June 13, 2026 12:55 pm

ਰੋਮ ਹਵਾਈ ਅੱਡੇ ‘ਤੇ ਦਸਤਾਰ ਦੀ ਬੇਅਦਬੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ‘ਚ ਰੋਹ ਭਰਪੂਰ ਵਿਖਾਵਾ

ਨਵੀਂ ਦਿੱਲੀ, 7 ਅਗਸਤ (ਮਿਲਨ ਸਕਸੈਨਾ)-ਇਟਲੀ ਦੇ ਰੋਮ ਸ਼ਹਿਰ ਵਿਖੇ ਹਵਾਈ ਅੱਡੇ ਉੱਪਰ ਬੀਤੀ 6 ਅਗਸਤ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ‘ਕੌਮਾਂਤਰੀ ਦਸਤਾਰ ਜਾਗਰੂਕਤਾ ਦਿਵਸ’ ਵਿਚ ਭਾਗ ਲੈ ਕੇ ਵਾਪਿਸ ਵਤਨ ਪਰਤਣ ਮੌਕੇ ਵਫ਼ਦ ਦੀ ਸੁਰੱਖਿਆ ਅਧਿਕਾਰੀਆਂ ਵੱਲੋਂ ਜਬਰਦਸਤੀ ਸੁਰੱਖਿਆ ਜਾਂਚ ਦੇ ਨਾਂਅ ਉੱਪਰ ਦਸਤਾਰ ਉਤਾਰਨ ਦੇ ਲਈ ਕਹਿਣ ਨਾਲ ਪੈਦਾ ਹੋਏ ਵਿਵਾਦ ਦੇ ਕਾਰਨ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਂਕੜੇ ਮੁਜ਼ਾਹਰਾਕਾਰੀਆਂ ਨੇ ਇਟਲੀ ਦੂਤਾਵਾਸ ਦੇ ਬਾਹਰ ਰੋਹ ਭਰਪੂਰ ਵਿਖਾਵਾ ਕਰਦੇ ਹੋਏ ਸੜਕੀ ਆਵਾਜਾਈ ਠੱਪ ਕੀਤੀ।
Dastar
ਹਾਲਾਂਕਿ ਸ. ਮਨਜੀਤ ਸਿੰਘ ਜੀ.ਕੇ. ਅਤੇ ਉਨ੍ਹਾਂ ਦੇ ਸਾਥੀਆਂ ਨੇ ਉੱਥੇ ਮੌਜੂਦ ਸੁਰੱਖਿਆ ਅਧਿਕਾਰੀਆਂ ਦੇ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਹਵਾਈ ਯਾਤਰਾ ਦਾ ਬਾਈਕਾਟ ਕਰ ਦਿੱਤਾ, ਜਿਸ ਦੇ ਬਾਅਦ ਇਟਲੀ ਸਥਿਤ ਭਾਰਤੀ ਦੂਤਾਵਾਸ ਵੱਲੋਂ ਵੀ ਸੁਰੱਖਿਆ ਅਧਿਕਾਰੀਆਂ ਨੂੰ ਸਮਝਾਉਣ ਦਾ ਕੋਸ਼ਿਸ਼ ਕੀਤੀ ਗਈ, ਪਰ ਉਹ ਠਸ ਤੋਂ ਮੱਸ ਨਹੀਂ ਹੋਏ, ਜਿਸ ਕਾਰਨ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ, ਸੀਨੀ. ਮੀਤ ਪ੍ਰਧਾਨ ਸ. ਰਵਿੰਦਰ ਸਿੰਘ ਖੁਰਾਣਾ, ਮੀਤ ਪ੍ਰਧਾਨ ਸ. ਤਨਵੰਤ ਸਿੰਘ, ਸੰਯੁਕਤ ਸਕੱਤਰ ਸ. ਹਰਮੀਤ ਸਿੰਘ ਕਾਲਕਾ, ਸੀਨੀ. ਅਕਾਲੀ ਆਗੂ ਸ. ਓਂਕਾਰ ਸਿੰਘ ਥਾਪਰ ਅਤੇ ਸ. ਕੁਲਦੀਪ ਸਿੰਘ ਭੋਗਲ ਨੇ ਇਸ ਸਾਰੇ ਘਟਨਾਕ੍ਰਮ ਉੱਪਰ ਰੋਸ ਪ੍ਰਗਟ ਕਰਦੇ ਹੋਏ ਇਟਲੀ ਦੂਤਾਵਾਸ ਦੇ ਡਿਪਟੀ ਰਾਜਦੂਤ ਨੂੰ ਇਟਲੀ ਦੇ ਪ੍ਰਧਾਨਮੰਤਰੀ ਦੇ ਨਾਂਅ ਲਿਖਤੀ ਮੰਗ ਪੱਤਰ ਸੌਂਪ ਕੇ ਸੁਰੱਖਿਆ ਅਧਿਕਾਰੀਆਂ ਨੂੰ ਸਿੱਖ ਧਰਮ ਦੇ ਬਾਰੇ ਜਾਗਰੂਕ ਕਰਨ ਦੀ ਸਲਾਹ ਦਿੱਤੀ, ਕਿਉਂਕਿ ਕਿਸੇ ਸਿੱਖ ਦੀ ਦਸਤਾਰ ਉਤਾਰਨਾ ਅਨਿਆ, ਭੇਦਭਾਵ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਕਿਸੇ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਯਤਨ ਹੈ। ਇਸ ਮੰਗ ਪੱਤਰ ਵਿੱਚ ਇਟਲੀ ਦੀ ਸਰਕਾਰ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਸ਼ਲਾਘਾ ਕਰਦੇ ਹੋਏ ਸੁਰੱਖਿਆ ਅਧਿਕਾਰੀਆਂ ਨੂੰ ਸਿੱਖਾਂ ਦੀ ਜਾਂਚ ਦੇ ਦੌਰਾਨ ਦਸਤਾਰ ਨਾ ਉਤਾਰਨ ਦੀ ਅਪੀਲ ਕਰਦੇ ਹੋਏ ਦੱਸਿਆ ਗਿਆ ਕਿ ਇਕ ਸਿੱਖ ਦੇ ਲਈ ਦਸਤਾਰ ਉਸਦਾ ਅਭਿੰਨ ਅੰਗ ਹੈ ਅਤੇ ਸਿੱਖਾਂ ਦੀ ਪਛਾਣ ਦਾ ਪ੍ਰਤੀਕ ਹੈ। ਸਿੱਖ ਸਿਰ ਤਾਂ ਕਟਵਾ ਸਕਦਾ ਹੈ, ਪਰ ਬੇਇਜ਼ੱਤ ਹੋ ਕੇ ਦਸਤਾਰ ਨਹੀਂ ਉਤਰਵਾ ਸਕਦਾ। ਇਸ ਲਈ ਸੁਰੱਖਿਆ ਜਾਂਚ ਦੇ ਨਾਂਅ ਉੱਤੇ ਉਸ ਨੂੰ ਉਤਾਰਨਾ ਕਦਾਚਿਤ ਠੀਕ ਨਹੀਂ ਹੈ। ਉਨ੍ਹਾਂ ਨੇ ਇਟਲੀ ਦੇ ਪ੍ਰਧਾਨਮੰਤਰੀ ਨੂੰ ਅਪੀਲ ਕੀਤੀ ਕਿ ਉਹ ਆਪਣੀ ਦੇਸ਼ ਵਿਚ ਵਸਦੇ 1 ਲੱਖ ਤੋਂ ਉੱਤੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਅੱਗੇ ਆ ਕੇ ਸਿੱਖਾਂ ਦੀ ਦਸਤਾਰ ਦੀ ਵੀ ਇੱਜਤ ਰੱਖਣ। ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਸ. ਕੁਲਮੋਹਣ ਸਿੰਘ, ਸ. ਗੁਰਦੇਵ ਸਿੰਘ, ਸ. ਦਰਸ਼ਨ ਸਿੰਘ, ਸ. ਚੰਨਣ ਸਿੰਘ, ਕੈਪਟਨ ਇੰਦਰਪ੍ਰੀਤ ਸਿੰਘ, ਬੀਬੀ ਮਨਦੀਪ ਕੌਰ ਬਖ਼ਸ਼ੀ ਅਤੇ ਕਈ ਹੋਰ ਆਗੂ ਮੌਜੂਦ ਸਨ।

Send this to a friend