ਜਲੰਧਰ, 31 ਮਈ (ਪੀ. ਟੀ.)- ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਤੇ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ‘ਚ ਬੰਦ ਸਿੱਖਾਂ ਦੀ ਰਿਹਾਈ ਦੇ ਸਮਰਥਨ ’ਚ ਅੱਜ ਕਈ ਸਿੱਖ ਜਥੇਬੰਦੀਆਂ ਨੇ ਜਲੰਧਰ ‘ਚ ਰੇਲ ਗੱਡੀਆਂ ਨੂੰ ਰੋਕਿਆ।ਪ੍ਰਦਰਸ਼ਨਕਾਰੀ ਜਲੰਧਰ ਰੇਲਵੇ ਸਟੇਸ਼ਨ ਦੇ ਅੰਦਰ ਹੀ ਰੇਲ ਪਟੜੀਆਂ ’ਤੇ ਧਰਨਾ ਲਗਾ ਕੇ ਬੈਠ ਗਏ। ਪ੍ਰਦਰਸ਼ਨ ਕਰ ਰਹੇ ਸਿੱਖ ਆਗੂਆਂ ਦਾ ਕਹਿਣਾ ਸੀ ਕਿ ਜੇ ਹੁਣ ਵੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਉਨ੍ਹਾਂ ਵਲੋਂ ਪੂਰੇ ਪੰਜਾਬ ‘ਚ ਰੇਲਾਂ ਦੀ ਆਵਾਜਾਈ ਰੋਕ ਦਿੱਤੀ ਜਾਵੇਗੀ।ਇਸ ਮੌਕੇ ’ਤੇ ਅੰਮ੍ਰਿਤਸਰ ਅਕਾਲੀ ਦਲ ਦੇ ਜਨਰਲ ਸਕੱਤਰ ਜਥੇ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਦਿਹਾਤੀ ਜਲੰਧਰ ਦੇ ਪ੍ਰਧਾਨ ਸੁਖਜੀਤ ਸਿੰਘ ਡਰੋਲੀ ਕਲਾਂ, ਯੂਥ ਵਿੰਗ ਦੇ ਜਨਰਲ ਸਕੱਤਰ ਸ. ਰਵਿੰਦਰ ਸਿੰਘ ਲਾਡੀ, ਸ਼ਹਿਰ ਦੇ ਪ੍ਰਧਾਨ ਜਥੇ. ਮਨਜੀਤ ਸਿੰਘ ਰੇਰੂ ਅਤੇ ਸ. ਸੁਲੱਖਣ ਸਿੰਘ ਸ਼ਾਹਕੋਟ ਪ੍ਰਮੁੱਖ ਤੌਰ ’ਤੇ ਹਾਜ਼ਰ ਸਨ।
ਇੱਥੇ ਜ਼ਿਕਰਯੋਗ ਹੈ ਕਿ ਬਾਪੂ ਸੂਰਤ ਸਿੰਘ ਖਾਲਸਾ ਇਸ ਸਾਲ 16 ਜਨਵਰੀ ਤੋਂ ਪਿੰਡ ਹਸਨਪੁਰ ਵਿਖੇ ਭੁੱਖ ਹੜਤਾਲ ’ਤੇ ਬੈਠੇ ਹਨ। ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਜੇਲ੍ਹਾਂ ’ਚੋਂ ਰਿਹਾਅ ਨਾ ਕਰਨ ਕਰਕੇ ਸੰਗਤ ਵਿੱਚ ਭਾਰੀ ਰੋਸ ਹੈ। ਜਲੰਧਰ ਤੋਂ ਇਲਾਵਾ ਕੁਝ ਹੋਰਨਾਂ ਥਾਵਾਂ ’ਤੇ ਵੀ ਪ੍ਰਦਰਸ਼ਨ ਦੀ ਖਬਰ ਹੈ।