ਅੱਜ ਸਾਡੇ ਮੁਲਕ ਨੇ ਆਜ਼ਾਦੀ ਦੇ 68 ਵਰ੍ਹੇ ਮੁਕੰਮਲ ਕਰ ਲਏ ਹਨ। ਇਨ੍ਹਾਂ ਸਾਲਾਂ ਦੌਰਾਨ ਭਾਰਤ ਨੇ ਅਮਨ-ਸ਼ਾਂਤੀ, ਸਦਭਾਵਨਾ ਤੇ ਤਰੱਕੀ ਪ੍ਰਤੀ ਦ੍ਰਿੜ ਵਚਨਬੱਧਤਾ ਸਦਕਾ ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਸਥਾਨ ਹਾਸਲ ਕੀਤਾ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਦੁਨੀਆਂ ਭਰ ਵਿੱਚ ਰਹਿ ਰਹੇ ਪੰਜਾਬੀਆਂ ਵੱਲੋਂ ਦਿਲੋਂ ਮੁਬਾਰਕਬਾਦ ਦਿੰਦਾ ਹਾਂ। ਮੈਂ ਇਸ ਪਵਿੱਤਰ ਮੌਕੇ ਕੌਮੀ ਆਜ਼ਾਦੀ ਸੰਘਰਸ਼ ਦੌਰਾਨ ਲਾਮਿਸਾਲ ਬਲਿਦਾਨ ਦੇਣ ਵਾਲੇ ਜਾਣੇ ਤੇ ਅਣਜਾਣੇ ਮਹਾਨ ਨਾਇਕਾਂ ਨੂੰ ਸਲਾਮ ਕਰਦਾਂ ਹਾਂ ਜਿਨ੍ਹਾਂ ਦੀ ਬਦੌਲਤ ਅਸੀਂ ਇਸ ਦੇਸ਼ ਵਿੱਚ ਮਾਣ ਨਾਲ ਆਜ਼ਾਦ ਨਾਗਰਿਕ ਵਜੋਂ ਰਹਿ ਰਹੇ ਹਾਂ। ਆਓ, ਅਸੀਂ ਅੱਜ ਦੇ ਇਸ ਮੌਕੇ ਆਜ਼ਾਦੀ ਸੰਘਰਸ਼ ਦੇ ਮਹਾਨ ਨਾਇਕਾਂ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੇ ਆਪ ਨੂੰ ਮੁੜ ਸਮਰਪਿਤ ਕਰੀਏ।ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਦੇ ਵਿਲੱਖਣ ਅਤੇ ਲਾਮਿਸਾਲ ਯੋਗਦਾਨ ਨੂੰ ਮੈਂ ਬਹੁਤ ਮਾਣ ਨਾਲ ਚੇਤੇ ਕਰਦਾ ਹਾਂ। ਪੰਜਾਬ ਦਾ ਮਹਾਨ ਸਪੂਤ ਭਾਈ ਮਹਾਰਾਜ ਸਿੰਘ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਬਲਿਦਾਨ ਦੇਣ ਵਾਲਾ ਪਹਿਲਾ ਸ਼ਹੀਦ ਸੀ। ਪੰਜਾਬ ਦੇ ਮਹਾਨ ਸ਼ਹੀਦ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਡਾਕਟਰ ਦੀਵਾਨ ਸਿੰਘ ਕਾਲੇਪਾਣੀ, ਬਾਬਾ ਰਾਮ ਸਿੰਘ ਅਤੇ ਅਨੇਕਾਂ ਹੋਰ ਮਹਾਨ ਪੰਜਾਬੀ ਸ਼ਹੀਦਾਂ ਨੇ ਆਜ਼ਾਦੀ ਦੇ ਟੀਚੇ ਨੂੰ ਹਾਸਲ ਕਰਨ ਲਈ ਆਪਣੇ ਖੂਨ ਦਾ ਕਤਰਾ-ਕਤਰਾ ਵਹਾਇਆ। ਅੱਜ ਦੇ ਇਸ ਪਵਿੱਤਰ ਮੌਕੇ ਕੂਕਾ ਲਹਿਰ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਾਮਾਗਾਟਾਮਾਰੂ,
