Skip to content
Independent perspectives. Global stories.
BREAKING

‘ਆਪ’ ਅਤੇ ਹੋਰ ਜੱਥੇਬੰਦੀਆਂ ਵੱਲੋਂ ਬੱਸ ਸਟੈਂਡ ਦੀ ਉਸਾਰੀ ਤੇ ਦਰਖਤਾਂ ਦੀ ਕਟਾਈ ਰੋਕਣ ਲਈ ਧਰਨਾ

Share this story

ਸੰਗਰੂਰ, 22 ਜੂਨ (ਹਰਜੀਤ ਸਿੰਘ ਹਸਨਪੁਰੀ)- ਬੱਸ ਸਟੈਂਡ ਸੰਗਰੂਰ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਜਿਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਸਰਕਾਰ ਬੱਸ ਸਟੈਂਡ ਦੀ ਉਸਾਰੀ ਵਾਸਤੇ ਬਹੁਤ ਵਾਰੀ ਵਾਅਦੇ ਕਰ ਚੁੱਕੀ ਹੈ ਪਰ ਉਸਾਰੀ ਦਾ ਕੰਮ ਅਜੇ ਤੱਕ ਚਾਲੂ ਨਹੀਂ ਕੀਤਾ ਗਿਆ। ਭਾਵੇਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਬੱਸ ਸਟੈਂਡ ਦਾ ਨੀਂਹ ਪੱਥਰ ਪਿਛਲੇ ਦਿਨੀਂ ਰੱਖ ਦਿੱਤਾ ਸੀ ਪਰੰਤੂ ਲੋਕਾਂ ਦੇ ਮਨਾਂ ਵਿੱਚ ਬੇਭਰੋਸਗੀ ਬਣੀ ਹੋਈ ਹੈ। ਇਸ ਤੋਂ ਇਲਾਵਾ ਸੋਹੀਆਂ ਬੀੜ ਵਿੱਚੋਂ ਦਰਖੱਤਾਂ ਦੀ ਕਟਾਈ ਦੇ ਖ਼ਿਲਾਫ ਲੋਕਾਂ ਵਿੱਚ ਭਾਰੀ ਰੋਸ ਹੈ। ਕੱਲ੍ਹ ਬਹੁਤ ਸਾਰੀਆਂ ਸੰਸਥਾਵਾਂ ਅਤੇ ਸਮਾਜ ਸੇਵੀ ਜੱਥੇਬੰਦੀਆਂ ਨੇ ਇੱਕ ਮੀਟਿੰਗ ਕੀਤੀ ਅਤੇ ਆਮ ਆਦਮੀ ਦੀ ਪਾਰਟੀ ਦੇ ਆਗੂ ਭਗਵੰਤ ਮਾਨ

