ਚੰਡੀਗੜ੍ਹ, 12 ਅਗਤਸ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਜੰਮੂ ਕਸ਼ਮੀਰ ਦੇ ਜਿਲਾ ਉਧਮਪੁਰ ਵਿਚ ਪਿਛਲੇ ਹਫਤੇ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਜਿਲਾ ਯਮੁਨਾਨਗਰ ਦੇ ਉਪ-ਮੰਡਲ ਬਿਲਾਸਪੁਰ ਦੇ ਪਿੰਡ ਰਾਮਗੜ੍ਹ ਮਾਜਰਾ ਦੇ ਸੈਨਿਕ ਸਿਪਾਹੀ ਰਾਕੀ ਦੇ ਜੱਦੀ ਪਿੰਡ ਵਿਚ ਪੁੱਜ ਕੇ ਸ਼ਹੀਦ ਦੀ ਰਸਮ ਕ੍ਰਿਆ ਵਿਚ ਹਿੱਸਾ ਲਿਆ ਅਤੇ ਸ਼ਹੀਦ ਦੀ ਫੋਟੋ ’ਤੇ ਫੂਲ ਚੜ੍ਹਾ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਸੈਨਿਕ ਰਾਕੀ ਨੇ ਦੇਸ਼ ਲਈ ਆਪਣੇ ਜੀਵਨ ਦਾ ਬਲੀਦਾਨ ਦੇ ਕੇ ਆਪਣੇ ਪਰਿਵਾਰ, ਪਿੰਡ, ਜਿਲਾ ਅਤੇ ਸੂਬਾ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਨਾਲ ਸੂਬੇ ਦੇ ਨੌਜੁਆਨਾਂ ਨੂੰ ਪ੍ਰੇਰਣਾ ਮਿਲੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਵੀਰ ਸੈਨਿਕ ਹਮੇਸ਼ਾ ਹੀ ਦੇਸ਼ ਦੀਆਂ ਸੀਮਾਵਾਂ ਤੇਅੰਦਰੂਨੀ ਸੁਰੱਖਿਆ ਲਈ ਤਿਆਰ ਰਹਿੰਦੇ ਹਨ ਅਤੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਦੇਣ ਤੋਂ ਪਿੱਛੇ ਨਹੀਂ ਹੱਟਦੇ। ਉਨ੍ਹਾਂ ਦਸਿਆ ਕਿ ਸਾਡੇ ਲਈ ਮਾਣ ਦੀ ਗੱਲ ਹੈ ਕਿ ਦੇਸ਼ ਦੀ ਸੈਨਾ ਵਿਚ ਅੱਜ ਹਰ 10ਵਾਂ ਸੈਨਿਕ ਹਰਿਆਣਾ ਤੋਂ ਹੈ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਪਰਿਵਾਰ ਨੂੰ 20 ਲੱਖ ਰੁਪਏ ਦੀ ਮਾਲੀ ਮਦਦ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਪਿੰਡ ਦੀ ਸੜਕ ਦਾ ਨਾਂਅ ਸ਼ਹੀਕ ਰਾਕੀ ਦੇ ਨਾਂਅ ’ਤੇ ਰੱਖਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਯੋਗ ਥਾਂ ਮਿਲਣ ’ਤੇ ਪਿੰਡ ਵਿਚ ਸ਼ਹੀਦ ਰਾਕੀ ਦਾ ਸਮਾਰਕ ਬਣਾਉਣ ਅਤੇ ਉਸ ਦੀ ਮੂਰਤੀ ਲਗਾਉਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਪੂਰਾ ਸਨਮਾਨ ਮਿਲੇਗਾ। ਇਸ ਮੌਕੇ ’ਤੇ ਮੁੱਖ ਮੰਤਰੀ ਦੇ ਨਾਲ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ, ਮੁੱਖ ਪਾਰਲੀਮਾਨੀ ਸਕੱਤਰ ਸ਼ਾਮ ਸਿੰਘ ਰਾਣਾ, ਸਢੌਰਾ ਦੇ ਵਿਧਾਇਕ ਬਲਵੰਤ ਸਿੰਘ, ਡਿਪਟੀ ਕਮਿਸ਼ਨਰ ਡਾ.ਐਸ.ਐਸ.ਫੁਲਿਆ, ਪੁਲਿਸ ਸੁਪਰਡੈਂਟ ਅਰੁਣ ਸਿੰਘ ਤੋਂ ਇਲਾਵਾ ਜਿਲਾ ਪ੍ਰਸ਼ਾਸਨ ਦੇ ਸੀਨੀਅਰ ਅ੍ਯਧਿਕਾਰੀ ਹਾਜ਼ਿਰ ਸਨ। ਵਰਣਨਯੋਗ ਹੈ ਕਿ ਰਾਕੀ ਦਾ ਜਨਮ 15 ਸਤੰਬਰ 1990 ਨੂੰ ਹੋਇਆ ਸੀ। ਉਹ 2012 ਵਿਚ ਸੀਮਾ ਸੁਰੱਖਿਆ ਬਲ ਦੀ 59ਵੀਂ ਬਟਾਲਿਅਨ ਵਿਚ ਭਰਤੀ ਹੋਇਆ ਸੀ ਅਤੇ 5 ਅਗਸਤ 2015 ਨੂੰ ਸਵੇਰੇ 7:30 ਵਜੇ ਉਧਮਪੁਰ ਤੋਂ 17 ਕਿਲੋਮੀਟਰ ਦੂਰ ਸੀਮਰੋਲੀ ਵਿਚ ਅੱਤਵਾਦੀ ਮੁਕਾਬਲੇ ਵਿਚ ਸ਼ਹੀਦ ਹੋਇਆ।



