ਤਲਵੰਡੀ ਸਾਬੋ, 30 ਜੁਲਾਈ (ਜਗਦੀਪ ਕੋਮਲ)- ਟੇਲਾਂ ’ਤੇ ਪੈਂਦੇ ਪਿੰਡ ਬਹਿਮਣ ਕੌਰ ਸਿੰਘ ਦੇ ਮੋਘਾ ਨੰਬਰ 38800 ਜੋ ਸੀਂਗੋ ਬਰਾਂਚ ‘ਤੇ ਪੈਂਦੇ ਹਨ ਦੇ ਪਾਣੀਆਂ ਦਾ ਮਸਲਾ ਅਜੇ ਵੀ ਲਮਕ ਰਿਹਾ ਹੈ ਅਤੇ ਨਹਿਰੀ ਵਿਭਾਗ ਦੇ ਅਧਿਕਾਰੀ ਸਿਆਸੀ ਦਬਾਅ ਹੋਣ ਕਾਰਨ ਮਸਲੇ ਨੂੰ ਲਮਕਾ ਰਹੇ ਹਨ। ਇਹ ਜਾਣਕਾਰੀ ਅੱਜ ਸੀਂਗੋ ਮੰਡੀ ਵਿਖੇ ਪੰਜਾਬ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਨਛੱਤਰ ਸਿੰਘ ਬਹਿਮਣ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਦਿੱਤੀ। ਉਹਨਾਂ ਕਿਹਾ ਕਿ ਖੇਤਾਂ ਦੀ ਸਿੰਚਾਈ ਵਾਸਤੇ ਚਹਿਲਾਂ ਵਾਲੀ ਬਰਾਂਚ ਤੋਂ ਆਉਂਦੀ ਸੀਂਗੋ ਬਰਾਂਚ ‘ਤੇ ਤਕਰੀਬਨ ਪੇਰੋਂ ਅਤੇ ਸੀਂਗੋ ਪਿੰਡ ਦੇ ਕਿਸਾਨਾਂ ਨੇ ਮਾਪ ਤੋਂ ਜਿਆਦਾ ਵੱਡੇ ਅਤੇ ਜਾਆਲੀ ਮੋਘੇ ਲਗਾ ਰੱਖੇ ਹਨ ਇਸ ਤੋਂ ਇਲਾਵਾ ਰਜਵਾਹੇ ਵਿੱਚ ਰੋਕਾਂ (
ਠੱਲਾਂ) ਵੀ ਬਣਾ ਰੱਖੀਆਂ ਹਨ ਜਿਸ ਕਾਰਨ ਟੇਲਾਂ ‘ਤੇ ਪੈਂਦੇ ਪਿੰਡ ਬਹਿਮਣ ਕੌਰ ਸਿੰਘ ਦੇ ਖੇਤਾਂ ਨੂੰ ਸਿੰਚਾਈ ਲਈ ਪੂਰਾ ਪਾਣੀ ਨਹੀਂ ਪਹੁੰਚ ਪਾਉਂਦਾ।ਉਨ੍ਹਾਂ ਦੱਸਿਆ ਕਿ ਇਹਨਾਂ ਮੋਘਿਆਂ ਦੀ ਦੋ ਵਾਰ ਜਾਂਚ ਵੀ ਨਹਿਰੀ ਵਿਭਾਗ ਦੇ ਅਧਿਕਾਰੀ ਕਰ ਚੁੱਕੇ ਹਨ ਅਤੇ ਮੰਨ ਵੀ ਚੁੱਕੇ ਹਨ ਕੇ ਮੋਘੇ ਗੈਰ ਕਾਨੂੰਨੀ ਹਨ ਪਰੰਤੂ ਸਿਆਸੀ ਦਬਾਅ ਹੋਣ ਕਾਰਨ ਅਧਿਕਾਰੀ ਇਸ ਨੂੰ ਹੱਲ ਕਰਨ ਵਿੱਚ ਟਾਲ ਮਟੋਲ ਕਰ ਰਹੇ ਹਨ। ਕਿਸਾਨ ਆਗੂ ਨੇ ਦੱਸਿਆ ਕਿ ਇਸ ਮਸਲੇ ਦੇ ਹੱਲ ਲਈ ਬਹਿਮਣ ਦੇ ਕਿਸਾਨ ਪੰਜਾਬ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਅਗਵਾਈ ਵਿਚੱ ਆਰ-ਪਾਰ ਦੀ ਲੜਾਈ ਲੜਨ ਲਈ ਤਿਆਰ ਹਨ।ਕਿਸਾਨ ਆਗੂ ਨੇ ਕਿਹਾ ਕਿ ਸੋਮਵਾਰ ਤੱਕ ਜੇਕਰ ਨਹਿਰੀ ਵਿਭਾਗ ਨੇ ਮਸਲੇ ਦਾ ਹੱਲ ਨਾਂ ਕੀਤਾ ਤਾਂ ਅਣਮਿੱਥੇ ਸਮੇਂ ਲਈ ਬਠਿੰਡਾ ਸਰਦੂਲਗੜ੍ਹ ਮੁੱਖ ਮਾਰਗ ਨੂੰ ਜਾਮ ਕੀਤਾ ਜਾਵੇਗਾ।ਇਸ ਸਮੇਂ ਉਹਨਾਂ ਨਾਲ ਪਿੰਡ ਇਕਾਈ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਰਨੈਲ ਸਿੰਘ ਹਾਜਰ ਸਨ। ਦੱਸਣਯੋਗ ਹੈ ਕਿ ਉਕਤ ਜਾਆਲੀ ਮੋਘਿਆਂ ਦੇ ਸੰਬੰਧ ਵਿੱਚ ਪਿੰਡ ਬਹਿਮਣ ਕੌਰ ਸਿੰਘ ਦੇ ਕਿਸਾਨ ਪਹਿਲਾਂ ਵੀ ਐਕਸੀਅਨ ਮਾਨਸਾ ਦੇ ਦਫਤਰ ਅੱਗੇ ਧਰਨਾ ਅਤੇ ਬਠਿੰਡਾ ਸਰਦੂਲਗੜ੍ਹ ਮਾਰਗ ਨੂੰ ਜਾਮ ਕਰਕੇ ਵੀ ਸੰਘਰਸ਼ ਕਰ ਚੁੱਕੇ ਹਨ ਜਿਸ ‘ਤੇ ਚਲਦਿਆ ਐਕਸੀਅਨ ਮਾਨਸਾ ਨੇ ਪੁਲਿਸ ਇਮਦਾਦ ਲਈ ਚਾਰ ਦਿਨ ਦਾ ਸਮਾਂ ਮੰਗਿਆ ਸੀ।



