ਫਰੈਂਕਫਰਟ (ਜਰਮਨੀ), 9 ਸਤੰਬਰ (ਪੀ. ਟੀ.)- ਜਰਮਨੀ ਦੀ ਚਾਂਸਲਰ ਐਂਜਲਾ ਮਾਰਕਲ ਨੇ ਕਿਹਾ ਹੈ ਕਿ ਜਰਮਨੀ ’ਚ ਵੱਡੀ ਗਿਣਤੀ ’ਚ ਆ ਰਹੇ ਪ੍ਰਵਾਸੀਆਂ ਨਾਲ ਆਉਣ ਵਾਲੇ ਸਾਲਾਂ ’ਚ ਉਨ੍ਹਾਂ ਦਾ ਦੇਸ਼ ਬਦਲ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਰਮਨੀ ਸ਼ਰਨ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਕਰੇਗਾ ਅਤੇ 6 ਅਰਬ ਯੂਰੋ ਦੀ ਲਾਗਤ ਨਾਲ ਨਵੇਂ ਘਰ ਬਣਾਏ ਜਾਣਗੇ। ਮਾਰਕਲ ਨੇ ਇਹ ਵੀ ਕਿਹਾ ਕਿ ਜਰਮਨੀ ਸਿਰਫ ਆਪਣੇ ਬਲਬੂਤੇ ਇਸ ਸੰਕਟ ਦਾ ਹੱਲ ਨਹੀਂ ਕਰ ਸਕਦਾ। ਉਨ੍ਹਾਂ ਨੇ ਯੂਰਪੀ ਸੰਘ ਦੇ ਸਾਰੇ ਦੇਸ਼ਾਂ ਨੂੰ ਸ਼ਰਨਾਰਥੀ ਲੈਣ ਲਈ ਵੀ ਕਿਹਾ। ਜ਼ਿਕਰਯੋਗ ਹੈ ਕਿ ਇੱਕ ਹਫਤੇ ’ਚ 20 ਹਜ਼ਾਰ ਸ਼ਰਨਾਰਥੀ ਜਰਮਨੀ ਪਹੁੰਚੇ ਜਦਕਿ ਹਜ਼ਾਰਾਂ ਦੀ ਗਿਣਤੀ ਵਿੱਚ ਹੋਰ ਸ਼ਰਨਾਰਥੀਆਂ ਦੇ ਆਉਣ ਦੀ ਉਮੀਦ ਹੈ। ਉਧਰ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਨੇ ਕਿਹਾ ਕਿ ਯੂਰਪੀ ਸੰਘ ਦੀ ਤਾਜ਼ਾ ਕੰਮਕਾਜ ਦੇ ਹੇਠ ਪ੍ਰਵਾਸੀ ਕੋਟਾ (ਵੰਡ ਪ੍ਰਣਾਲੀ) ਆਸਾਨ ਨਹੀਂ ਹੋਵੇਗੀ। ਓਰਬਨ ਨੇ ਕਿਹਾ ਕਿ ਇਹ ਲੋਕ ਯੂਰਪੀ ਦੇਸ਼ਾਂ ’ਚ ਸੁਰੱਖਿਅਤ ਜੀਵਨ ਦੀ ਭਾਲ ’ਚ ਹਨ, ਇਹ ਸ਼ਰਨਾਰਥੀ ਨਹੀਂ ਹਨ, ਇਹ ਸਿਰਫ ਜਰਮਨੀ ਵਿੱਚ ਰਹਿਣ ਦੇ ਚੱਕਰ ’ਚ ਹਨ।


