ਸੰਗਰੂਰ, 29 ਮਈ (ਹਰਜੀਤ ਸਿੰਘ ਹਸਨਪੁਰੀ)- ਜਾਣਕਾਰੀ ਮਿਲੀ ਹੈ ਕਿ ਉੱਤਰੀਭਾਰਤ ਜ਼ੋਨ ਸੱਭਿਆਚਾਰ ਸੈਂਟਰ ਡਾਇਰੈਕਟਰ ਪਟਿਆਲਾ ਵਿੱਚ ਘਪਲੇਬਾਜ਼ੀ ਅਤੇ ਵਿੱਤੀ ਬੇਨਿਯਮਆਂ ਹੋਣ ਕਾਰਨ ਦਫਤਰੀ ਅਮਲਾ ਧੜੇਬੰਦੀ ਦਾ ਸ਼ਿਕਾਰ ਹੋ ਗਿਆ ਹੈ ਇਸੇ ਕਰਕੇ ਜਿਹੜੇ ਮੁਲਾਜ਼ਮ ਇਮਾਦਾਰ ਹਨ ਉਨ੍ਹਾਂ ਦੀਆਂ ਬਦਲੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ ਜਿਸ ਕਰਕੇ ਉਨ੍ਹਾਂ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸਿਵਲ ਰਿਟ ਪਟੀਸ਼ਨ ਦਾਇਰ ਕਰਨੀ ਪਈ। ਦਫਤਰ ਦੇ ਇੱਕ ਮੁਲਾਜ਼ਮ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਲੋਕ ਨਾਚ ਭੰਗੜਾ, ਗਿੱਧਾ, ਜਿੰਦੂਆ ਦੀਆਂ 14 ਮਈ 2014 ਤੋਂ ਕਲਾ ਗ੍ਰਾਮ, ਕੁਰਕਸ਼ੇਤਰ, ਦੇਹਰਾਦੂਨ, ਨਾਗਾਲੈਂਡ, ਦਿੱਲੀ, ਮਨੀਪੁਰ ਅਤੇ ਹੋਰ ਵੱਖ-ਵੱਖ ਮੇਲਿਆਂ ਵਿੱਚ 10-10 ਸਟੇਜਾਂ ਇੱਕ ਹੀ ਟਰੁੱਪ ਇੰਚਾਰਜ ਰਵੀ ਕੂਨਰ ਨੂੰ ਦਿੱਤੀਆਂ ਗਈਆਂ ਜੋ ਭੰਗੜੇ ਦੀਆਂ ਟੀਮਾਂ ਨਾਲ ਸਿਰਫ ਅਲਗੋਜ਼ੇ ਵਜਾਉਂਦਾ ਹੈ, ਜਿਸ ਨੂੰ ਭੰਗੜਾ ਆਉਂਦਾ ਹੀ
ਨਹੀਂ ਹੈ। ਫਰਵਰੀ ਮਹੀਨੇ ਵਿੱਚ ਕੌਮਾਂਤਰੀ ਸੂਰਜਕੁੰਡ ਮੇਲੇ ਵਿੱਚ ਰਵੀ ਕੂਨਰ ਦਾ 25 ਕਲਾਕਾਰਾਂ ਦਾ ਗਰੁੱਪ ਭੇਜਿਆ ਗਿਆ, ਜਿਸ ਵਿੱਚ 11 ਕੁੜੀਆਂ (ਗਿੱਧਾ), ਦੋ ਢੋਲੀ ਅਤੇ 12 ਭੰਗੜੇ ਦੇ ਕਲਾਕਾਰ ਲਿਜਾਣੇ ਸੀ। ਰਵੀ ਕੂਨਰ ਸਿਰਫ 12 ਭੰਗੜੇ ਦੇ ਕਲਾਕਾਰ, 2 ਢੋਲੀ ਅਤੇ 11 ਕੁੜੀਆਂ ਵਿੱਚੋਂ ਸਿਰਫ 6 ਕੁੜੀਆਂ ਲੈ ਕੇ ਹੀ ਮੇਲੇ ਵਿੱਚ ਗਿੱਧਾ ਪਵਾਉਣ ਲਈ ਚਲਿਆ ਗਿਆ, ਜਿੱਥੋਂ ਮੇਲੇ ਦੇ ਪ੍ਰਬੰਧਕਾਂ ਨੇ ਇਸ ਗਰੁੱਪ ਨੂੰ ਵਾਪਿਸ ਮੋੜ ਦਿੱਤਾ। ਗਿੱਧੇ-ਭੰਗੜੇ ਦੀਆਂ ਟੀਮਾਂ ਪੁਰਾਣੇ ਗਰੁੱਪਾਂ ਕੋਲ ਹੋਣ ਦੇ ਬਾਵਜੂਦ ਵੀ ਡਾਇਰੈਕਟਰ ਨੇ ਦੁਬਾਰਾ ਸਿਰਫ ਭੰਗੜੇ ਦੀ ਟੀਮ ਹੀ ਸੂਰਜਕੁੰਡ ਮੇਲੇ ਵਿੱਚ ਭੇਜੀ, ਰਵੀ ਕੂਨਰ ਨੂੰ ਬਲੈਕਲਿਸਟ ਕਰ ਦਿੱਤਾ ਅਤੇ ਉਸ ਤੋਂ ਬਾਅਦ ਰਵੀ ਕੂਨਰ ਨੇ 2-3 ਟੂਰ ਰਾਜ ਕੁਮਾਰ ਢੋਲੀ ਦੇ ਨਾਂ ਅਤੇ ਫਿਰ ਵੱਖ-ਵੱਖ ਟੀਮ ਦੇ 15 ਕਲਾਕਾਰਾਂ ਦੇ ਨਾਂਅ ’ਤੇ ਟੂਰ ਦਿੱਤੇ ਜਾਂਦੇ ਰਹੇ, ਜਿਨ੍ਹਾਂ ਦਾ ਰਵੀ ਕੂਨਰ ਹੀ ਹਿਸਾਬ ਕਿਤਾਬ ਕਰਦਾ ਹੈ। ਇਸ ਵਿੱਚ ਵੀ ਡਾਇਰੈਕਟਰ ਅਤੇ ਰਵੀ ਕੂਨਰ ਅਤੇ ਰਵੀ ਕੂਨਰ ਦੀ ਹੀ ਮਿਲੀ-ਭੁਗਤ ਸਿੱਧ ਹੁੰਦੀ ਹੈ। ਇਸ ਤੋਂ ਇਲਾਵਾ ਨਿਰਮਲ ਨਿੰਮਾ ਜੋ ਯੂਨੀਵਰਸਿਟੀ ’ਚ ਨੌਕਰੀ ਕਰਦਾ ਹੈ ਅਤੇ ਪਹਿਲਾਂ ਤੋਂ ਹੀ ਭੰਗੜੇ ਦੀਆਂ ਟੀਮਾਂ ਨਾਲ ਬੋਲੀਆਂ ਪਾਉਂਦਾ ਆ ਰਿਹਾ ਹੈ, ਜਿਸ ਨੇ ਕਦੇ ਜ਼ਿੰਦਗੀ ਵਿੱਚ ਭੰਗੜਾ-ਗਿੱਧਾ ਨਹੀਂ ਕੀਤਾ, ਉਸ ਨੂੰ ਟੂਰ ਦਿੱਤੇ ਜਾਂਦੇ ਹਨ। ਲਗਾਤਾਰ ਇੱਕ ਸਾਲ ਤੋਂ ਇਨ੍ਹਾਂ ਦੋਵਾਂ ਗਰੁੱਪਾਂ ਨੂੰ ਵਾਰ-ਵਾਰ ਟੂਰ ਦੇਣਾ ਉਹ ਵੀ ਜਿਨ੍ਹਾਂ ਨੇ ਕਦੇ ਜ਼ਿੰਦਗੀ ਵਿੱਚ ਭੰਗੜਾ-ਗਿੱਧਾ ਕੀਤਾ ਹੀ ਨਾ ਹੋਵੇ ਅਤੇ ਪੁਰਾਣੇ ਤਜਰਬੇਕਾਰ ਕਲਾਕਾਰ ਜਿਹੜੇ ਵੱਖ-ਵੱਖ ਥਾਵਾਂ ’ਤੇ ਲੋਕ-ਲਾਚਾਂ ਨੂੰ ਪ੍ਰਫੁੱਲਿਤ ਕਰਨ ਲਈ ਫਰੀ ਵਰਕਸ਼ਾਪਾਂ ਲਗਾਉਂਦੇ ਹਨ, ਉਨ੍ਹਾਂ ਨੂੰ ਟੂਰ ਨਾ ਦੇਣਾ, ਸਿਰਫ ਦੋ ਗਰੁੱਪਾਂ ਨੂੰ ਹੀ ਟੂਰ ਦੇਣਾ, ਕੋਈ ਮਸਲਾ ਜਾਂ ਖਾਸ ਗੱਲ ਲਗਦੀ ਹੈ। ਇਨ੍ਹਾਂ ਦੋਵਾਂ ਗਰੁੱਪਾਂ ਨੂੰ ਮਨਜੀਤ ਸਿੰਘ ਜੋ ਯੂਨੀਵਰਸਿਅੀ ਲੈਬੋਰਟਰੀ ਅਟੈਂਡੈਂਟ ਸੀ, ਨੂੰ ਡਾਇਰੈਕਟਰ ਨੇ ਨਾਰਥ ਜ਼ੋਨ ਕਲਚਰ ਸੈਂਟਰ ਦਫਤਰ ਜੁਆਇਨ ਕਰਵਾਇਆ ਹੈ, ਇਹ ਹੀ ਡਾਇਰੈਕਟਰ ਨਾਲ ਕਲਾਕਾਰਾਂ ਦਾ ਤਾਲਮੇਲ ਕਰਾਉਂਦਾ ਹੈ। ਇਸ ਤੋਂ ਇਲਾਵਾ ਗਾਇਕ ਕਲਾਕਾਰ ਅਮਰਿੰਦਰ ਬੌਬੀ, ਦੁਰਗਾ ਰੰਗੀਲਾ, ਪੂਰਨ ਸ਼ਾਹ ਕੋਟੀ, ਕੁਲਵਿੰਦਰ ਬਿੱਲਾ, ਕੁਵੱਲਿਆ ਕੁਮਾਰ (ਕਲਾਸੀਕਲ), ਮੱਘਰ ਅਲੀ (ਕਲਾਸੀਕਲ) ਅਤੇ ਨੁਸਤਬਾ ਹੁਸੈਨ (ਬੰਸਰੀਵਾਲਾ), ਇਨ੍ਹਾਂ ਵੱਖ-ਵੱਖ ਕਲਾਕਾਰਾਂ ਨੂੰ ਵਾਰ-ਵਾਰ ਵੱਖ-ਵੱਖ ਪ੍ਰਾਤਾਂ ਵਿੱਚ ਭੇਜਣਾ ਅਤੇ ਰਾਗਰ ਬੁਆਏਜ਼ ਪਾਕਿਸਤਾਨੀ ਕਲਾਕਾਰਾਂ ਨੂੰ ਬੁਲਾ ਕੇ ਇੱਥੇ ਵੱਖ-ਵੱਖ ਸ਼ੋਅ ਕਰਵਾਉਣਾ, ਜਿਹੜੇ ਕਲਾਕਾਰ 2-3 ਸਾਲ ਪਹਿਲਾਂ 21-31 ਹਜ਼ਾਰ ਰੁਪਏ ’ਚ ਪ੍ਰੋਗਰਾਮਾਂ ਵਿੱਚ ਜਾਂਦੇ ਸਨ, ਉਨ੍ਹਾਂ ਦੇ 21-31 ਹਜ਼ਾਰ ਤੋਂ ਵਧਾ ਕੇ ਇੱਕ ਤੋਂ ਡੇਢ ਲੱਖ ਰੁਪਏ ਤੱਕ ਕਰ ਦੇਣਾ, ਇਸ ਵਿੱਚ ਵੀ ਕਿਤੇ ਨਾ ਕੋਈ ਗੱਲ ਜਾਪਦੀ ਹੈ। ਸ਼ਿਆਮ ਦਾਸ ਕਾਂਝਲੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਅਵਤਾਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸੰਗਰੂਰ, ਬਲਵੰਤ ਸਿੰਘ ਮੱਖੂ ਲੋਕ ਸੰਗਜਾਮ ਮੰਚ ਪੰਜਾਬ, ਉਜਾਗਰ ਸਿੰਘ ਬੀਹਲਾ ਪ੍ਰਧਾਨ ਲੋਕ ਚੇਤਨਾ ਮੰਚ, ਕਰਨੈਲ ਸਿੰਘ ਜਖੇਪਲ ਜਨਰਲ ਸਕੱਤਰ ਅੰਤਰਰਾਸ਼ਟਰੀ ਡੈਮੋਕਰੇਟਿਕ ਪਾਰਟੀ ਨੇ ਉੱਤਰੀ ਭਾਰਤ ਜ਼ੋਨ ਸੱਭਿਆਚਾਰ ਸੈਂਟਰ ਪਟਿਆਲਾ ਦੇ ਦਫਤਰ ਵਿੱਚ ਹੋਈਆਂ ਬੇਨਿਯਮੀਆਂ ਦੀ ਜਾਂਚ ਪੜਤਾਲ ਸੀ ਬੀ ਆਈ ਤੋਂ ਕਰਾਉਣ ਦੀ ਮੰਗ ਕੀਤੀ ਹੈ।