ਡਾ. ਬਰਜਿੰਦਰ ਸਿੰਘ ਹਮਦਰਦ
ਮੁਖ ਸੰਪਾਦਕ
ਅਜੀਤ ਗਰੁੱਪ (ਜਲੰਧਰ)
ਕਦੀ ਅਫ਼ਗਾਨਿਸਤਾਨ ਦੀ ਸਰਹੱਦ ਤੋਂ ਲੈ ਕੇ ਦਿੱਲੀ ਤੱਕ ਫੈਲੇ ਪੰਜਾਬ ਨੇ ਆਪਣੇ ਸਦੀਆਂ ਦੇ ਸਫ਼ਰ ‘ਚ ਬਹੁਤ ਕੁਝ ਅਜੀਬੋ-ਗਰੀਬ ਅਤੇ ਭਿਆਨਕ ਦੇਖਿਆ ਹੈ। ਅਕਸਰ ਅਸ਼ਾਂਤ ਰਹੇ ਇਸ ਖਿੱਤੇ ‘ਚੋਂ ਵਿਦੇਸ਼ੀ ਜਰਵਾਣੇ ਲੰਘਦੇ ਰਹੇ। ਇਥੇ ਦੇ ਵਾਸੀਆਂ ਨੂੰ ਕੁਚਲਦੇ ਤੇ ਡਰਾਉਂਦੇ ਰਹੇ ਅਤੇ ਅਖੀਰ ਦਿੱਲੀ ‘ਤੇ ਜਾ ਕਾਬਜ਼ ਹੁੰਦੇ ਰਹੇ। ਸਮੇਂ-ਸਮੇਂ ਬੜੀ ਹੀ ਮਾਰ-ਕਾਟ ਤੇ ਲਹੂ ਦੇ ਦਰਿਆ ਵਹਿੰਦੇ ਇਸ ਧਰਤੀ ਦੇ ਬਸ਼ਿੰਦਿਆਂ ਨੇ ਦੇਖੇ ਹਨ। ਅਣਕਿਆਸੇ ਸੰਤਾਪਾਂ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਹੈ। 20ਵੀਂ ਸਦੀ ‘ਚ ਅਜਿਹੀ ਹੀ ਇਕ ਘਟਨਾ ਵਾਪਰੀ ਸੀ, ਜਿਸ ਦਾ ਸਬੰਧ ਜਰਵਾਣਿਆਂ ਜਾਂ ਵਿਦੇਸ਼ੀ ਸਰਕਾਰ ਨਾਲ ਨਹੀਂ ਸੀ, ਸਗੋਂ ਆਪਣੇ ਦੇਸ਼ ਦੀ ਸਰਕਾਰ ਨਾਲ ਸੀ। 1984 ‘ਚ 3 ਜੂਨ ਤੋਂ 6 ਜੂਨ ਤੱਕ ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਉੱਪਰ ਜੋ ਫ਼ੌਜੀ ਹਮਲਾ ਹੋਇਆ ਸੀ, ਉਹ ਸਾਕਾ ਨੀਲਾ ਤਾਰਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉਸ ਤੋਂ ਪਹਿਲਾਂ ਕਈ ਸਾਲਾਂ ਤੱਕ ਪੰਜਾਬ ‘ਚ ਗੜਬੜ ਤੇ ਅਸ਼ਾਂਤੀ ਰਹੀ ਸੀ। ਇਸ ਲਈ ਕਿਹੜੀਆਂ ਧਿਰਾਂ ਦੋਸ਼ੀ ਸਨ ਇਸ ਸਮੇਂ ਇਸ ਦੇ ਵਿਸਥਾਰ ‘ਚ ਅਸੀਂ ਨਹੀਂ ਜਾਣਾ ਚਾਹੁੰਦੇ ਪਰ ਉਸ ਸਮੇਂ ਇਹ ਕਿਆਸ ਵੀ ਨਹੀਂ ਸੀ ਕੀਤਾ ਜਾ ਸਕਦਾ ਕਿ ਇਹ ਘਟਨਾਚੱਕਰ ਏਨਾ ਭਿਆਨਕ ਹੋ ਨਿੱਬੜੇਗਾ।
ਸਾਕਾ ਨੀਲਾ ਤਾਰਾ ਦੌਰਾਨ ਪਵਿੱਤਰ ਸ੍ਰੀ ਦਰਬਾਰ ਸਾਹਿਬ ‘ਚ ਸੈਂਕੜੇ ਹੀ ਬੇਦੋਸ਼ੇ ਲੋਕ ਮਾਰੇ ਗਏ। ਟਕਰਾਅ ਲੰਮੇ ਸਮੇਂ ਤੋਂ ਅੰਦਰ ਬੈਠੇ ਖਾੜਕੂਆਂ ਤੇ ਭਾਰਤੀ ਫ਼ੌਜ ਵਿਚਕਾਰ ਸੀ। ਪਰ ਇਹ ਟਕਰਾਅ ਏਨਾ ਭਿਆਨਕ ਰੁਖ਼ ਅਖ਼ਤਿਆਰ ਕਰ ਗਿਆ ਕਿ ਵਰ੍ਹਦੀਆਂ ਗੋਲੀਆਂ ਅਤੇ ਟੈਂਕਾਂ ਨੇ ਕਿਸੇ ਦਾ ਲਿਹਾਜ਼ ਨਹੀਂ ਕੀਤਾ। ਇਕ ਪਾਸੇ ਸੰਤ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਸਾਥੀ ਸਨ, ਜਿਨ੍ਹਾਂ ਨੇ ਸਿੱਖੀ ਦੀ ਰਵਾਇਤੀ ਪਰੰਪਰਾ ਅਨੁਸਾਰ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਸ਼ਹੀਦੀਆਂ ਪਾਈਆਂ। ਇਸ ਕਾਰਵਾਈ ‘ਚ ਬਹੁਤ ਸਾਰੇ ਫ਼ੌਜੀ ਵੀ ਮਾਰੇ ਗਏ। ਸ੍ਰੀ ਦਰਬਾਰ ਸਾਹਿਬ ਤੋਂ ਹੀ ਸੰਤ ਲੌਂਗੋਵਾਲ ਦੀ ਅਗਵਾਈ ‘ਚ ਧਰਮ ਯੁੱਧ ਮੋਰਚਾ ਚਲਾਇਆ ਜਾ ਰਿਹਾ ਸੀ। ਪਰ ਨਾ ਤਾਂ ਸਮੇਂ ਦੀ ਅਕਾਲੀ ਲੀਡਰਸ਼ਪ, ਨਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਾਲੀ ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਸਮੂਹ ਅੰਦਰਲੀ ਸਥਿਤੀ ਨੂੰ ਆਪਣੇ ਕੰਟਰੋਲ ਵਿਚ ਰੱਖ ਸਕੀ। ਅਕਾਲੀ ਲੀਡਰਸ਼ਿਪ ਤੇ ਸ਼੍ਰੋਮਣੀ ਕਮੇਟੀ ਲੋੜੀਂਦਾ ਹੌਸਲਾ ਨਾ ਜੁਟਾ ਸਕੀ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਵਾਪਰਦੀਆਂ ਰਹੀਆਂ ਹਿੰਸਕ ਘਟਨਾਵਾਂ ਨੇ ਇਹ ਹਾਲਾਤ ਪੈਦਾ ਕਰ ਦਿੱਤੇ ਕਿ ਇੰਦਰਾ ਗਾਂਧੀ ਦੀ ਸਰਕਾਰ ਨੂੰ ਖਾੜਕੂਆਂ ਨੂੰ ਬਾਹਰ ਕੱਢਣ ਦੇ ਨਾਂਅ ‘ਤੇ ਫ਼ੌਜੀ ਕਾਰਵਾਈ ਸ਼ੁਰੂ ਕਰਨ ਦਾ ਬਹਾਨਾ ਮਿਲ ਗਿਆ। ਖਾੜਕੂ ਗਰੁੱਪਾਂ ਨਾਲ ਕਿਵੇਂ ਨਜਿੱਠਣਾ ਹੈ, ਇਸ ‘ਤੇ 100 ਹੋਰ ਢੰਗ-ਤਰੀਕੇ ਵਿਚਾਰੇ ਜਾ ਸਕਦੇ ਸਨ ਪਰ ਸ੍ਰੀ ਦਰਬਾਰ ਸਾਹਿਬ ‘ਤੇ ਟੈਂਕਾਂ ਨਾਲ ਫ਼ੌਜ ਚੜ੍ਹਾ ਕੇ ਸ੍ਰੀਮਤੀ ਗਾਂਧੀ ਨੇ ਜੀਵਨ ਦੀ ਸਭ ਤੋਂ ਵੱਡੀ ਭੁੱਲ ਜਾਂ ਗ਼ਲਤੀ ਕੀਤੀ। ਇਸ ਨਾਲ ਜਿੰਨਾ ਜਾਨੀ ਤੇ ਮਾਲੀ ਨੁਕਸਾਨ ਹੋਇਆ, ਉਸ ਦਾ ਪਹਿਲਾਂ ਕਿਆਸ ਸ਼ਾਇਦ ਇੰਦਰਾ ਗਾਂਧੀ ਨੂੰ ਵੀ ਨਾ ਹੋਇਆ ਹੋਵੇ। ਪਰ ਇਸ ਕਾਰਵਾਈ ਨੇ ਦੁਨੀਆ ਭਰ ‘ਚ ਬੈਠੇ ਸਿੱਖ ਭਾਈਚਾਰੇ ਦੇ ਜ਼ਿਹਨ ‘ਤੇ ਇਕ ਬਹੁਤ ਵੱਡੀ ਸੱਟ ਮਾਰੀ, ਜਿਸ ‘ਚੋਂ ਉੱਠੇ ਦਰਦ ਨੂੰ ਸਹਿ ਸਕਣਾ ਬੇਹੱਦ ਮੁਸ਼ਕਿਲ ਸੀ। ਉਸ ਤੋਂ ਬਾਅਦ ਚੱਲਿਆ ਘਟਨਾਕ੍ਰਮ ਵੀ ਬੇਹੱਦ ਭਿਆਨਕ ਅਤੇ ਭਾਰਤੀ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲਾ ਰਿਹਾ। ਇੰਦਰਾ ਗਾਂਧੀ ਦੀ ਮੌਤ ਅਤੇ ਨਵੰਬਰ ‘84 ਦੇ ਦੰਗਿਆਂ ਨੇ ਹਾਲਾਤ ਹੋਰ ਵੀ ਖਰਾਬ ਕਰ ਦਿੱਤੇ, ਜਿਨ੍ਹਾਂ ਦਾ ਅਸਰ ਹੁਣ ਤੱਕ ਕਿਸੇ ਨਾ ਕਿਸੇ ਰੂਪ ‘ਚ ਬਣਿਆ ਨਜ਼ਰ ਆਉਂਦਾ ਹੈ। ਇਸ ਸਮੁੱਚੇ ਵਰਤਾਰੇ ਦਾ ਪੂਰਾ ਨਤਾਰਾ ਤਾਂ ਹਾਲੇ ਕੀਤਾ ਜਾਣਾ ਬਾਕੀ ਹੈ ਪਰ ਹੁਣ ਤੱਕ ਇਹ ਇਕ ਵੱਡਾ ਨਾਸੂਰ ਬਣ ਕੇ ਭਾਰਤੀ ਤੰਤਰ ਦੇ ਜਿਸਮ ‘ਤੇ ਲੱਗਿਆ ਨਜ਼ਰ ਆਉਂਦਾ ਹੈ। ਆਉਂਦੀਆਂ ਸਦੀਆਂ ‘ਚ ਵਾਪਰੇ ਇਸ ਦੁਖਾਂਤ ਦੀ ਪੀੜ ਕਿਸੇ ਵੀ ਤਰ੍ਹਾਂ ਘਟਣ ਵਾਲੀ ਨਹੀਂ ਲਗਦੀ। ਪਰ ਇਸ ਸਮੁੱਚੇ ਵਰਤਾਰੇ ਨੇ ਸਭ ਸਬੰਧਤ ਧਿਰਾਂ ਨੂੰ ਹੁਣ ਤੱਕ ਆਪਣੇ ਅੰਦਰ ਝਾਤੀ ਮਾਰਨ ਲਈ ਮਜਬੂਰ ਜ਼ਰੂਰ ਕੀਤਾ ਹੈ। ਬਿਨਾਂ ਸ਼ੱਕ ਨਿਰਪੱਖ ਤੇ ਆਜ਼ਾਦ ਰੂਪ ’ਚ ਇਸ ਭਿਆਨਕ ਵਰਤਾਰੇ ਦਾ ਵਿਸ਼ਲੇਸ਼ਣ ਕੀਤਾ ਜਾਣਾ ਬਣਦਾ ਹੈ, ਜੋ ਭਵਿੱਖ ਲਈ ਇਕ ਸੇਧ ਸਾਬਤ ਹੋ ਸਕੇ।
(ਸੰਪਾਦਕੀ ਅਜੀਤ : 5 ਜੂਨ 2015)



