ਨਵਾਂਸ਼ਹਿਰ, 2 ਜੁਲਾਈ- ਜ਼ਿਲ੍ਹੇ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਤੇਜ਼ ਰਫ਼ਤਾਰੀ ਕਾਰਨ ਵਾਪਰੇ ਸੜ੍ਹਕ ਹਾਦਸਿਆਂ ਦੇ ਮੱਦੇਨਜ਼ਰ ਵਾਹਨਾਂ ਨੂੰ ਨਿਯੰਤ੍ਰਿਤ ਸਪੀਡ ’ਤੇ ਚਲਾਉਣ ਦੀ ਆਦਤ ਪਾਉਣ ਲਈ ਅਤੇ ਸੜ੍ਹਕ ਸੁਰੱਖਿਆ ਦਾ ਪਾਠ ਪੜ੍ਹਾਉਣ ਲਈ ਅੱਜ 55 ਓਵਰ ਸਪੀਡ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ। ਜ਼ਿਲ੍ਹਾ ਟ੍ਰਾਂਸਪੋਰਟ ਅਫ਼ਸਰ ਅਤੇ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੇ ਮੈਂਬਰ ਸਕੱਤਰ ਸ੍ਰੀ ਤਰਲੋਚਨ ਸਿੰਘ ਸਹੋਤਾ ਅਨੁਸਾਰ ਡਿਪਟੀ ਕਮਿਸ਼ਨਰ ਸ. ਅਮਰ ਪ੍ਰਤਾਪ ਸਿੰਘ ਵਿਰਕ ਵੱਲੋਂ ਬੀਤੇ ਦਿਨੀਂ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਹਾਦਸਿਆਂ ਦਾ ਕਾਰਨ ਬਣਦੀ ਤੇਜ਼ ਰਫ਼ਤਾਰੀ ਨੂੰ ਨੱਥ ਪਾਉਣ ਲਈ ‘ਸਪੀਡ ਇੰਟਰਸੈਪਟਰ ਵਹੀਕਲ’ ਜ਼ਿਲ੍ਹੇ ਵਿੱਚ ਤਾਇਨਾਤ ਕਰਨ ਦੀ ਹਦਾਇਤ ਕੀਤੀ ਗਈ ਸੀ।
ਉਸੇ ਤਹਿਤ ਅੱਜ ਪਹਿਲੇ ਦਿਨ ‘ਸਪੀਡ ਇੰਟਰਸੈਪਟਰ ਵਾਹਨ’ ਨਵਾਂਸ਼ਹਿਰ-ਚੰਡੀਗੜ੍ਹ ਰੋਡ ’ਤੇ ਵੱਖ-ਵੱਖ ਥਾਂਵਾਂ ’ਤੇ ਤਾਇਨਾਤ ਕੀਤਾ ਗਿਆ ਜਿਸ ਤਹਿਤ 55 ਵਾਹਨਾਂ ਦੇ ਓਵਰ ਸਪੀਡ ਪਾਏ ਗਏ। ਉਨ੍ਹਾਂ ਦੱਸਿਆ ਕਿ ਹਾਰੇਕ ਵਾਹਨ ਦੀ ਔਸਤਨ 20 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਤੇਜ਼ ਰਫ਼ਤਾਰ ਪਾਈ ਗਈ ਜਿਸ ਤਹਿਤ ਉਨ੍ਹਾਂ ਨੂੰ 700 ਰੁਪਏ ਤੋਂ 1200 ਰੁਪਏ ਪ੍ਰਤੀ ਵਾਹਨ ਜੁਰਮਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਇਨ੍ਹਾਂ ਵਾਹਨ ਚਾਲਕਾਂ ਨੂੰ ਤੇਜ਼ ਰਫ਼ਤਾਰੀ ਬਦਲੇ 42 ਹਜ਼ਾਰ ਰੁਪਏ ਦਾ ਜੁਰਮਾਨਾ ਭੁਗਤਣਾ ਪਿਆ। ਡੀ.ਟੀ.ਓ. ਅਨੁਸਾਰ ਜ਼ਿਲ੍ਹੇ ਵਿੱਚ ‘ਸਪੀਡ ਇੰਟਰਸੈਪਟਰ ਵਾਹਨ’ ਨੂੰ 15 ਦਿਨ ਰੱਖਿਆ ਜਾਵੇਗਾ ਤਾਂ ਜੋ ਫ਼ਗਵਾੜਾ-ਰੂਪਨਗਰ ਰੋਡ ’ਤੇ ਤੇਜ਼ ਰਫ਼ਤਾਰ ਵਾਹਨਾਂ ਦੀ ਸਪੀਡ ਨੂੰ ਨਿਯੰਤ੍ਰਿਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਵਾਹਨ ਇੱਕ ਕਿਲੋਮੀਟਰ ਦੂਰ ਤੋਂ ਹੀ ਵਾਹਨ ਦੀ ਸਪੀਡ ਫੜ ਲੈਂਦਾ ਹੈ ਜਿਸ ਨਾਲ ਉਸ ਦੇ ਓਵਰ ਸਪੀਡ ਹੋਣ ਜਾਂ ਸਹੀ ਸਪੀਡ ’ਤੇ ਹੋਣ ਬਾਰੇ ਪਤਾ ਲੱਗਦਾ ਹੈ।



