ਬੱਲੂਆਣਾ, 7 ਅਗਸਤ (ਗੁਰਨੈਬ ਸਾਜਨ)- ਇਥੋਂ ਨੇੜਲੇ ਪਿੰਡ ਵਿਰਕ ਖੁਰਦ ਦੇ ਖੇਤਾਂ ਵਿੱਚ ਕੋਟਭਾਈ ਮਾਈਨਰ ‘ਚ ਪਾੜ ਪੈਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਨਰਮੇ ਅਤੇ ਝੋਨੇ ਦੀ ਫ਼ਸਲ ਬਰਬਾਦ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਰਕ ਖੁਰਦ ਦੇ ਕਿਸਾਨ ਸੁਰਜੀਤ ਸਿੰਘ, ਨੰਬਰਦਾਰ ਹਰਬੰਸ ਸਿੰਘ, ਪ੍ਰਗਟ ਸਿੰਘ, ਕੇਵਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਸਵੇਰੇ 6 ਵਜੇ ਵਿਰਕ ਕਲਾਂ ਤੋਂ ਵਿਰਕ ਖੁਰਦ ਸੜਕ ਤੋਂ ਲੰਘਦੇ ਕੋਟਭਾਈ ਮਾਈਨਰ ਵਿੱਚ ਪੁਲ ਨੇੜੇ 30 ਫੁੱਟ ਪਾੜ ਪੈਣ ਕਾਰਨ ਨਰਮੇ ਅਤੇ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਅਤੇ ਵਿਰਕ ਖੁਰਦ ਦੇ ਕਈ ਕਿਸਾਨਾਂ ਦੇ ਟਿਊਬਵੈਲ ਵੀ ਪਾਣੀ ਵਿੱਚ ਡੁੱਬ ਗਏ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਇਸ ਥਾਂ ਤੋਂ ਹੀ ਪਾੜ ਪੈਣ ਕਾਰਨ ਪਾਣੀ ਪਿੰਡ ਤੱਕ ਪਹੁੰਚ ਗਿਆ ਸੀ। ਇਸ ਸਬੰਧੀ ਦਸ ਦਿਨ ਪਹਿਲਾਂ ਸਬੰਧਿਤ ਵਿਭਾਗ ਦੇ ਐਕਸੀਅਨ ਨੂੰ ਵਿਰਕ ਖੁਰਦ ਅਤੇ ਵਿਰਕ ਕਲਾਂ ਦੇ ਕਿਸਾਨਾਂ ਨੇ ਲਿਖਤੀ ਦਰਖਾਸਤ ਦਿੱਤੀ ਸੀ ਪਰ ਉਹ ਦਰਖਾਸਤ ਦਫ਼ਤਰ ਤੱਕ ਹੀ ਸੀਮਤ ਰਹਿ ਗਈ ਕਿਸਾਨ ਅਜੈਬ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਵੀ ਪੁਲ ਨੇੜੇ ਟੁੱਟੇ ਮਾਈਨਰ ਦਾ ਪਾੜ ਮਜ਼ਬੂਤੀ ਨਾਲ ਰਹੀਂ ਪੂਰਿਆ ਗਿਆ ਸੀ।ਸਿਰਫ਼ ਸਰਕਾਰੀ ਕਾਗਜ਼ਾਂ ਵਿੱਚ ਹੀ ਪਾੜ ਪੂਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕੋਟਭਾਈ ਦੇ ਕਿਸਾਨ ਨੇ ਮੀਂਹ ਜ਼ਿਆਦਾ ਪੈਣ ਕਾਰਨ ਵੀ ਮੈਘੇ ਬੰਦ ਕਰ ਦਿੱਤੇ ਜਿਸ ਕਰਕੇ ਮਾਈਨਰ ਦੁਬਾਰਾ ਟੁੱਟਿਆ ਹੈ। ਵਿਰਕ ਕਲਾਂ ਦੇ ਡਾ. ਗੁਰਚਰਨ ਸਿੰਘ ਪੰਚ ਨੇ ਕਿਹਾ ਕਿ ਕਿਸਾਨ ਸਵੇਰ ਤੋਂ ਹੀ ਮਹਿਕਮੇ ਨੂੰ ਮਾਈਨਰ ਟੁੱਟਣ ਦੀ ਸੂਚਨਾ ਦੇ ਚੁੱਕੇ ਹਨ ਪਰ 10 ਵਜੇ ਤੋਂ ਬਾਅਦ ਪ੍ਰਸਾਸ਼ਨ ਦੀ ਨੀਂਦ ਖੁੱਲ੍ਹੀ ਹੈ, ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਨਰਮੇ ਅਤੇ ਝੋਨੇ ਦੀ ਫ਼ਸਲ ਬਰਬਾਦ ਹੋ ਚੁੱਕੀ ਹੈ। ਉਨ੍ਹਾਂ ਸਰਕਾਰ ਪਾਸੋਂ ਕਿਸਾਨਾਂ ਦੀਆਂ ਬਰਬਾਦ ਫ਼ਸਲਾਂ ਟਿਊਬਵੈਲਾਂ ਦੀ ਸਪੈਸ਼ਲ ਗਿਰਦਾਵਰੀ ਦੀ ਮੰਗ ਕੀਤੀ ਹੈ।



