ਨਵੀਂ ਦਿੱਲੀ, 6 ਜੂਨ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਯਾਤਰਾ ’ਤੇ ਅੱਜ ਬੰਗਲਾਦੇਸ਼ ਪਹੁੰਚੇ ਤੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤ ਬੰਗਲਾਦੇਸ਼ ਵਿਚਕਾਰ 41 ਸਾਲ ਪੁਰਾਣੇ ਵਿਵਾਦ ‘ਤੇ ਸਮਝੌਤਾ ਹੋਇਆ। ਭਾਰਤ ਕਰੀਬ 17 ਹਜ਼ਾਰ ਏਕੜ ਜ਼ਮੀਨ ਬੰਗਲਾਦੇਸ਼ ਨੂੰ ਦੇਵੇਗਾ। ਬੰਗਲਾਦੇਸ਼ ਕਰੀਬ 7 ਹਜ਼ਾਰ ਏਕੜ ਜ਼ਮੀਨ ਭਾਰਤ ਨੂੰ ਦੇਵੇਗਾ। ਦੋਵੇਂ ਦੇਸ਼ਾਂ ਵਿਚਕਾਰ ਜ਼ਮੀਨ ਦੀ ਅਦਲਾ-ਬਦਲੀ ‘ਤੇ ਸਹਿਮਤੀ ਬਣੀ ਹੈ। ਇਸ ਤੋਂ 162 ਇਨਕਲੇਵ ‘ਚ ਫਸੇ ਲੋਕਾਂ ਨੂੰ ਨਵੀਂ ਪਹਿਚਾਣ ਮਿਲੇਗੀ। ਇਸ ਤੋਂ ਇਲਾਵਾ ਭਾਰਤ ਤੇ ਬੰਗਲਾਦੇਸ਼ ਵਿਚਕਾਰ ਸੰਪਰਕ ਨੂੰ ਵੱਡਾ ਹੁਲਾਰਾ ਦੇਣ ਦੀ ਪਹਿਲ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਹਰੀ ਝੰਡੀ ਦਿਖਾ ਕੇ ਦੋ ਬੱਸ ਸੇਵਾਵਾਂ ਦੀ ਸ਼ੁਰੂਆਤ ਕੀਤੀ।



