ਸੁਨਾਮ, 2 ਜੁਲਾਈ (ਰਾਕੇਸ਼ ਜਿੰਦਲ)- ਸ਼ਹੀਦ ਊਧਮ ਸਿੰਘ ਦੇ ਬੁੱਤ ਅਤੇ ਸਮਾਰਕ ’ਤੇ ਲਾਈਟਾਂ ਲਾਉਣ ਅਤੇ ਸਫਾਈ ਕਰਾਉਣ ਦਾ ਵਿਵਾਦ ਹੁਣ ਹੋਰ ਵੀ ਭਖਦਾ ਜਾ ਰਿਹਾ ਹੈ। ਇਸ ਮਸਲੇ ਵਿਚ ਸ਼ਹਿਰ ਨਾਲ ਸਬੰਧਤ ਅਤੇ ਕੰਬੋਜ਼ ਬਿਰਾਦਰੀ ਦੀਆਂ ਜੱਥੇਬੰਦੀਆਂ ਦਸਮੇਸ਼ ਸਿੱਖ ਨੌਜਵਾਨ ਸਭਾ, ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਅਤੇ ਵੱਖ-ਵੱਖ ਜੱਥੇਬੰਦੀਆਂ ਨੇ ਦੱਸਿਆ ਕਿ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਕੌਮੀ ਪ੍ਰਵਾਨੇ ਦੇ ਖਿਲਾਫ ਵਰਤੇ ਗਏ ਅਪਸ਼ਬਦ ਅਤੇ ਡੈਪੂਟੇਸ਼ਨ ਦਾ ਕੀਤਾ ਗਿਆ ਅਪਮਾਨ ਦੀ ਸ਼ਹਿਰ ਵਿਚ ਰੋਸ ਦੀ ਲਹਿਰ ਬਣਦੀ ਜਾ ਰਹੀ ਹੈ। ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਸਥਾਪਿਤ ਸ਼ਹੀਦ ਊਧਮ ਸਿੰਘ ਦੇ ਬੁੱਤ ’ਤੇ ਰੌਸ਼ਨੀ ਕਰਨ ਲਈ ਜੋ ਲਾਈਟਾਂ ਲੱਗੀਆਂ ਹੋਈਆਂ ਸਨ, ਉਹ ਲੰਮੇਂ ਸਮੇਂ ਤੋਂ ਹੀ ਖਰਾਬ ਹਨ। ਇਹ ਖਰਾਬ ਹੋਈਆਂ ਲਾਈਟਾਂ ਬਦਲਣ ਲਈ ਜਦੋਂ ਨਗਰ ਕੌਂਸਲ ਤੱਕ ਪਹੁੰਚ ਕੀਤੀ ਗਈ
, ਤਾਂ ਨਗਰ ਕੌਂਸਲ ਨੇ ਬਦਲਣ ਤੋਂ ਇਨਕਾਰ ਕਰ ਦਿੱਤਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਸ਼ਹੀਦ ਨੂੰ ਅਪਸ਼ਬਦ ਵੀ ਕਹੇ ਗਏ। ਇਸ ਸਬੰਧੀ ਆਲ ਇੰਡੀਆ ਕੰਬੋਜ਼ ਮਹਾਂਸਭਾ ਦੇ ਜਨਰਲ ਸਕੱਤਰ ਸ੍ਰ: ਭਰਪੂਰ ਸਿੰਘ ਕੰਬੋਜ਼ ਨੇ ਮੰਗ ਕੀਤੀ ਹੈ ਕਿ ਇਹ ਪ੍ਰਧਾਨ ਪਹਿਲਾਂ ਵੀ ਸ਼ਹਿਰ ਵਿਚ ਕਾਫੀ ਦੰਗੇ ਅਤੇ ਜਾਤੀਵਾਦ ਦੇ ਮਸਲੇ ਪੈਦਾ ਕਰ ਚੁੱਕਾ ਹੈ। ਜਦੋਂ ਨਗਰ ਕੌਂਸਲ ਦੀ ਚੋਣ ਹੋਈ ਸੀ, ਉਸ ਸਮੇਂ ਵੀ ਕਈ ਤਰ੍ਹਾਂ ਦੇ ਮਸਲੇ ਸਾਹਮਣੇ ਆਏ ਸਨ। ਪਿਛਲੀ ਟਰਮ ਵਿਚ ਵੀ ਇਸ ਨੂੰ ਪ੍ਰਧਾਨਗੀ ਤੋਂ ਪਹਿਲੇ ਸਾਲ ਵਿਚ ਹੀ ਹਟਾ ਦਿੱਤਾ ਗਿਆ ਸੀ ਅਤੇ ਹੁਣ ਵੀ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ।
ਸ਼ਹੀਦਾਂ ਅਤੇ ਪੀਰਾਂ-ਫਕੀਰਾਂ ਦੀ ਧਰਤੀ ’ਤੇ ਪ੍ਰਧਾਨਗੀ ਕਰਨ ਵਾਲੇ ਇਹੋ ਜਿਹੇ ਪ੍ਰਧਾਨ ਨੂੰ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ। ਨਗਰ ਕੌਂਸਲ ਦੇ ਮੀਤ ਪ੍ਰਧਾਨ ਰਿਸ਼ੀ ਪਾਲ ਨਾਲ ਫੋਨ ’ਤੇ ਗੱਲਬਾਤ ਕਰਨ ’ਤੇ ਉਨ੍ਹਾਂ ਨੇ ਕਿਹਾ ਕਿ ਇਸ ਮਸਲੇ ਦਾ ਹੱਲ ਤਾਂ ਪ੍ਰਧਾਨ ਕੋਲ ਹੀ ਹੈ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਰਾਤਣ ਇਤਿਹਾਸਕ ਮੰਦਿਰ ਸ਼੍ਰੀ ਸੀਤਾਸਰ ਸਰੋਵਰ ਧਾਮ ਦਾ ਮਸਲਾ ਵੀ ਇਸ ਪ੍ਰਧਾਨ ਦੀ ਬਦੌਲਤ ਹੀ ਉਲਝਿਆ ਹੋਇਆ ਹੈ, ਜੋ ਕਿ ਉਚ ਸਿਆਸੀ ਲੀਡਰਾਂ ਨੂੰ ਗਲਤ ਸੂਚਨਾਵਾਂ ਦੇ ਕੇ ਇਸ ਨੂੰ ਕਈ ਵਾਰੀ ਸਿਆਸੀ ਰੰਗ ਦੇ ਦਿੱਤਾ ਗਿਆ ਹੈ। ਇਸ ਸਮੇਂ ਪ੍ਰੀਤਮ ਸਿੰਘ ਹਾਂਡਾ, ਕੇਹਰ ਸਿੰਘ ਜੋਸ਼ਨ, ਮਲਕੀਤ ਸਿੰਘ, ਗੁਰਮੇਲ ਸਿੰਘ, ਧਰਮ ਸਿੰਘ, ਪ੍ਰਗਟ ਸਿੰਘ ਆਦਿ ਹਾਜ਼ਰ ਸਨ।