ਮੈਂਬਰ ਲੋਕ ਸਭਾ ਸੰਗਰੂਰ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਸੋਹੀਆਂ ਬੀੜ ਦੇ ਵਿੱਚ ਮੋਰ ,ਗਿੱਦੜ ,ਨੀਲ ਗਾਂ, ਬਾਂਦਰ ਅਤੇ ਹੋਰ ਜਾਨਵਰ ਕਾਫੀ ਗਿਣਤੀ ਵਿੱਚ ਹਨ। ਜੇਕਰ ਬੀੜ ਦੀ ਕਟਾਈ ਕੀਤੀ ਜਾਂਦੀ ਹੈ ਤਾਂ ਇਹ ਜਾਨਵਰ ਸ਼ਹਿਰ ਵੱਲ ਮੂੰਹ ਕਰ ਲੈਣਗੇ। ਬਾਂਦਰਾਂ ਵੱਲੋਂ ਸ਼ਹਿਰ ਦੇ ਵਿੱਚ ਖਰੂਦ ਮਚਾਉਣ ਦੀ ਹਾਲਤ ਵਿੱਚ ਪ੍ਰਸ਼ਾਸ਼ਨ ਕੋਲ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਸੰਗਰੂਰ ਸ਼ਹਿਰ ਦੇ ਵਿੱਚ ਪਹਿਲਾਂ ਹੀ ਆਵਾਰਾ ਗਊਆਂ ਤੇ ਹੋਰ ਪਸ਼ੂਆਂ ਨੇ ਲੋਕਾਂ ਦਾ ਜਿਉਣਾ ਦੁਬਰ ਕੀਤਾ ਹੋਇਆ ਹੈ। ਇਸ ਨਾਲ ਕਈ ਹਾਦਸੇ ਹੋਏ ਹਨ ਅਤੇ ਕਈ ਘਰ ਉਜੜੇ ਹੋਏ ਹਨ। ਧਰਨੇ ਦੇ ਵਿੱਚ ਹਾਜ਼ਰ ਕਈ ਆਗੂਆਂ ਨੇ ਦੋਸ਼ ਲਾਇਆ ਕਿ ਪਹਿਲਾਂ ਸੜਕਾਂ ਦੇ ਕਿਨਾਰਿਆਂ ਤੋਂ ਕੱਟੇ ਗਏ ਦਰਖੱਤਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਅਤੇ ਹੁਣ ਬੇਜਵਾਨ ਜਾਨਵਰਾਂ ਦਾ ਘਰ ਉਜਾੜਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਨੂੰ ਕਿਸੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਉੱਥੇ ਨਵੇਂ ਦਰਖੱਤ ਲਗਾਏ ਜਾਣ ਅਤੇ ਫੇਰ ਇਹਨਾਂ ਦਰਖੱਤਾਂ ਨੂੰ ਕਟਿਆ ਜਾਵੇ ਤਾਂ ਕਿ ਜਾਨਵਰ ਦਾ ਉਜਾੜਾ ਨਾ ਹੋਵੇ।ਉਹਨਾਂ ਨੇ ਕਿਹਾ ਕਿ ਪੰਜਾਬ  ਸਰਕਾਰ ਵਿਕਾਸ ਦੀ ਥਾਂ ਵਿਨਾਸ਼ ਦੇ ਰਾਹ ’ਤੇ ਤੁਰੀ ਹੋਈ ਹੈ। ਪਹਿਲਾਂ ਇਹਨਾਂ ਨੇ ਮਨੁੱਖਤਾ ’ਤੇ ਜੁਲਮ ਕੀਤੇ ਅਤੇ ਹੁਣ ਜਾਨਵਰਾਂ ’ਤੇ ਅਤਿੱਆਚਾਰ ਕਰਨ ਤੇ ਤੁਲੀ ਹੋਈ ਹੈ। ਭਗਵੰਤ ਮਾਨ ਆਮ ਆਦਮੀ ਦੀ ਪਾਰਟੀ ਦੇ ਆਗੂ ਇੰਦਰਪਾਲ ਖਾਲਸਾ , ਗੁਰਚਰਨ ਸਿੰਘ ਸਾਬਕਾ ਸਰਪੰਚ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਪ੍ਰਧਾਨ ਮੱਘਰ ਸਿੰਘ , ਸਮਾਜ ਸੇਵੀ ਫਤਿਹ ਪ੍ਰਭਾਕਰ , ਇਨਕਲਾਬ ਫਾਊਂਡੇਸ਼ਨ ਦੇ ਸਕੱਤਰ ਅਮਨਦੀਪ ਸਿੰਘ, ਜਗਦੀਪ ਸਿੰਘ ਗੁਜਰਾਂ, ਰਾਜ ਕੁਮਾਰ ਸੋਹੀਆਂ, ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਜੇਕਰ ਬੀੜ ਵਿੱਚੋਂ ਦਰਖੱਤਾਂ ਦੀ ਕਟਾਈ ਨਾ ਰੋਕੀ ਤਾਂ 1 ਜੁਲਾਈ ਤੋਂ ਬੀੜ ਦੇ ਅੱਗੇ ਮਰਨ ਵਰਤ ਕੀਤਾ ਜਾਵੇਗਾ। ਸ਼੍ਰੀ ਅਰਸ਼ਦੀਪ ਸਿੰਘ ਥਿੰਦ ਡਿਪਟੀ ਕਮਿਸ਼ਨਰ ਸੰਗਰੂਰ ਨੇ ਭਰੋਸਾ ਦਿਵਾਇਆ ਕਿ ਬੱਸ ਸਟੈਂਡ ਦੀ ਉਸਾਰੀ 30 ਜੁਲਾਈ ਤੋਂ ਪਹਿਲਾਂ ਪਹਿਲਾਂ ਸ਼ੁਰੂ ਕਰਵਾ ਦਿੱਤੀ ਜਾਵੇਗੀ ਤੇ ਬੀੜ ਦੇ ਵਿੱਚੋਂ ਦਰਖੱਤਾਂ ਦੀ ਕਟਾਈ ਤੁਰੰਤ ਰੋਕਣ ਦੇ ਲਈ ਹੁਕਮ ਕਰ ਦਿੱਤੇ ਹਨ।

WRITTEN BY