ਸ੍ਰੀ ਅਨੰਦਪੁਰ ਸਾਹਿਬ, 12 ਜੂਨ- (ਅਰਵਿੰਦਰ ਭਾਰਦਵਾਜ)- ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਸਮਾਗਮ ਮਨਾਉਣ ਲਈ ਜਿੱਥੇ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਜਾ ਰਹੇ ਹਨ। ਉਥੇ ਨਗਰ ਕੌਂਸਲ ਨੇ ਵੀ ਸਵੱਛ ਸ੍ਰੀ ਅਨੰਦਪੁਰ ਸਾਹਿਬ ਮੁਹਿੰਮ ਸ਼ੁਰੂ ਕਰਕੇ ਇਸ ਇਤਿਹਾਸਕ ਤੇ ਪਵਿੱਤਰ ਨਗਰੀ ਨੂੰ ਸਾਫ ਸੁਥਰਾ ਰੱਖਣ ਦਾ ਪ੍ਰੋਗਰਾਮ ਉਲੀਕ ਦਿੱਤਾ ਹੈ। ਇਹ ਜਾਣਕਾਰੀ ਸਥਾਨਕ ਸਰਕਾਰ ਵਿਭਾਗ ਦੇ ਚੀਫ ਇੰਜੀਨੀਅਰ ਸ੍ਰੀ ਅਨਿਲ ਕਾਂਸਲ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਨੂੰ 11 ਸੈਕਟਰਾ ਵਿਚ ਵੰਡਣ ਅਤੇ ਹਰ ਸੈਕਟਰ ਵਿਚ ਇੱਕ ਟ੍ਰੈਕਟਰ ਟਰਾਲੀ,ਇੱਕ ਸਫਾਈ ਕਰਮਚਾਰੀਆਂ ਦੀ ਟੀਮ ਨੂੰ ਰਵਾਨਾ ਕਰਨ ਮੌਕੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਾਰੇ 11 ਸੈਕਟਰਾ ਵਿਚ ਇੱਕ ਇੱਕ ਕਾਰਜ ਸਾਧਕ ਅਫਸਰ
ਨੂੰ ਬਤੌਰ ਨੋਡਲ ਅਫਸਰ ਲਗਾਇਆ ਗਿਆ ਹੇੈ। ਉਨ੍ਹਾਂ ਨੇ ਦੱਸਿਆਂ ਕਿ ਟੀਮਾਂ ਵਿਚ ਲਗਾਏ ਗਏ ਸੁਪਰਵਾਈਜ਼ਰ ਇਸ ਸਾਰੇ ਸਫਾਈ ਦੇ ਕੰਮ ਨੂੰ ਸਹੀ ਢੰਗ ਨਾਲ ਕਰਵਾਉਣਗੇ ਅਤੇ ਹਰ ਸੈਕਟਰ ਵਿਚ ਟੈਂਕਰਾਂ ਰਾਹੀ ਪਾਣੀ ਦਾ ਛਿੜਕਾ ਕੀਤਾ ਜਾਵੇਗਾ। ਇਨ੍ਹਾਂ ਸਾਰੇ ਕਰਮਚਾਰੀਆਂ ਨੂੰ ਵਿਸ਼ੇਸ਼ ਲੋਗੋ ਵਾਲੀਆ ਜਾਕਟਾਂ ਪਵਾਇਆ ਗਿਆ ਤਾ ਜੋ ਇਨ੍ਹਾਂ ਦੀ ਵੱਖਰੀ ਪਹਿਚਾਨ ਰਹੇਗੀ। ਉਨ੍ਹਾਂ ਨੇ ਦੱਸਿਆ ਕਿ 350 ਸਾਲਾ ਸਥਾਪਨਾ ਸਮਾਗਮਾ ਮੌਕੇ ਲੱਖਾਂ ਸੰਗਤਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ ਦੇਸ਼ਾ ਵਿਦੇਸ਼ਾ ਤੋ ਆਉਣਾ ਹੈ ਇਸ ਲਈ ਅਸੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਹੈ। ਨਗਰ ਕੋਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਮਹਿੰਦਰ ਸਿੰਘ ਬਿੱਟੂ ਵਾਲੀਆਂ ਨੇ ਕਿਹਾ ਕਿ ਇਸ ਧਾਰਮਿਕ ਨਗਰੀ ਵਿਚ ਲੱਖਾਂ ਸੰਗਤਾਂ ਨੇ ਆਉਣਾ ਹੈ ਇਸ ਲਈ ਇਸ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਚੰਗੇ ਪੱਧਰ ਤੇ ਬਰਕਰਾਰ ਰੱਖਣ ਲਈ ਆਪਣੀ ਡਿਊਟੀ ਦੇ ਨਾਲ ਨਾਲ ਸੇਵਾ ਭਾਵਨਾ ਨਾਲ ਕੰਮ ਕਰਨਾ ਵੀ ਬੇਹੱਦ ਜਰੂਰੀ ਹੈ। ਸਫਾਈ ਕਰਮਚਾਰੀਆ ਨੂੰ ਨਗਰ ਦੀ ਸਫਾਈ ਬਾਰੇ ਵਿਸੇਸ਼ ਹਦਾਇਤ ਕੀਤੀ ਗਈ ਕਿ ਆਉਣ ਵਾਲੀ ਸੰਗਤ ਨੂੰ ਸਾਫ ਸਫਾਈ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ । ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਕਮਲ ਕਾਂਤ ਗੋਇਲ,ਜੁਆਇੰਟ ਕਮਿਸ਼ਨਰ, ਨਗਰ ਨਿਗਮ ਮੁਹਾਲੀ ਅਤੇ ਸਮੂਹ ਕਾਰਜ ਸਾਧਕ ਅਫਸਰ ਅਤੇ ਸੈਨਟਰੀ ਇੰਸਪੈਕਟਰ ਇਸ ਸਮੇਂ ਮੌਜੂਦ ਸਨ।



