ਜਲੰਧਰ/ਚੰਡੀਗੜ੍ਹ, 25 ਜੂਨ-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸਥਾਨਕ ਸਰਕਾਰਾਂ ਤੇ ਵਿਕਾਸ ਅਥਾਰਟੀਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰੀਅਲ ਅਸਟੇਟ ਡਿਵੈਲਪਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਲੋੜੀਂਦੀਅ੍ਯਾਂ ਸਿਫਾਰਸ਼ਾਂ ਦਾ ਪ੍ਰਸਤਾਵ ਪੇਸ਼ ਕਰਨ। ਅੱਜ ਇੱਥੇ ਰੀਅਲ ਅਸਟੇਟ ਡਿਵੈਲਪਰਾਂ ਦੇ ਇਕ ਵਫਦ ਵਲੋਂ ਉਪ ਮੁੱਖ ਮੰਤਰੀ ਨਾਲ ਈ.ਡੀ. ਚਾਰਜਾਂ ਸਬੰਧੀ ਮੀਟਿੰਗ ਦੌਰਾਨ ਸ. ਬਾਦਲ ਵਲੋਂ ਵਿਭਾਗੀ ਅਧਿਕਾਰੀਆਂ ਨੂੰ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ।ਸੰਨੀ ਐਨਕਲੇਵ ਨਾਲ ਸਬੰਧਿਤ ਜਰਨੈਲ ਸਿੰਘ ਬਾਜਵਾ ਦੀ ਅਗਵਾਈ ਹੇਠ ਆਏ ਵਫਦ ਵਲੋਂ ਸ. ਬਾਦਲ ਕੋਲੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਐਕਸਟਰਨਲ ਡਿਵੈਲਪਮੈਂਟ ਚਾਰਜ਼ ਘਟਾਏ ਕਿਉਂਕਿ ਇਹ ਬਹੁਤ ਜਿਆਦਾ ਹਨ। ਸ. ਬਾਦਲ ਨੇ ਵਫਦ ਨੂੰ ਕਿਹਾ ਕਿ ਉਹ ਆਪਣੀਆਂ ਮੰਗਾਂ ਸਬੰਧੀ ਵਿਸਥਾਰਤ ਰਿਪੋਰਟ ਤਿਆਰ ਕਰਕੇ ਦੇਣ ਤਾਂ ਜੋ ਉਨ੍ਹਾਂ ਨੂੰ ਪੂਰਾ ਕਰਨ
ਲਈ ਲੋੜੀਂਦੇ ਕਦਮ ਚੁੱਕੇ ਜਾ ਸਕਣ। ਇਸ ਤੋਂ ਇਲਾਵਾ ਸ. ਬਾਦਲ ਵਲੋਂ ਰੀਅਲ ਅਸਟੇਟ ਡਿਵੈਲਪਰਾਂ ਨਾਲ 24 ਜੁਲਾਈ ਨੂੰ ਵੀ ਮੀਟਿੰਗ ਨਿਰਧਾਰਿਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਰੀਅਲ ਅਸਟੇਟ ਦੀ ਮੰਗ ’ਤੇ ਲਗਭਗ ਸਾਰੇ ਜਿਲਿਆਂ ਵਿਚ ਕੁਲੈਕਟਰ ਦਰਾਂ ਤਰਕਸੰਗਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਵਫਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗ੍ਯਾਂ ਦਾ ਜਲਦ ਹੀ ਹੱਲ ਕੀਤਾ ਜਾਵੇਗਾ।
ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਵੀਂ ਹਾਊਸਿੰਗ ਨੀਤੀ ਲਾਗੂ ਕੀਤੀ ਗਈ ਹੈ, ਜਿਸ ਤਹਿਤ ਆਰਥਿਕ ਤੌਰ ’ਤੇ ਕਮਜ਼ੋਰ ਤਬਕੇ ਦੇ ਲੋਕਾਂ ਨੂੰ ਵਾਜਿਬ ਦਰਾਂ ’ਤੇ ਘਰ ਮੁਹੱਈਆ ਕਰਵਾਉਣ ਲਈ ਰੀਅਲ ਅਸਟੇਟ ਡਿਵੈਲਪਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਵਫਦ ਨੂੰ ਦੱਸਿਆ ਕਿ ਇਕ ਸਾਲ ਦੇ ਅੰਦਰ-ਅੰਦਰ 4000 ਕਰੋੜ ਰੁਪੈ ਨਾਲ ਪੰਜਾਬ ਸਰਕਾਰ ਵਲੋਂ ਸਾਰੇ ਸ਼ਹਿਰੀ ਤੇ ਦਿਹਾਤੀ ਹਲਕਿਆਂ ਅੰਦਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਮੀਟਿੰਗ ਦੌਰਾਨ ਮੁੱਖ ਤੌਰ ’ਤੇ ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਪੀ.ਐਸ.ਆਈ.ਡੀ.ਸੀ. ਦੇ ਉਪ ਚੇਅਰਮੈਨ ਰਾਜੇਸ਼ ਅਗਰਵਾਲ ਤੋਂ ਇਲਾਵਾ ਰੀਅਲ ਅਸਟੇਟ ਡਿਵੈਲਪਰ ਜਰਨੈਲ ਸਿੰਘ ਬਾਜਵਾ,ਅਮਿਤ ਲਾਲ ਅਗਰਵਾਲ, ਅਮਰੀਕ ਸਿੰਘ ਚਾਵਲਾ, ਆਰ.ਕੇ ਗੋਇਲ , ਕ੍ਰਿਸ਼ਨ ਸ਼ਰਮਾ ਕੁੱਕੂ, ਅਮਰਦੀਪ ਸਿੰਘ , ਕਪਿਲ ਮਹਿਰਾ, ਸਤ ਦੇਵ, ਅਸ਼ੋਕ ਮਲਹੋਤਰਾ, ਮਹਿੰਦਰ ਗੋਇਲ, ਰੁਪਿੰਦਰ ਚਾਵਲਾ, ਦੀਪਕ ਬਤਰਾ, ਬਲਰਾਜ ਭਸੀਨ ਤੇ ਮੇਜਰ ਸਿੰਘ ਹਾਜ਼ਰ ਸਨ।



