ਖੰਨਾ, 2 ਅਗਸਤ (ਕੇ ਐਲ ਸਹਿਗਲ, ਰਾਕੇਸ਼ ਸਹਿਗਲ)- ਨਜ਼ਦੀਕੀ ਮਲਕਪੁਰ ’ਚ ਬਣੇ ਡੇਰਾ ਸੱਚਾ ਸੌਦਾ ਸਿਰਸਾ ਦੇ ਨਾਮ ਘਰ ’ਚ ਐਤਵਾਰ ਨੂੰ ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਫਿਲਮ ਮੈਸੇਂਜਰ ਆਫ ਗੌਡ (ਐਮ.ਐਸ.ਜੀ) ਦਿਖਾਉਣ ਤੋਂ ਰੋਕ ਦਿੱਤੀ ਗਈ। ਫਿਲਮ ’ਤੇ ਪਾਬੰਦੀ ਲੱਗੀ ਹੋਣ ਦੇ ਚੱਲਦਿਆਂ ਐਸਡੀਐਮ ਪਰਮਦੀਪ ਸਿੰਘ ਅਤੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਡੇਰਾ ਪ੍ਰੇਮੀਆਂ ਨੂੰ ਫਿਲਮ ਦਿਖਾਉਣ ਤੋਂ ਰੋਕਿਆ। ਨਾਮ ਘਰ ਵਿੱਚ ਆ ਰਹੀ ਸੰਗਤ ਨੂੰ ਵੀ ਰਸਤੇ ਵਿੱਚ ਹੀ ਰੋਕ ਲਿਆ ਗਿਆ ਸੀ। ਇਸ ਨਾਲ ਡੇਰਾ ਪ੍ਰੇਮੀ ਗੁੱਸੇ ਵਿੱਚ ਆ ਗਏ। ਉਹਨਾਂ ਨੇ ਪੁਲਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸੰਗਤ ਨਹੀਂ ਆਉਣ ਦਿੱਤੀ ਜਾਵੇਗੀ ਤਾਂ ਉਹ ਪੁਲਸ ਦੇ ਨਾਕੇ ’ਤੇ ਜਾ ਕੇ ਧਰਨਾ ਲਾ ਦੇਣਗੇ। ਪੁਲਸ ਨੇ ਤੁਰੰਤ ਸੰਗਤ ਨੂੰ ਆਉਣ ਦੇਣਗੇ।
ਪੁਲਸ ਦੀ ਮੁਸਤੈਦੀ ਦੇ ਚੱਲਦਿਆਂ ਫਿਲਮ ਤਾਂ ਨਹੀਂ ਦਿਖਾਈ ਗਈ। ਪ੍ਰੰਤੂ, ਹਰ ਐਤਵਾਰ ਦੀ ਤਰ੍ਹਾਂ ਨਾਮ ਚਰਚਾ ਜਰੂਰ ਹੋਈ। ਫਿਲਮ ਦਿਖਾਉਣ ਲਈ ਲਗਾਈ ਗਈ ਸਕਰੀਨ ’ਤੇ ਡੇਰਾ ਮੁਖੀ ਦੇ ਸ਼ਬਦ ਹੀ ਦਿਖਾਏ ਗਏ। ਇਹਨਾਂ ’ਤੇ ਡੇਰਾ ਪ੍ਰੇਮੀ ਖੂਬ ਨੱਚੇ। ਬਲਾਕ ਕਮੇਟੀ ਦੇ ਮੈਂਬਰ ਟਹਿਲ ਸਿੰਘ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੇ ਉਹਨਾਂ ਨਾਲ ਸਰੇਆਮ ਧੱਕਾ ਕੀਤਾ ਹੈ। ਇਸ ਧੱਕੇ ਅੱਗੇ ਉਹ ਝੁਕਣ ਵਾਲੇ ਨਹੀਂ ਹਨ। ਸਟੇਟ ਕਮੇਟੀ ਨਾਲ ਸਲਾਹ ਕਰਕੇ ਅੱਗੇ ਦਾ ਪ੍ਰੋਗ੍ਰਾਮ ਤੈਅ ਕੀਤਾ ਜਾਵੇਗਾ। ਉਹ ਧੱਕੇਸ਼ਾਹੀ ਦੇ ਖਿਲਾਫ ਧਰਨੇ ਪ੍ਰਦਰਸ਼ਨ ਵੀ ਕਰ ਸਕਦੇ ਹਨ। ਡੀ ਐਸ ਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਪ੍ਰਸ਼ਾਸਨ ਨੇ ਕੋਈ ਧੱਕਾ ਨਹੀਂ ਕੀਤਾ। ਫਿਲਮ ’ਤੇ ਪਾਬੰਦੀ ਹੈ। ਇਸ ਲਈ ਡੇਰਾ ਪ੍ਰੇਮੀਆਂ ਨੂੰ ਰੋਕਿਆ ਗਿਆ।



