ਨਵੀਂ ਦਿੱਲੀ, 2 ਜੁਲਾਈ (ਪੀ. ਟੀ.)- ਪਰਮਜੀਤ ਸਿੰਘ ਸਰਨਾ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਾਬਕਾ ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈੱਸ ਦੇ ਨਾਂਅ ਬਿਆਨ ਵਿੱਚ ਹੈਰਾਨੀ, ਦੁਖ ਅੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਕਿ ਮੌਜੂਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਆਰੰਭ ਕੀਤੀ ਸ੍ਰੀ ਅਨੰਦਪੁਰ ਸਾਹਿਬ ਦੇ ਰੰਗ ਰੋਗਨ ਦੀ ਕਾਰ ਸੇਵਾ ਨੂੰ ਆਰਥਿਕ ਤੰਗੀ ਕਰਕੇ ਜਾਰੀ ਰੱਖਣ ਤੋਂ ਨਾਂਹ ਕਰ ਦਿੱਤੀ ਹੈ। ਸਿੱਖ ਪਰੰਪਰਾਵਾਂ ਵਿੱਚ ਅਰਦਾਸ ਦੀ ਲਾਜ਼ ਰੱਖਣੀ ਹਰ ਸਿੱਖ ਦਾ ਫਰਜ਼ ਹੈ ਤੇ ਜੇ ਇਸ ਦੀ ਕੁਤਾਹੀ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਵੀ ਬੇਮੁੱਖ ਹੋ ਜਾਵੇ ਤਾਂ ਇਸ ਮੌਕੇ ’ਤੇ ਦਿੱਲੀ ਦੀ ਸਿੱਖ ਸੰਗਤ ਦੀ ਵੀ
ਹੇਠੀ ਹੋਈ ਹੈ। ਦਿੱਲੀ ਦੀ ਸੰਗਤ ਭਲੀਭਾਂਤ ਜਾਣ ਗਈ ਹੈ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਨਵ-ਉਸਾਰੀ ਲਈ ਕਾਰ ਸੇਵਾ ਦੀ ਮੰਗ ਕਰਨ ਵਾਲੇ ਮਨਜੀਤ ਸਿੰਘ ਜੀ.ਕੇ. ਤੇ ਮਨਜਿੰਦਰ ਸਿੰਘ ਸਿਰਸਾ ਆਪਣੀਆਂ ਤਿਜੋਰੀਆਂ ਤਾਂ ਭਰ ਸਕਦੇ ਹਨ ਪਰ ਗੁਰੂ ਘਰ ਦੀ ਸੇਵਾ ਨਹੀਂ ਕਰ ਸਕਦੇ। ਸ. ਸਰਨਾ ਨੇ ਆਪਣਾ ਬਿਆਨ ਜਾਰੀ ਰੱਖਦੇ ਹੋਏ ਕਿਹਾ ਕਿ ਦਿੱਲੀ ਦੀ ਸੰਗਤ ਦੇ ਮਾਣ ਸਤਿਕਾਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਤੀ ਗਈ ਅਰਦਾਸ ਦੀ ਪੂਰਤੀ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ, ਸ੍ਰੀ ਅਨੰਦਪੁਰ ਸਾਹਿਬ ਦੇ ਰੰਗ ਰੋਗਨ ਦੇ ਬਚਦੇ ਹੋਏ ਕਾਰਜ ਨੂੰ ਆਪਣੇ ਹੱਥ ਲੈਣ ਲਈ ਤਿਆਰ ਹੈ ਬਸ਼ਰਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਕਾਰ ਸੇਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਸੌਂਪਣ ਦਾ ਐਲਾਨ ਕਰੇ। ਸ. ਪਰਮਜੀਤ ਸਿੰਘ ਸਰਨਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਅਮੀਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਘਰੀ ਹੋਈ ਆਰਥਿਕ ਸਥਿਤੀ ਦੀ ਵੀ ਜ਼ਿੰਮੇਵਾਰ ਲੇਖਾਕਾਰਾਂ ਵੱਲੋਂ ਜਾਂਚ ਹੋਣੀ ਚਾਹੀਦੀ ਹੈ।



