Skip to content
Independent perspectives. Global stories.
BREAKING

ਮੁੱਖ ਮੰਤਰੀ ਵੱਲੋਂ ‘ਡਿਜੀਟਲ ਇੰਡੀਆ’ ਦੇ ਵਜੋਂ ਸੂਬਾਈ ਪੋਰਟਲ ਈ.ਪੀ.ਐਮ.ਐਸ. ਦੀ ਸ਼ੁਰੂਆਤ

Share this story

ਜਲੰਧਰ/ਚੰਡੀਗੜ੍ਹ, 2 ਜੁਲਾਈ- ਦੇਸ਼ਵਿਆਪੀ ‘ਡਿਜੀਟਲ ਇੰਡੀਆ’ ਹਫਤੇ ਦੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸੂਬਾਈ ਪੋਰਟਲ ਈ.ਪੀ.ਐਮ.ਐਸ. (ਇਲੈਕਟ੍ਰਾਨਿਕ ਪ੍ਰਾਜੈਕਟਸ ਮੈਨੇਜਮੈਂਟ ਸਿਸਟਮ) ਸ਼ੁਰੂਆਤ ਕੀਤੀ। ਇਹ ਪ੍ਰਾਜੈਕਟ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਤੇਜੀ ਲਿਆਉਣ, ਕੁਸ਼ਲਤਾ ਵਿਚ ਵਾਧਾ ਕਰਨ, ਪਾਰਦਰਸ਼ਤਾ ਲਿਆਉਣ, ਨਿਵੇਸ਼ਕਾਂ ਦੇ ਵਿਸ਼ਵਾਸ਼ ਨੂੰ ਬੜ੍ਹਾਵਾ ਦੇਣ, ਪੂੰਜੀ ਨਿਵੇਸ਼ ਚੱਕਰ ਨੂੰ ਸੁਰਜੀਤ ਕਰਨ, ਮਾਨਵੀ ਅਦਾਨ-ਪ੍ਰਦਾਨ ਖਤਮ ਕਰਨ, ਉਦਯੋਗ ਤੋਂ ਸਰਕਾਰ (ਬੀ2ਜੀ), ਸੂਬੇ ਤੋਂ ਕੇਂਦਰ (ਜੀ2ਜੀ), ਜਾਂ ਦੋਵਾਂ (ਜੀ2ਬੀ) ਵਿਚਕਾਰ ਸੰਚਾਰ ਵਿਚ ਸੁਧਾਰ ਲਿਆਉਣ ਦੇ ਵਾਸਤੇ ਸ਼ੁਰੂ ਕੀਤਾ ਗਿਆ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਪ੍ਰਧਾਨ ਮੰਤਰੀ

ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿਚ ਉਦਯੋਗ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ ਸ਼ੁਰੂ ਕੀਤੀ ਇਸ ਵਿਲੱਖਣ ਪਹਿਲਕਦਮੀ ਦੀ ਪ੍ਰਸੰਸਾ ਕੀਤੀ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸੂਬਾਈ ਪੋਰਟਲ ਸੂਬੇ ਵਿਚ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਅਤੇ ਭਲਾਈ ਸਕੀਮਾਂ ਨੂੰ ਸਮੇਂ ਸਿਰ ਲਾਗੂ ਕਰਨ ਲਈ ਕੇਂਦਰੀ ਏਜੰਸੀਆਂ ਵਲੋਂ ਲੋੜੀਂਦੀ ਪ੍ਰਵਾਨਗੀ ਪ੍ਰਾਪਤ ਕਰਨ ਵਾਸਤੇ ਪ੍ਰਮੁੱਖ ਭੂਮਿਕਾ ਨਿਭਾਏਗਾ ਅਤੇ ਬੇਲੋੜੀ ਦੇਰੀ ਨੂੰ ਖਤਮ ਕਰੇਗਾ। ਪ੍ਰਾਜੈਕਟ ਦੀ ਜਾਣਕਾਰੀ ਦਿੰਦੇ ਹੋਏ ਕੈਬਨਿਟ ਸਕੱਤਰੇਤ ਦੇ ਜਾਇੰਟ ਸਕੱਤਰ ਸ੍ਰੀ ਵੀ.ਪੀ. ਜੋਏ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਪੋਰਟਲ ਨੈਸ਼ਨਲ ਇੰਫੋਰਮੈਟਿਕਸ ਸੈਂਟਰ (ਐਨ.ਆਈ.ਸੀ) ਦੇ ਇੰਫੋਰਮੈਟਿਕਸ ਡਵੀਜ਼ਨ ਦੇ ਕੈਬਨਿਟ ਸਕੱਤਰੇਤ, ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਦੇ ਕੈਬਨਿਟ ਸਕੱਤਰੇਤ ਵੱਲੋਂ 100 ਕਰੋੜ ਰੁਪਏ ਤੋਂ 1000 ਕਰੋੜ ਰੁਪਏ ਤੱਕ ਦੇ ਪੂੰਜੀ ਨਿਵੇਸ਼ ਨਾਲ ਸਬੰਧਤ ਜਨਤਕ ਅਤੇ ਨਿੱਜੀ ਸੈਕਟਰਾਂ ਦੇ ਬੁਨਿਆਦੀ ਢਾਂਚਾ ਨਿਵੇਸ਼ ਪ੍ਰਾਜੈਕਟਾਂ ਨੂੰ ਗਤੀ ਦੇਣ ਲਈ ਵਿਕਸਤ ਕੀਤਾ ਗਿਆ ਹੈ ਅਤੇ ਇਸ ਦਾ ਪ੍ਰਬੰਧਨ ਕੀਤਾ ਗਿਆ ਹੈ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਆਨਲਾਈਨ ਟ੍ਰੈਕਿੰਗ ਮੈਕੇਨਿਜ਼ਮ ਨੂੰ ਝਾਰਖੰਡ, ਉੜੀਸਾ, ਉਤਰਾਖੰਡ, ਕੇਰਲਾ, ਛੱਤੀਸਗੜ੍ਹ, ਉਤਰ ਪ੍ਰਦੇਸ਼ ਹਿਮਾਚਲ ਪ੍ਰਦੇਸ਼, ਕਰਨਾਟਕਾ, ਮਹਾਰਾਸ਼ਟਰਾ, ਪਾਂਡੀਚਰੀ, ਆਸਾਮ, ਮੱਧ ਪ੍ਰਦੇਸ਼, ਗੁਜਰਾਤ, ਆਂਧਰਾ ਪ੍ਰਦੇਸ਼, ਬਿਹਾਰ ਅਤੇ ਹਰਿਆਣਾ ਵਰਗੇ ਸੂਬਿਆਂ ਨੇ ਅਪਣਾਇਆ ਹੈ।
ਇਸ ਮੌਕੇ ਹਾਜਰ ਹੋਰਨਾਂ ਵਿਚ ਵਧੀਕ ਮੁੱਖ ਸਕੱਤਰ ਵਿਕਾਸ ਸ੍ਰੀ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਐਸ.ਕੇ.ਸੰਧੂ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਸ੍ਰੀ ਵਿਸ਼ਵਜੀਤ ਖੰਨਾ, ਪ੍ਰਮੁੱਖ ਸਕੱਤਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਸ੍ਰੀਮਤੀ ਅੰਜਲੀ ਭਾਵੜਾ, ਸਕੱਤਰ ਸਥਾਨਕ ਸਰਕਾਰ ਸ੍ਰੀ ਅਸ਼ੋਕ ਗੁਪਤਾ, ਪ੍ਰਬੰਧਕੀ ਡਾਇਰੈਕਟਰ ਪੰਜਾਬ ਇੰਫੋਟੈਕ ਸ੍ਰੀ ਰਾਜ ਕੁਮਾਰ ਚੌਧਰੀ, ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਪੰਜਾਬ ਪੀ.ਆਈ.ਪੀ.ਬੀ ਸ੍ਰੀ ਡੀ.ਕੇ. ਤਿਵਾੜੀ, ਸਕੱਤਰ ਤਕਨੀਕੀ ਸਿੱਖਿਆ ਸ੍ਰੀ ਰਾਕੇਸ਼ ਵਰਮਾ, ਵਿਸੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਕੇ.ਜੇ.ਐਸ. ਚੀਮਾ, ਸ੍ਰੀ ਅਜੋਏ ਕੁਮਾਰ ਸ਼ਰਮਾ ਅਤੇ ਡਾ. ਐਸ.ਕੇ. ਰਾਜੂ ਸ਼ਾਮਲ ਸਨ।

WRITTEN BY