ਫੌਜ ਵੱਲੋਂ ਫਲੈਗ ਮਾਰਚ ਇੰਟਰਨੈੱਟ ਸੇਵਾਵਾਂ ਬੰਦ
ਜੰਮੂ, 5 ਜੂਨ (ਪੀ. ਟੀ. ਲਾਇਵ)- ਬੀਤੇ ਕੱਲ੍ਹ ਜੰਮੂ ਦੇ ਗਾਡੀਗੜ੍ਹ ਇਲਾਕੇ ’ਚ ਇੱਕ ਪੁਲਿਸ ਅਧਿਕਾਰੀ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪੋਸਟਰ ਫਾੜਨ ਵਿਰੁੱਧ ਕੀਤਾ ਗਏ ਵਿਰੋਧ ਪ੍ਰਦਰਸ਼ਨ ‘ਚ ਇਕ ਸਿੱਖ ਨੌਜਵਾਨ ਦੀ ਮੌਤ ਤੋਂ ਬਾਅਦ ਜੰਮੂ ਅਤੇ ਨਾਲ ਲਗਦੇ ਖੇਤਰਾਂ ਵਿੱਚ ਹਾਲੇ ਵੀ ਤਣਾਅ ਵਾਲਾ ਮਾਹੌਲ ਹੈ। ਜੰਮੂ ਦੇ ਸਿੱਖ ਵਸੋਂ ਵਾਲੇ ਖੇਤਰਾਂ ਵਿੱਚ ਕਰਫਿਊ ਹੋਣ ਦੇ ਬਾਵਜੂਦ ਸ਼ੁੱਕਰਵਾਰ ਨੂੰ ਸਿੱਖ ਨੌਜਵਾਨਾਂ ਵੱਲੋਂ ਮੁੜ ਰੋਸ ਪ੍ਰਦਰਸ਼ਨ ਕੀਤਾ ਗਿਆ।ਸਿੱਖ ਗਰੁੱਪਾਂ ਨੇ ਜੰਮੂ ਪਠਾਨਕੋਟ ਹਾਈਵੇ ਰੋਕ ਦਿੱਤਾ ਤੇ ਉਨ੍ਹਾਂ ਵੱਲੋਂ ਟਾਇਰ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ। ਇਹ ਵਿਰੋਧ ਪ੍ਰਦਰਸ਼ਨ ਦਿਗਿਆਨਾ ਬੈਲਟ ’ਚ ਕੀਤਾ ਗਿਆ ਤੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੇ ਸਰਕਾਰ ਦੇ ਵਿਰੁੱਧ ਨਾਅਰੇ ਲਗਾਏ। ਅਜਿਹੇ ਹੀ ਵਿਰੋਧ ਪ੍ਰਦਰਸ਼ਨ ਪੁੰਛ, ਕਠੂਆ ਤੇ ਰਾਜੌਰੀ ਖੇਤਰ ‘ਚ ਕੀਤੇ ਗਏ। ਜੰਮੂ ਸ਼ਹਿਰ ‘ਚ ਵੱਡੀ ਗਿਣਤੀ ’ਚ ਪੁਲਿਸ ਤੈਨਾਤ ਕੀਤੀ ਗਈ ਹੈ।
ਇਸ ਦੌਰਾਨ ਵੀਰਵਾਰ ਨੂੰ ਸਿੱਖ ਪ੍ਰਧਰਸ਼ਨ ਉੱਪਰ ਗੋਲੀ ਚਲਾਉਣ ਵਾਲੇ ਜੰਮੂ-ਕਸ਼ਮੀਰ ਪੁਲਿਸ ਦੇ ਕਾਂਸਟੇਬਲ ਮੁਕੇਸ਼ ਸੈਣੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਤੋਂ ਪਹਿਲਾਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਅਤੇ ਸਿੱਖ ਸੰਗਤ ਨੇ ਮ੍ਰਿਤਕ ਦਾ ਪੋਸਟ ਮਾਰਟਮ ਕਰਨ ਤੋਂ ਮਨਾ ਕਰ ਦਿੱਤਾ ਸੀ। ਉਨ੍ਹਾਂ ਪੁਲਿਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਇਸ ਮੰਗ ਅੱਗੇ ਝੁਕਦਿਆਂ ਹੀ ਸੂਬਾ ਸਰਕਾਰ ਨੇ ਪੁਲਿਸ ਕਾਂਸਟੇਬਲ ’ਤੇ ਕਤਲ ਕੇਸ ਦਰਜ ਕੀਤਾ ਹੈ। ਇਸ ਦੌਰਾਨ ਸ਼ਹਿਰ ਦੇ ਸਕੂਲ ਕਾਲਜ ਅਤੇ ਦੁਕਾਨਾਂ ਬੰਦ ਰਹੀਆਂ। ਜੰਮੂ ਜ਼ਿਲ੍ਹੇ ਵਿੱਚ 144 ਲੱਗੀ ਹੋਈ ਹੈ। ਇੱਕ ਖੇਤਰ ਵਿੱਚ ਕਰਫਿਊ ਲਾਇਆ ਗਿਆ ਸੀ। ਪੁਲਿਸ ਦੇ ਨਾਲ-ਨਾਲ ਫੌਜ ਨੂੰ ਵੀ ਸਥਿਤੀ ਨਾਲ ਨਿਪਟਣ ਲਈ ਬੁਲਾਇਆ ਗਿਆ ਹੈ। ਹਾਲਤ ਦੇ ਵਿਸਫੋਟਕ ਹੋਣ ਨਾਲ ਜੰਮੂ ਵਿੱਚ ਇੰਟਰਨੈੱਟ ਅਤੇ ਐਸਐਮਐਸ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਇਸ ਮੁੱਦੇ ਉੱਪਰ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਅਦ ਨਾਲ ਫੋਨ ’ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਕੇਂਦਰ ਵੱਲੋਂ ਹਰ ਮਦਦ ਦਾ ਭਰੋਸਾ ਦਿਵਾਇਆ।



