ਹਿਸਾਰ, 12 ਜੂਨ (ਪੀ. ਟੀ.)- 1 ਨਵੰਬਰ 1984 ਨੂੰ ਗੁੜਗਾਉਂ ਵਿੱਚ ਕਤਲ ਕੀਤੇ 47 ਸਿੱਖਾਂ ਦੇ ਕਤਲ ਸਬੰਧੀ ਹਾਈਕੋਰਟ ਦੀ ਰਿੱਟ ਨੰ. 3821 ਤਹਿਤ ਹਿਸਾਰ ਵਿਖੇ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ ਲਗਾਤਾਰ ਤਿੰਨ ਦਿਨ 10, 11 ਅਤੇ 12 ਜੂਨ ਨੂੰ ਸੁਣਵਾਈ ਚੱਲੀ। ਇਸ ਸੁਣਵਾਈ ਵਿੱਚ 143 ਪੀੜਤਾਂ ਦੀ ਜ਼ਿਰ੍ਹਾ ਮੁਕੰਮਲ ਹੋ ਗਈ ਹੈ। ਜਿਸ ਵਿੱਚ ਮਹਿੰਦਰਪਾਲ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਘਰ ਪੁਰਾਣੇ ਬੱਸ ਅੱਡੇ ਕੋਲ਼ ਸੀ ਅਤੇ ਉਨ੍ਹਾਂ ਦੇ ਘਰ ’ਤੇ 1 ਨਵੰਬਰ ਨੂੰ ਸ਼ਾਮ 4 ਵਜੇ ਸਭ ਤੋਂ ਪਹਿਲਾਂ ਹਮਲਾ ਹੋਇਆ। ਇਸ ਹਮਲੇ ਵਿੱਚ ਉਸ ਦਾ ਘਰ ਜਲ਼ਾ ਦਿਤਾ ਗਿਆ । ਉਸ ਦੀ ਫੋਟੋ ਸਟੇਟ ਮਸ਼ੀਨ ਦੇ ਪੁਰਜ਼ੇ ਬਣਾਉਣ ਵਾਲ਼ੀ ਫੈਕਟਰੀ ਰਾਖ ਕਰ ਦਿੱਤੀ ਗਈ। ਵਹਿਸ਼ੀ ਦਰਿੰਦਿਆਂ ਨੇ ਉਸ ਦਾ ਸਿਰ ਪਾੜ ਦਿਤਾ ਅਤੇ ਉਸ ਨੂੰ ਅੱਧਮੋਇਆ ਕਰ ਕੇ ਛੱਡ ਗਏ ।
ਉਸ ਦੀ ਇਸ ਹਮਲੇ ਦੌਰਾਨ ਟੁੱਟੀ ਲੱਤ ਕਈ ਮਹੀਨੇ ਤੱਕ ਠੀਕ ਨਹੀਂ ਹੋਈ। ਉਨ੍ਹਾਂ ਤੋਂ ਬਾਅਦ ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਕਾਤਲ ਭੀੜ ਸਿੱਖਾਂ ਦੀਆਂ ਲਿਸਟਾਂ ਬਣਾਈ ਫਿਰਦੇ ਸਨ ਤਾਂ ਕਿ ਇੱਕ ਵੀ ਸਿੱਖ ਬਚ ਨਾ ਸਕੇ। ਸਾਡੇ ਸਾਰੇ ਕਾਰੋਬਾਰ ਤਬਾਹ ਕਰ ਦਿੱਤੇ। 31 ਸਾਲ ਗੁਜ਼ਰ ਗਏ ਕਿਸੇ ਨੇ ਵੀ ਸਾਡੀ ਬਾਂਹ ਨਹੀਂ ਫੜੀ। ਇਨ੍ਹਾਂ ਤੋਂ ਇਲਾਵਾ ਨਿਸ਼ਾਨ ਸਿੰਘ, ਅਮਰਜੀਤ ਸਿੰਘ, ਪਰਮਪਾਲ ਸਿੰਘ, ਹਰਵਿੰਦਰ ਸਿੰਘ, ਸਵਰਨ ਕੌਰ, ਬਲਬੀਰ ਸਿੰਘ ਅਤੇ ਰਛਪਾਲ ਸਿੰਘ ਦੀ ਜ਼ਿਰ੍ਹਾ ਹੋਈ। ਪਟੀਸ਼ਨਰ ਨੰਬਰ 137 ਜ਼ਿਆਦਾ ਬੀਮਾਰ ਹੋਣ ਕਾਰਨ ਪੁੱਜ ਨਹੀਂ ਸਕਿਆ। ਜੱਜ ਸਾਹਿਬ ਨੇ ਹੁਕਮ ਕੀਤਾ ਕਿ ਜਿਵੇਂ ਮਰਜ਼ੀ ਚਾਹੇ ਐਬੂਲੈਂਸ ਵਿੱਚ ਲੈ ਕੇ ਆਓ, ਉਸ ਦੀ ਜ਼ਿਰ੍ਹਾ ਜ਼ਰੂਰ ਕਰਵਾਉ। ਏਨਾ ਕਹਿ ਕੇ ਅਗਲੀ ਸੁਣਵਾਈ 26 ਜੂਨ ’ਤੇ ਪਾ ਦਿੱਤੀ ।
ਇਸ ਮੌਕੇ ਪੀੜਤਾਂ ਨਾਲ਼ ਪਹੁੰਚੇ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸ਼ਨ ਸਿੰਘ ਘੋਲ਼ੀਆਂ ਨੇ ਕਿਹਾ ਕਿ ਜੱਜ ਸਾਹਿਬ ਨੇ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਰੋਜ਼ ਸੁਣਵਾਈ ਕੀਤੀ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ। 31 ਸਾਲਾਂ ਤੋਂ ਇਨਸਾਫ ਲਈ ਭਟਕਦੇ ਪੀੜਤ ਹੋਰ ਇੰਤਜ਼ਾਰ ਨਹੀਂ ਕਰ ਸਕਦੇ। ਉਹ 137 ਨੰ.ਪਟੀਸ਼ਨਰ ਲਈ ਗੁੜਗਾਉਂ ਪ੍ਰਸ਼ਾਸਨ ਜਾਂ ਸ਼੍ਰੋਮਣੀ ਕਮੇਟੀ ਨੂੰ ਕਹਿ ਕੇ ਐਂਬੂਲੈਂਸ ਦਾ ਪ੍ਰਬੰਧ ਕਰਵਾਉਣਗੇ ਤਾਂ ਜੋ ਜ਼ਿਰ੍ਹਾ ਜਲਦੀ ਮੁਕੰਮਲ ਹੋ ਸਕੇ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਅਰਸ਼ਦੀਪ ਸਿੰਘ, ਬਲਬੀਰ ਸਿੰਘ ਹਿਸਾਰ, ਸੰਜੀਵ ਸਿੰਘ ਪਿੰਨਾ ਆਦਿ ਹਾਜ਼ਿਰ ਸਨ।