ਪਗੜੀ ਸੰਭਾਲ ਜੱਟਾ ਲਹਿਰ, ਜਲ੍ਹਿਆਂ ਵਾਲੇ ਬਾਗ ਦਾ ਸਾਕਾ, ਗੁਰਦੁਆਰਾ ਸੁਧਾਰ ਲਹਿਰ, ਜੈਤੋਂ ਮੋਰਚਾ ਅਤੇ ਪਰਜਾ ਮੰਡਲ ਲਹਿਰ ਦੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਦੇ ਨਾਇਕਾਂ ਵਾਲੇ ਜਜ਼ਬੇ ਨੂੰ ਚੇਤੇ ਕਰਵਾਉਂਦੀਆਂ ਹਨ। ਬਹਾਦਰ ਪੰਜਾਬੀਆਂ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਅਤੇ (ਸਫਾ 1 ਦੀਬਾਕੀ) ਸਰਬਪੱਖੀ ਵਿਕਾਸ ਦਾ ਯੁੱਗ ਲਿਆਉਣ ਵਿਚ ਪਾਇਆ ਜਾ ਰਿਹਾ ਵਿਲੱਖਣ ਯੋਗਦਾਨ ਬਹੁਤ ਸ਼ਲਾਘਾਯੋਗ ਹੈ। ਜਦੋਂ ਵੀ ਭਾਰਤ ਨੂੰ ਅੰਦਰੂਨੀ ਤੇ ਬਾਹਰੀ ਹਮਲਿਆਂ ਦੀ ਚੁਣੌਤੀ ਪੇਸ਼ ਹੋਈ, ਉਦੋਂ ਬਹਾਦਰ ਪੰਜਾਬੀਆਂ ਨੇ ਮੂਹਰੇ ਹੋ ਕੇ ਦੇਸ਼ ਦੀ ਅਖੰਡਤਾ ਤੇ ਸਨਮਾਨ ਦੀ ਰਾਖੀ ਕੀਤੀ ਹੈ। ਸਾਲ 1965 ਤੇ 1971 ਦੀਆਂ ਜੰਗਾਂ ਦੌਰਾਨ ਪੰਜਾਬੀ ਫੌਜੀਆਂ ਵੱਲੋਂ ਨਿਭਾਈ ਗਈ ਸਰਗਰਮ ਅਤੇ ਮਿਸਾਲੀ ਭੂਮਿਕਾ ਤੋਂ ਇਲਾਵਾ ਜੰਮੂ-ਕਸ਼ਮੀਰ ਵਿੱਚ ਘੁਸਪੈਠ ਨੂੰ ਰੋਕਣ ਲਈ ਕਾਰਗਿਲ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਰੱਖਿਆ ਲਈ ਦਿੱਤਾ ਗਿਆ ਯੋਗਦਾਨ ਹਮੇਸ਼ਾ ਚੇਤੇ ਕੀਤਾ ਜਾਵੇਗਾ। ਬਹਾਦਰੀ ਤੇ ਦੇਸ਼ ਭਗਤੀ ਦੀ ਸ਼ਾਨਦਾਰ ਵਿਰਾਸਤ ਨੂੰ ਕਾਇਮ ਰੱਖਦਿਆਂ ਸੂਰਬੀਰ ਪੰਜਾਬੀਆਂ ਖਾਸ ਕਰਕੇ ਪੰਜਾਬ ਪੁਲਿਸ ਨੇ ਬੀਤੇ ਮਹੀਨੇ ਦੀਨਾਨਗਰ ਵਿਖੇ ਹੋਏ ਸਰਹੱਦ ਪਾਰੋਂ ਦਹਿਸ਼ਤਗਰਦੀ ਹਮਲੇ ਦੌਰਾਨ ਆਪਣੀ ਡਿਊਟੀ ਨਿਭਾਉਂਦਿਆਂ ਦ੍ਰਿੜਤਾ ਅਤੇ ਜਜ਼ਬੇ ਦਾ ਪ੍ਰਗਟਾਵਾ ਕਰਕੇ ਦੇਸ਼ ਵਿਰੋਧੀ ਤਾਕਤਾਂ ਦੇ ਕੋਝੇ ਹੱਥ ਕੰਡਿਆਂ ਨੂੰ ਨਾਕਾਮ ਕਰ ਦਿੱਤਾ। ਪੰਜਾਬ ਪੁਲਿਸ, ਸਵੈਟ ਕਮਾਂਡੋ ਅਤੇ ਹੋਮ ਗਾਰਡਜ਼ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਦਹਿਸ਼ਤਗਰਦਾਂ ਦੀ ਸਾਜਿਸ਼ ਨੂੰ ਬੇਅਸਰ ਕਰ ਦਿੱਤਾ। ਸਰਹੱਦ ਪਾਰ ਤੋਂ ਘੁਸਪੈਠ ਕਰਕੇ ਆਏ ਇਨ੍ਹਾਂ ਦਹਿਸ਼ਤਗਰਦ ਨੇ ਇੱਥੋਂ ਦੇ ਭੋਲੇ ਭਾਲੇ ਲੋਕਾਂ ਤੇ ਪੁਲਿਸ ’ਤੇ ਹਮਲਾ ਕੀਤਾ ਸੀ। ਇਸ ਦਹਿਸ਼ਤਗਰਦੀ ਹਮਲੇ ਦੀ ਚੁਣੌਤੀ ਨਾਲ ਦਲੇਰਾਨਾ ਢੰਗ ਨਾਲ ਸਿੱਝਣ ਵਾਲੇ ਆਮ ਨਾਗਰਿਕਾਂ ਦੀ ਦੇਸ਼ ਭਗਤੀ ਨੂੰ ਮੈਂ ਸਲਾਮ ਕਰਦਾ ਹਾਂ। ਇਨ੍ਹਾਂ ਲੋਕਾਂ ਦੀ ਬਹਾਦਰੀ ਤੇ ਚੌਕਸੀ ਸਦਕਾ ਸੈਂਕੜੇ ਨਿਰਦੋਸ਼ ਲੋਕਾਂ ਦੀਆਂ ਜਾਨਾਂ ਬਚ ਸਕੀਆਂ। ਇਨ੍ਹਾਂ ਬਹਾਦਰ ਲੋਕਾਂ ਵਿਚ ਬੱਸ ਦਾ ਡਰਾਇਵਰ ਵੀ ਸ਼ਾਮਲ ਸੀ ਜੋ ਦੁਸ਼ਮਣਾਂ ਨੂੰ ਮਾਤ ਦਿੰਦਾ ਹੋਇਆ ਮੁਸਾਫਿਰਾਂ ਨਾਲ ਭਰੀ ਬੱਸ ਸੁਰੱਖਿਅਤ ਥਾਂ ਵੱਲ ਲੈ ਗਿਆ। ਪੰਜਾਬ ਦੇ ਬਹਾਦਰ ਲੋਕਾਂ ਨੇ ਪਿਛਲੇ ਸਮੇਂ ਵੀ ਦੁਸ਼ਮਣਾਂ ਪਾਸੋਂ ਦੇਸ਼ ਦੀ ਰੱਖਿਆ ਕਰਦਿਆਂ ਲਾਮਿਸਾਲ ਕੁਰਬਾਨੀਆਂ ਦਿੱਤੀਆਂ ਪਰ ਉਨ੍ਹਾਂ ਨੇ ਕੌਮੀ ਸੁਰੱਖਿਆ ਨੂੰ ਤੱਤੀ ਵਾਅ ਨਹੀਂ ਲੱਗਣ ਦਿੱਤੀ। ਦੀਨਾਨਗਰ ਦੀ ਘਟਨਾ ਬਹਾਦਰੀ ਅਤੇ ਕੁਰਬਾਨੀ ਵਾਲੀ ਲੜੀ ਦਾ ਹੀ ਇਕ ਹਿੱਸਾ ਹੈ। ਮੈਂ ਇੱਥੇ ਸਪਸ਼ਟ ਤੌਰ ’ਤੇ ਐਲਾਨ ਕਰਨਾ ਚਾਹੁੰਦਾ ਹਾਂ ਕਿ ਸਰਹੱਦ ਪਾਰ ਤੋਂ ਦਹਿਸ਼ਤਗਰਦ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਪੰਜਾਬ ਮੁਲਕ ਦੀ ਲੜਾਈ ਲੜ ਰਿਹਾ ਹੈ। ਸਾਡੇ ਕੌਮੀ ਨੀਤੀ ਘਾੜਿਆਂ ਵੱਲੋਂ ਇਸ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਮਾਰਚ 2007 ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਸੂਬੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਜੇਕਰ ਅਸੀਂ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਸਾਢੇ ਅੱਠ ਸਾਲਾਂ ਦੇ ਕਾਰਜ ਕਾਲ ਦੌਰਾਨ ਸੂਬੇ ਦੇ ਵਿਕਾਸ ਪ੍ਰਤੀ ਪਹੁੰਚ ’ਤੇ ਝਾਤ ਮਾਰੀਏ ਤਾਂ ਇਸ ਗੱਲ ਦੀ ਬਹੁਤ ਤਸੱਲੀ ਹੁੰਦੀ ਹੈ ਕਿ ਅਸੀਂ ਖੇਤੀਬਾੜੀ, ਬਿਜਲੀ, ਬੁਨਿਆਦੀ ਢਾਂਚਾ, ਸਿਹਤ ਅਤੇ ਸਿੱਖਿਆ ਸਮੇਤ ਹਰੇਕ ਖੇਤਰ ਵਿਚ ਆਲੀਸ਼ਾਨ ਕੰਮ ਕੀਤੇ ਹਨ। ਜਦੋਂ ਅਸੀਂ ਸਾਲ 2007 ਵਿਚ ਸੂਬੇ ਦੀ ਸੇਵਾ ਕਰਨ ਦਾ ਸਫਰ ਆਰੰਭਿਆ ਤਾਂ ਉਸ ਵੇਲੇ ਪਿਛਲੀ ਸਰਕਾਰ ਦੀਆਂ ਦਿਸ਼ਾਹੀਣ ਨੀਤੀਆਂ ਕਾਰਨ ਹਰੇਕ ਪੱਖ ਤੋਂ ਸੂਬੇ ਦੀ ਹਾਲਤ ਬਹੁਤ ਮਾੜੀ ਸੀ ਪਰ ਅਸੀਂ ਇਹ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨ ਵਿਚ ਸਫਲ ਹੋਏ। ਪੰਜਾਬ ਨੂੰ ਤਰੱਕੀ ਦੀਆਂ ਮੰਜ਼ਲਾਂ ’ਤੇ ਲਿਜਾਣ ਲਈ ਅਕਾਲੀ-ਭਾਜਪਾ ਸਰਕਾਰ ਨੇ ਆਪਣੀਆਂ ਨੀਤੀਆਂ ਤੇ ਪ੍ਰੋਗਰਾਮਾਂ ਰਾਹੀਂ ਠੋਸ ਕਦਮ ਚੁੱਕੇ ਹਨ। ਸਾਡੀ ਸਰਕਾਰ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਸੰਜੀਦਾ ਕੋਸ਼ਿਸ਼ਾਂ ਕਰ ਰਹੀ ਹੈ। ਸੂਬੇ ਵਿਚ ਵਿਕਾਸ ਦਾ ਨਵਾਂ ਯੁਗ ਲੋਕਾਂ ਦੇ ਸਹਿਯੋਗ ਅਤੇ ਸਮਰਥਨ ਨਾਲ ਹੀ ਸ਼ੁਰੂ ਕੀਤਾ ਜਾ ਸਕਦਾ ਹੈ। ਵਿਕਾਸ ਦੀ ਪ੍ਰਕ੍ਰਿਆ ਵਿਚ ਲੋਕਾਂ ਦੀ ਭਾਈਵਾਲੀ ਤੋਂ ਬਗੈਰ ਸਾਡੀਆਂ ਯੋਜਨਾਵਾਂ ਅਤੇ ਪ੍ਰੋਗਰਾਮ ਇੱਛਾਯੋਗ ਨਤੀਜੇ ਨਹੀਂ ਪ੍ਰਾਪਤ ਕਰ ਸਕਦੇ। ਮੈਨੂੰ ਵਿਸ਼ਵਾਸ ਹੈ ਕਿ ਸੂਬੇ ਦੇ ਲੋਕ ਸਾਡੀਆਂ ਵਿਕਾਸ ਪਹਿਲਕਦਮੀਆਂ ਲਈ ਸਾਡਾ ਸਾਥ ਦੇਣਗੇ। ਇਸ ਇਤਿਹਾਸਕ ਦਿਹਾੜੇ ’ਤੇ ਮੈਂ ਸਭਨਾਂ ਨੂੰ ਸਖਤ ਮਿਹਨਤ ਕਰਨ ਦੀ ਅਪੀਲ ਕਰਦਾ ਹਾਂ ਤਾਂ ਜੋ ਜੀਵਨ ਵਿਚ ਅਸਲ ਆਜ਼ਾਦੀ ਪ੍ਰਾਪਤ ਕੀਤੀ ਜਾ ਸਕੇ। ਇਸ ਭਾਵਨਾ ਦੇ ਨਾਲ ਹੀ ਅਸੀਂ ਦੇਸ਼ ਭਰ ਵਿਚ ਪੰਜਾਬ ਨੂੰ ਸ਼ਾਂਤਮਈ, ਖੁਸ਼ਹਾਲ, ਹਸਦਾ-ਖੇਡਦਾ ਮੋਹਰੀ ਸੂਬਾ ਬਣਾ ਸਕਦੇ ਹਾਂ। ਮੈਂ ਤੁਹਾਨੂੰ 69ਵੇਂ ਆਜ਼ਾਦੀ ਦਿਵਸ ਮੌਕੇ ਮੁਬਾਰਕਬਾਦ ਦਿੰਦਾ ਹਾਂ ਅਤੇ ਤੁਹਾਡੀ ਖੁਸ਼ੀ ਦੀ ਕਾਮਨਾ ਕਰਦਾ ਹਾਂ। ਜੈ ਹਿੰਦ।



