ਫਤਿਹਗੜ੍ਹ ਸਾਹਿਬ, 1 ਅਗਸਤ, (ਪੀ. ਟੀ.)- ‘‘ਜੋ ਸਿੱਖ ਕੌਮ ਨਾਲ ਸੰਬੰਧਤ ਪੰਥਕ ਜਥੇਬੰਦੀਆਂ ਦੇ ਸਤਿਕਾਰਯੋਗ ਆਗੂਆਂ ਨੇ ਪਹਿਲੇ ਲੁਧਿਆਣਾ ਵਿਖੇ ਅਤੇ ਬੀਤੇ ਦਿਨੀ ਚੰਡੀਗੜ੍ਹ ਵਿਖੇ ਲੰਮੀਆਂ ਅਤੇ ਸੰਜੀਦਾ ਵਿਚਾਰਾਂ ਕਰਦੇ ਹੋਏ ਸਰਬ ਸੰਮਤੀ ਨਾਲ 4 ਅਗਸਤ ਨੂੰ ਹਿੰਦ ਦੀ ਪਾਰਲੀਮੈਂਟ ਦੇ ਸਪੀਕਰ ਨੂੰ ਸਿੱਖ ਬੰਦੀਆਂ ਦੀ ਰਿਹਾਈ ਅਤੇ ਹੋਰ ਕੌਮੀ ਮਸਲਿਆਂ ਸੰਬੰਧੀ ਯਾਦ ਪੱਤਰ ਦੇਣ ਦਾ ਅਤੇ 6 ਅਗਸਤ ਨੂੰ ਦਇਆਨੰਦ ਹਸਪਤਾਲ ਜਿਥੇ ਸ. ਸੂਰਤ ਸਿੰਘ ਖਾਲਸਾ ਪੰਜਾਬ ਸਰਕਾਰ ਨੇ ਜਬਰੀ ਰੱਖ ਕੇ ਕੈਦੀ ਬਣਾਏ ਹੋਏ ਹਨ, ਉਸ ਹਸਪਤਾਲ ਦੇ ਸਾਹਮਣੇ ਰੋਸ ਵੱਜੋਂ ਰੱਖੇ ਗਏ ਕੌਮੀ ਇਕੱਠ ਵਿਚ ਸਿੱਖ ਕੌਮ ਆਪਣੀ ਇਖਲਾਕੀ ਜ਼ਿੰਮੇਵਾਰੀ ਸਮਝਦੇ ਹੋਏ ਹੁਮ ਹੁਮਾ ਕੇ ਸ਼ਮੂਲੀਅਤ ਕਰੇ ਅਤੇ ਇਹਨਾਂ ਦੋਵਾਂ ਕੌਮੀ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਵਿਚ ਭੁਮਿਕਾ ਨਿਭਾਏ।ੂ ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ , ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਮੁੱਚ ਸਿੱਖ ਲੀਡਰਸ਼ਿਪ ਅਤੇ
ਸਮੁੱਚੀ ਕੌਮ ਨੂੰ ਕਰਦੇ ਹੋਏ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਉਪਰੋਕਤ ਦੋਵੇਂ ਕੌਮੀਂ ਪ੍ਰੋਗਰਾਮਾ ਦਾ ਫੈਸਲਾ ਕਰਨ ਲਈ ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਬਹੁਤ ਹੀ ਸੁਹਿਰਦਤਾ ਅਤੇ ਜਿੰਮੇਵਾਰੀ ਨਾਲ ਆਪਣੇ ਫਰਜ਼ ਅਦਾ ਕੀਤੇ ਹਨ। ਜਿਸ ਨਾਲ ਪੰਥਕ ਏਕਤਾ ਦੇ ਮਿਸ਼ਨ ਨੂੰ ਵੀ ਵੱਡੀ ਮਜਬੂਤੀ ਮਿਲੀ ਹੈ। ਹੁਣ ਇਸ ਉਦਮ ਲਈ ਦੋਵੇਂ ਮੀਟੰਗਾਂ ਵਿਚ ਯੋਗਦਾਨ ਪਾਉਣ ਵਾਲੇ ਅਤੇ ਸਮੁੱਚਾ ਪ੍ਰਬੰਧ ਕਰਨ ਵਾਲੇ ਭਾਈ ਧਿਆਨ ਸਿੰਘ ਮੰਡ, ਜਸਵੰਤ ਸਿੰਘ ਮਾਨ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ (ਅੰਮ੍ਰਿਤਸਰ ਦਲ), ਗੁਰਨਾਮ ਸਿੰਘ ਸਿੱਧੂ, ਜਸਵਿੰਦਰ ਸਿੰਘ ਬਰਾੜ (ਯੁਨਾਈਟਿਡ ਅਕਾਲੀ ਦਲ), ਸੁਰਿੰਦਰ ਸਿੰਘ ਕਿਸ਼ਨਪੁਰਾ (ਪੰਚ ਪ੍ਰਧਾਨੀ), ਪਰਮਜੀਤ ਸਿੰਘ ਸਹੌਲੀ (ਸੁਤੰਤਰ ਅਕਾਲੀ ਦਲ), ਆਰ ਪੀ ਸਿੰਘ (ਅਖੰਡ ਕੀਰਤਨੀ ਜਥਾ), ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਦਮਦਮਾ ਸਾਹਿਬ, ਸ. ਗੁਰਤੇਜ ਸਿੰਘ ਰਿਟਾਇਰਡ ਆਈ ਏ ਐਸ, ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ, ਜਸਪਾਲ ਸਿੰਘ ਹੇਰਾਂ, ਬੀਬੀ ਪ੍ਰੀਤਮ ਕੌਰ ਪਤਨੀ ਸਵ: ਰਛਪਾਲ ਸਿੰਘ ਪੀ ਏ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਬੀਬੀ ਸਰਬਜੀਤ ਕੌਰ, ਦਲ ਖਾਲਸਾ ਅਤੇ ਪੰਚ ਪ੍ਰਧਾਨੀ, ਸ. ਬਰਜਿੰਦਰ ਸਿੰਘ ਐਡਵੋਕੇਟ, ਸ. ਬਲਜਿੰਦਰ ਸਿੰਘ ਲੂੰਬਾ ਐਡਵੋਕੇਟ, ਸ. ਅਮਰ ਸਿੰਘ ਚਾਹਲ ਐਡਵੋਕੇਟ, ਸ. ਸਿਮਰਜੀਤ ਸਿੰਘ ਐਡਵੋਕੇਟ ਆਦਿ ਸ਼ਖਸੀਅਤਾਂ ਵੱਲੋਂ ਪਾਏ ਡੂੰਘੇ ਯੋਗਦਾਨ ਲਈ ਜਿਥੇ ਦਾਸ ਇਹਨਾਂ ਸਭ ਸ਼ਖਸੀਅਤਾਂ ਅਤੇ ਪੰਥਕ ਜਥੇਬੰਦੀਆਂ ਦਾ ਧੰਨਵਾਦ ਕਰਦਾ ਹੈ, ਉਥੇ ਇਹ ਵੀ ਉਮੀਦ ਕਰਦੇ ਹਾਂ ਕਿ ਇਹ ਸਭ ਪੰਥਕ ਜਥੇਬੰਦੀਆਂ ਅਤੇ ਸ਼ਖਸੀਅਤਾਂ 4 ਅਗਸਤ ਦੇ ਦਿੱਲੀ ਪ੍ਰੌਗਰਾਮ ਅਤੇ 6 ਅਗਸਤ ਦੇ ਲੁਧਿਆਣਾ ਦੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਅਤੇ ਇਸ ਸੰਘਰਸ਼ ਨੂੰ ਫੇਸਲਾਕੁੰਨ ਦੌਰ ਵਿਚ ਸ਼ਾਮਿਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੀਆਂ।



