਕੂ ਅਤੇ ਸ਼ਰਾਬ ਰਹਿਤ ਰੱਖ ਕੇ ਪਵਿੱਤਰ ਬਣਾਉਣਾ ਹੈ ਪਰ ਇਹ ਨਹੀਂ ਪਤਾ ਸੀ ਕਿ ਇਸ ਨੂੰ ਬਦਬੂ ਰਹਿਤ ਅਤੇ ਪ੍ਰਦੂਸ਼ਣ ਮੁਕਤ ਵੀ ਕਰਨਾ ਹੈ ਜੋ ਭਗਤਾਂਵਾਲਾ ਕੂੜੇ ਦੇ ਡੰਪ ਦੇ ਹੁੰਦਿਆਂ ਸੰਭਵ ਨਹੀਂ ਹੈ। ਜਿਸ ਨਾਲ

ਸ਼ਹਿਰਵਾਸੀ ਨਿੱਤ ਨਵੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਕੇ ਮੌੋਤ ਦੇ ਮੂੰਹ ਵਿੱਚ ਜਾ ਰਹੇ ਹਨ। ਇਸ ਸਬੰਧ ਵਿੱਚ ਸਾਰੇ ਅਕਾਲੀ ਦਲ ਵਿੱਚੋਂ ਸਿਰਫ ਬੁਲਾਰੀਏ ਨੇ ਹੀ ਸੱਚ ਕਹਿਣ ਦੀ ਹਿੰਮਤ ਦਿਖਾਈ ਹੈ।ਇਸ ਮੁੱਦੇ ਤੇ ਮੈਂ ਉਸਦਾ ਸਮਰਥਨ ਕਰਦਾ ਹਾਂ। ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਕੈਲਿਫੋਰਨੀਆ ਬਣਾਉਣ ਦਾ ਸੁਪਨਾ ਦਿਖਾਉਣ ਵਾਲਾ ਬਾਦਲ ਅਤੇ ਉਸਦਾ ਪਰਿਵਾਰ ਕਿਸ ਵਿਕਾਸ ਦੀ ਗੱਲ ਕਰ ਰਿਹਾ ਹੈ, ਨਾ ਪਾਣੀ ਸਾਫ ਮਿਲ ਰਿਹਾ ਹੈ, ਨਾ ਹੀ ਪੂਰੀ ਬਿਜਲੀ ਮਿਲ ਰਹੀ ਹੈ ਅਤੇ ਸੜਕਾਂ ਦਾ ਬੁਰਾ ਹਾਲ ਹੈ। ਆਪਣੇ ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਦੱਸਣ ਵਾਲੀ ਬਾਦਲ ਸਰਕਾਰ ਦੇ ਰਾਜ ਵਿੱਚ ਰੋਜ਼ਾਨਾ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਕੀ ਕਿਸਾਨ ਹਿਤੈਸ਼ੀ ਸਰਕਾਰ ਅਜਿਹੀ ਹੁੰਦੀ ਹੈ। ਝੋਨਾ ਦੁਬਾਰਾ ਕੁਝ ਦਿਨਾਂ ਤੱਕ ਮੰਡੀਆਂ ’ਚ ਪਹੁੰਚਣ ਲਈ ਤਿਆਰ ਹੈ ਪਰ ਆੜ੍ਹਤੀਆਂ ਨੂੰ ਅੱਜੇ ਤੱਕ ਪਿਛਲ਼ੀ ਵੇਚੀ ਹੋਈ ਝੋਨੇ ਦੀ ਫਸਲ ਦੀ ਅਦਾਇਗੀ ਨਹੀਂ ਹੋ ਰਹੀ, ਜਿਸ ਦੀ ਜ਼ਿੰਮੇਵਾਰ ਵੀ ਪੰਜਾਬ ਵਿੱਚਲੀ ਬਾਦਲ ਸਰਕਾਰ ਹੈ। ਇਹੀ ਹਾਲ ਪੰਜਾਬ ਦੀਆਂ ਸ਼ੂਗਰਮਿੱਲਾਂ ਅਤੇ ਇੰਡਸਟਰੀ ਦਾ ਹੋ ਰਿਹਾ ਹੈ ਜੋ ਕਿ ਹੌਲੀ-ਹੌਲੀ ਪੰਜਾਬ ਤੋਂ ਬਾਹਰ ਪਲਾਇਨ ਕਰ ਰਹੀ ਹੈ ਜਿਸ ਦੇ ਜ਼ਿੰਮੇਵਾਰ ਵੀ ਮੁੱਖ ਮੰਤਰੀ ਬਾਦਲ ਅਤੇ ਸੁਖਬੀਰ ਬਾਦਲ ਹਨ, ਜਿਨ੍ਹਾਂ ਦੀ ਬਦੌਲਤ ਅੱਜ ਹਰ ਪੰਜਾਬੀ ਦੇ ਸਿਰ ’ਤੇ 1 ਲੱਖ 25 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੱੜ੍ਹ ਚੁੱਕਿਆ ਹੈ। ਕਣਕ ਦੇ ਭਾਅ ਰੇਤ ਵਿੱਕ ਰਹੀ ਹੈ। ਕੈਪਟਨ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਆਵੇਗੀ ਤਾਂ ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨਾਂ ਵਧਾ ਕੇ 2000 ਰੁਪਏ ਅਤੇ ਧੀਆਂ ਦੇ ਵਿਆਹ ’ਤੇ ਸ਼ਗਨ ਸਕੀਮ ਦੀ ਰਕਮ ਵੀ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤੀ ਜਾਵੇਗੀ। ਇਸ ਮੌਕੇ ਰਣਜੀਤ ਸਿੰਘ ਛੱਜਲਵੱਡੀ, ਰੈਲੀ ਪ੍ਰਬੰਧ ਦੇ ਚੇਅਰਮੈਨ ਸੁੱਚਾ ਸਿੰਘ ਪਹਿਲਵਾਨ, ਵਿਧਾਇਕ ਓ.ਪੀ. ਸੋਨੀ, ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਕਾਂਗਰਸ ਦੇ ਤਰਨਤਾਰਨ ਜ਼ਿਲ੍ਹਾ ਪ੍ਰਧਾਨ ਡਾ: ਧਰਮਵੀਰ ਅਗਨੀਹੋਤਰੀ, ਜ਼ਿਲ੍ਹਾ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ, ਰਮਨਜੀਤ ਸਿੰਘ ਸਿੱਕੀ, ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ, ਹਰਪ੍ਰਤਾਪ ਸਿੰਘ ਅਜਨਾਲਾ, ਦਿਨੇਸ਼ ਬੱਸੀ, ਗੁਰਵਿੰਦਰ ਮਾਹਲ, ਤਰਸੇਮ ਸਿੰਘ ਡੀ ਸੀ, ਰਮਨ ਬਹਿਲ, ਅਮਨਦੀਪ ਮਿੱਤਲ, ਹਰਪਾਲ ਸਿੰਘ ਚੌਹਾਨ, ਦਰਸ਼ਨ ਸਿੰਘ ਬਰਾੜ, ਨਰਜਿੰਦਰ ਸਿੰਘ ਲਾਲੀ ਅਤੇ ਸਤਿੰਦਰ ਸਿੰਘ ਛੱਜਲਵੱਡੀ ਆਦਿ ਹਾਜ਼ਰ ਸਨ।

WRITTEN BY