ਪਟਿਆਲਾ, 17 ਅਗਸਤ (ਜਗਦੀਸ਼ ਕੁਮਾਰ)- ਪਟਿਆਲਾ ਦੀ ਵਿਧਾਇਕਾ ਸ਼੍ਰੀਮਤੀ ਪ੍ਰਨੀਤ ਕੌਰ ਨੇ ਅੱਜ ਇੱਥੇ ਹਰਿਆਊ ਖੁਰਦ ਵਿੱਚ ਪਿਛਲੇ ਦਿਨੀਂ ਪੰਚਾਇਤੀ ਜ਼ਮੀਨ ਦਾ ਕਬਜ਼ਾ ਲੈਣ ਸਮੇਂ ਪ੍ਰਸ਼ਾਸਨਿਕ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆਂ ਕੀਤੀ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਅੰਤਰਿਮ ਫੈਸਲੇ ਦੇ ਸਨਮੁੱਖ ਇਹ ਘਟਨਾ ਆਸਾਨੀ ਨਾਲ ਟਾਲੀ ਜਾ ਸਕਦੀ ਸੀ। ਸ਼੍ਰੀਮਤੀ ਪ੍ਰਨੀਤ ਕੌਰ ਨੇ ਹਰਿਆਊ ਖੁਰਦ ਦੇ ਪ੍ਰਭਾਵਿਤ ਪਰਿਵਾਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਮਾਨਯੋਗ ਸੁਪਰੀਮ ਕੋਰਟ ਦੇ ‘ਸਟੇਟਸ ਕੋ’ ਦੇ ਹੁਕਮ ਤਹਿਤ ਉਜਾੜੇ ਗਏ ਪਰਿਵਾਰਾਂ ਦੇ ਮੁੜ-ਵਸੇਬੇ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ ਅਤੇ ਉਹਨਾਂ ਨੂੰ ਮਿਲ ਰਹੀਆਂ ਪਾਣੀ, ਬਿਜਲੀ ਆਦਿ ਦੀਆਂ ਸਾਰੀਆਂ ਸਹੂਲਤਾਂ ਬਹਾਲ ਕੀਤੀਆਂ ਜਾਣ। ਇਸ ਅਵਸਰ ਤੇ ਸ਼ਤਰਾਣਾ ਦੇ ਸਾਬਕਾ ਵਿਧਾਇਕ ਨਿਰਮਲ ਸਿੰਘ ਅਤੇ ਹੋਰਪਤਵੰਤੇ ਵੱਡੀ ਗਿਣਤੀ ਵਿੱਚ ਹਾਜਰ ਸਨ। ਧਰਨੇ ਵਿੱਚ ਸ਼ਾਮਲ ਕਈ ਛੋਟੀਆਂ ਬੱਚੀਆਂ ਤੋਂ ਪੁਲਿਸ ਤਸਦੱਦ ਦੀ ਦਾਸਤਾਨ ਸੁਣ ਕੇ ਸ਼੍ਰੀਮਤੀ ਪ੍ਰਨੀਤ ਕੌਰ ਵੀ ਭਾਵੁਕ ਹੋ ਗਏ। ਬੱਚੀਆਂ ਨੇ ਬਿਆਨਿਆ ਕਿ ਉਹਨਾਂ ਦੇ ਪਰਿਵਾਰ ਥੋੜ੍ਹੇ-ਥੋੜ੍ਹੇ ਰਕਬੇ ਤੇ ਕਾਬਜ਼ ਸਨ ਜਿੱਥੇ ਉਹ ਸਬਜੀਆਂ ਵਗੈਰਾ ਦੀ ਕਾਸ਼ਤ ਕਰਦੇ ਸਨ। ਇਹ ਛੋਟੀਆਂ ਬੱਚੀਆਂ ਹਰ ਰੋਜ ਸਬਜੀਆਂ ਤੋੜਣ ਅਤੇ ਉਹਨਾਂ ਨੂੰ ਮੰਡੀ ਭੇਜਣ ਵਿੱਚ ਆਪਣੇ ਮਾਪਿਆਂ ਦਾ ਹੱਥ ਵਟਾਉਦੀਂਆ ਸਨ ਅਤੇ ਉਸਤੋਂ ਬਾਅਦ ਆਪਣੀ ਪੜਾਈ ਲਈ ਸਕੂਲ ਜਾਂਦੀਆਂ ਸਨ। ਸਕੂਲ ਤੋਂ ਬਾਅਦ ਵੀ ਉਹ ਇਸ ਕੰਮ ਵਿੱਚ ਆਪਣੇ ਪਰਿਵਾਰਾਂ ਦਾ ਪੂਰਾ ਸਹਿਯੋਗ ਦਿੰਦੀਆਂ ਸਨ। ਉਹਨਾਂ ਕਿਹਾ ਕਿ ਸਰਕਾਰ ਦੇ ‘ਬੇਟੀ ਬਚਾਓ ਅਤੇ ਬੇਟੀ ਪੜਾਓ’ ਦੇ ਸਾਰੇ ਨਾਅਰੇ ਖੋਖਲੇ ਹਨ ਕਿਉਂਕਿ ਉਹਨਾਂ ਨਾਲ ਜੋ ਵਾਪਰਿਆ ਉਹ ਉਸਦੇ ਸਨਮੁੱਖ ਆਪਣੇ ਆਪ ਨੂੰ ਸੁਰਖਿਅਤ ਮਹਿਸੂਸ ਨਹੀਂ ਕਰਦੀਆਂ। ਪ੍ਰਸ਼ਾਸਨ ਦੀ ਇਸ ਕਾਰਵਾਈ ਨਾਲ ਲਗਭਗ 60 ਪਰਿਵਾਰ ਬੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਜਿਹਨਾਂ ਵਿੱਚ 90 ਪ੍ਰਤੀਸ਼ਤ ਲੋਕ ਸਮਾਜ ਦੇ ਪਛੜੇ ਵਰਗਾਂ ਨਾਲ ਸੰਬੰਧਿਤ ਹਨ ਜਿਹਨਾਂ ਦੀ ਰੋਜ਼ੀ-ਰੋਟੀ ਦਾ ਹੁਣ ਕੋਈ ਸਾਧਨ ਨਹੀਂ ਰਿਹਾ। ਇੱਥੇ ਜਿਕਰ ਕਰਨਾ ਬਣਦਾ ਹੈ ਕਿ ਇਹਨਾਂ ਵਿੱਚ 80 ਫੀਸਦੀ ਉਹ ਲੋਕ ਹਨ ਜਿਹੜੇ ਸੰਨ 1947 ਤੋਂ ਪਹਿਲਾਂ ਪਾਕਿਸਤਾਨੀ ਪੰਜਾਬ ਤੋਂ ਉਜੜ ਕੇ ਆਏ ਅਤੇ ਉਹਨਾਂ ਨੇ ਦੇ ਇਹਨਾਂ ਜ਼ਮੀਨਾਂ ਨੂੰ ਆਬਾਦ ਕਰਨ ਵਿੱਚ ਕਰੜੀ ਮਿਹਨਤ ਕੀਤੀ। ਉਸ ਵੇਲੇ ਤਾਂ ਪੰਚਾਇਤੀ ਜ਼ਮੀਨਾਂ ਦੀ ਸਾਂਭ-ਸੰਭਾਲ ਬਾਰੇ ਕੋਈ ਕਾਨੂੰਨ ਵੀ ਹੋਂਦ ਵਿੱਚ ਨਹੀਂ ਸਨ।



