ਸਾਰੇ ਮ੍ਰਿਤਕ ਸ਼ਰਧਾਲੂ ਪੰਜਾਬ ਨਾਲ ਸਬੰਧਿਤ
ਮਣੀਕਰਨ (ਕੁੱਲੂ), 18 ਅਗਸਤ (ਪੀ. ਟੀ. ਲਾਇਵ)- ਇੱਥੋਂ ਦੇ ਪ੍ਰਸਿੱਧ ਗੁਰਦੁਆਰਾ ਮਣੀਕਰਨ ਸਾਹਿਬ ਦੀ ਇਮਾਰਤ ਉ¤ਤੇ ਪਹਾੜ ਤੋਂ ਚੱਟਾਨਾਂ ਖਿਸਕ ਕੇ ਡਿੱਗਣ ਕਾਰਨ 10 ਸ਼ਰਧਾਲੂਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਪ੍ਰਾਪਤ ਰਿਪੋਰਟਾਂ ਅਨੁਸਾਰ ਹਾਲੇ ਤੱਕ ਮਲਬੇ ਵਿੱਚੋਂ ਕੇਵਲ 7 ਲਾਸ਼ਾਂ ਕੱਢੀਆਂ ਗਈਆਂ ਹਨ, ਜਦਕਿ ਮਲਬੇ ’ਚ ਕਈ ਹੋਰਨਾਂ ਦੇ ਦੱਬੇ ਹੋਣ ਦਾ ਸੰਦੇਹ ਹੈ। ਹਾਦਸੇ ਵਿੱਚ ਜ਼ਖਮੀ ਹੋਏ 10 ਵਿਅਕਤੀਆਂ ਜ਼ਿਲ੍ਹਾ ਹਸਪਤਾਲ ਕੁੱਲੂ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਮਾਰੇ ਗਏ ਸਾਰੇ ਸ਼ਰਧਾਲੂ ਪੰਜਾਬ ਨਾਲ ਸਬੰਧਿਤ ਹਨ ਅਤੇ ਘਟਨਾ ਵੇਲੇ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਠਹਿਰੇ ਹੋਏ ਸਨ। ਘਟਨਾ ਵਾਲੀ ਥਾਂ ’ਤੇ ਬਚਾਅ ਕਾਰਜ ਜ਼ੋਰਾਂ ’ਤੇ ਹਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ, ਸਾਬਕਾ ਮੰਤਰੀ ਖੀਮੀ ਰਾਮ, ਪ੍ਰਦੇਸ਼ ਭਾਜਪਾ ਪ੍ਰਧਾਨ ਰਾਮ ਸਿੰਘ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦਾ ਅਮਲਾ ਮੌਕੇ ’ਤੇ ਪੁੱਜਾ। ਮ੍ਰਿਤਕ ਸ਼ਰਧਾਲੂਆਂ ਦੀ ਸ਼ਨਾਖਤ
ਕੀਤੀ ਜਾ ਰਹੀ ਹੈ। ਇਹ ਹਾਦਸਾ ਦੁਪਹਿਰ ਬਾਅਦ ਹੋਇਆ ਦੱਸਿਆ ਜਾਂਦਾ ਹੈ। ਘਟਨਾ ਵਾਲੀ ਥਾਂ ’ਤੇ ਪੁੱਜੇ ਕੁੱਲੂ ਦੇ ਡਿਪਟੀ ਕਮਿਸ਼ਨਰ ਰਾਕੇਸ਼ ਕੰਵਰ ਨੇ 8 ਲਾਸ਼ਾਂ ਮਲਬੇ ’ਚੋਂ ਕੱਢੇ ਜਾਣ ਦੀ ਪੁਸ਼ਟੀ ਕੀਤੀ ਹੈ, ਜਦਕਿ ਹੋਰਨਾਂ ਦੀ ਭਾਲ ਜਾਰੀ ਹੈ। ਅੱਖੀਂ ਦੇਖਣ ਵਾਲਿਆਂ ਅਨੁਸਾਰ ਮੌਤਾਂ ਦੀ ਗਿਣਤੀ ਵਧ ਹੋ ਸਕਦੀ ਹੈ। ਇਹ ਸਾਰੇ ਵਿਅਕਤੀ ਗੁਰਦੁਆਰਾ ਸਾਹਿਬ ਦੇ ਨਾਲ ਲਗਦੀ ਸਰਾਂ ਵਿੱਚ ਠਹਿਰੇ ਹੋਏ ਸਨ। ਘਟਨਾ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਹੋਰ ਅਹੁਦੇਦਾਰ ਅਤੇ ਸਥਾਨਕ ਲੋਕ ਤੁਰੰਤ ਮਦਦ ਲਈ ਪਹੁੰਚੇ। ਘਟਨਾ ਦਾ ਪਤਾ ਲਗਦਿਆਂ ਹੀ ਐਡੀਸ਼ਨਲ ਜ਼ਿਲ੍ਹਾ ਮੈਜਿਸਟ੍ਰੇਟ, ਸਬ ਡਵੀਜ਼ਨਲ ਮੈਜਿਸਟ੍ਰੇਟ ਕੁੱਲੂ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਪੁੱਜੇ। ਜ਼ਖਮੀਆਂ ’ਚੋਂ 7 ਦੀ ਹਾਲਤ ਚਿੰਤਾਜਨਕ ਦੱਸੀ ਜਾਂਦੀ ਹੈ। ਪਿਛਲੇ ਕਈ ਦਿਨਾਂ ਤੋਂ ਕੁੱਲੂ ਵਿੱਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਮੰਗਲਵਾਰ ਨੂੰ ਤੇਜ਼ ਧੁੱਪ ਨਿਕਲੀ ਸੀ। ਦੱਸਿਆ ਜਾਂਦਾ ਹੈ ਕਿ ਬਾਰਿਸ਼ ਦੇ ਬਾਅਦ ਤੇਜ਼ ਧੁੱਪ ਦੀ ਵਜ੍ਹਾ ਕਾਰਨ ਪਹਾੜ ਦੇ ਇੱਕ ਹਿੱਸੇ ਵਿੱਚ ਦਰਾਰ ਆ ਗਈ। ਮੰਗਲਵਾਰ ਦੁਪਹਿਰ ਪਹਾੜ ਦੀ 500 ਮੀਟਰ ਦੀ ਉਚਾਈ ਤੋਂ ਚੱਟਾਨਾਂ ਖਿਸਕਦੀਆਂ ਹੋਈਆਂ ਗੁਰਦੁਆਰਾ ਸਾਹਿਬ ਦੀ ਇਮਾਰਤ ਉ¤ਪਰ ਡਿੱਗੀਆਂ। ਚੱਟਾਨਾਂ ਮੁੱਖ ਤੌਰ ’ਤੇ ਗੁਰਦੁਆਰਾ ਸਾਹਿਬ ਦੀ ਸਰਾਂ ਉ¤ਪਰ ਡਿੱਗੀਆਂ। ਇਮਾਰਤ ਨੂੰ ਨੁਕਸਾਨ ਪਹੁੰਚਾਉਣ ਬਾਅਦ ਚੱਟਾਨਾਂ ਪਾਰਵਤੀ ਨਦੀ ’ਚ ਜਾ ਡਿੱਗੀ। ਬਚਾਅ ਟੀਮਾਂ ਵਿੱਚ ਆਈਟੀਬੀਪੀ ਦੇ 30 ਜਵਾਨ ਵੀ ਸ਼ਾਮਿਲ ਹਨ। ਇਹ ਜਵਾਨ ਮਾਉਂਟੇਨਰਿੰਗ ਵਿੱਚ ਮਾਹਿਰ ਹਨ। ਇਨ੍ਹਾਂ ਨੂੰ ਮਲਬੇ ’ਚ ਦੱਬੇ ਸ਼ਰਧਾਲੂਆਂ ਨੂੰ ਬਚਾਉਣ ਲਈ ਭੇਜਿਆ ਗਿਆ ਹੈ।



