May 1, 2026 3:40 pm

ਤਗਮਾ ਜੇਤੂ ਖਿਡਾਰੀਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕਰੇਗੀ ਪੰਜਾਬ ਸਰਕਾਰ

ਚੰਡੀਗੜ੍ਹ, 29 ਮਈ (ਪੀ. ਟੀ.)- ਪੰਜਾਬ ਸਰਕਾਰ ਵਲੋਂ ਅੰਤਰਰਾਸ਼ਟਰੀ, ਰਾਸ਼ਟਰੀ, ਇੰਟਰ-ਵਰਸਿਟੀ ਤੇ ਸੂਬਾ ਪੱਧਰੀ ਖੇਡ ਮੁਕਾਬਿਲਆਂ ਦੌਰਾਨ ਤਗਮੇ ਜਿੱਤਣ ਵਾਲੇ 1000 ਤੋਂ ਵੱਧ ਖਿਡਾਰੀਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ ਲਈ ਪਹਿਲੀ ਅਪ੍ਰੈਲ 2013 ਤੋਂ 31 ਮਾਰਚ 2015 ਤੱਕ ਵੱਖ-ਵੱਖ ਮੁਕਾਬਲਿਆਂ ਦੌਰਾਨ ਤਗਮੇ ਜਿੱਤਣ ਵਾਲ ਖਿਡਾਰੀਆਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਖੇਡ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ੍ਯਾਂ ਤੇ ਵਿਸ਼ਵ ਕੱਪਾਂ ਦੌਰਾਨ ਸੋਨ, ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਕ੍ਰਮਵਾਰ 21 ਲੱਖ, 11 ਲੱਖ ਅਤੇ 7 ਲੱਖ ਰੁਪੈ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹਰ 2 ਸਾਲ ਬਾਅਦ ਹੋਣ ਵਾਲੇ ਵਿਸ਼ਵ ਕੱਪਾਂ, ਏਸ਼ੀਅਨ ਚੈਂਪੀਅਨਸ਼ਿਪ ਤੇ ਕਾਮਨਵੈਲਥ ਚੈਂਪੀਅਨਸ਼ਿਪ ਦਰਮਿਆਨ ਸੋਨ ਤਗਮਾ ਨੂੰ 5 ਲੱਖ, ਚਾਂਦੀ ਤਗਮਾ ਜੇਤੂ ਨੂੰ 3 ਲੱਖ ਅਤੇ ਕਾਂਸੀ ਦਾ ਤਗਮਾ

ਜੇਤੂ ਨੂੰ 2 ਲੱਖ ਰੁਪੈ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੌਮੀ ਖੇਡਾਂ, ਐਫਰੋ ਏਸ਼ੀਅਨ ਖੇਡਾਂ ਤੇ ਸੈਫ ਖੇਡਾਂ ਵਿਚ ਸੋਨ, ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਕ੍ਰਮਵਾਰ 3 ਲੱਖ, 2 ਲੱਖ ਅਤੇ ਇਕ ਲੱਖ ਰੁਪੈ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਪੈਰ੍ਹਾ ਉਲੰਪਿਕ ਖੇਡਾਂ ਵਿਚ ਸੋਨ ਤਗਮੇ ਲਈ 5 ਲੱਖ, ਚਾਂਦੀ ਲਈ 3 ਲੱਖ ਅਤੇ ਕਾਂਸੀ ਲਈ 2 ਲੱਖ ਰੁਪੈ ਦਿੱਤੇ ਜਾਣਗੇ ਜਦਕਿ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਅੰਗਹੀਣਾਂ ਦੀ ਸ਼੍ਰੇਣੀ ਵਿਚ ਸੋਨ ਤਗਮੇ ਲਈ 2 ਲੱਖ, ਚਾਂਦੀ ਲਈ 1.25 ਲੱਖ ਤੇ ਕਾਂਸੀ ਲਈ 75 ਹਜ਼ਾਰ ਰੁਪੈ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਲਈ ਸੋਨ ਤਗਮਾ ਜੇਤੂ ਨੂੰ 40 ਹਜ਼ਾਰ, ਚਾਂਦੀ ਲਈ 20 ਹਜ਼ਾਰ ਤੇ ਕਾਂਸੀ ਲਈ 15 ਹਜ਼ਾਰ ਰੁਪੈ ਦਾ ਇਨਾਮ ਦਿੱਤਾ ਜਾਵੇਗਾ।
ਆਲ ਇੰਡੀਆ ਇੰਟਰ ਵਰਸਿਟੀ ਚੈਂਪੀਅਨਸ਼ਿਪ ਅਤੇ ਨੈਸ਼ਨਲ ਵੂਮੈਨ ਸਪੋਰਟਸ ਫੈਸਟੀਵਲ ਵਿਚ ਸੋਨੇ , ਚਾਂਦੀ ਤੇ ਕਾਂਸੀ ਤਗਮਾ ਜੇਤੂਆਂ ਨੂੰ ਕ੍ਰਮਵਾਰ 15 ਹਜ਼ਾਰ, 12 ਹਜ਼ਾਰ ਤੇ 10 ਹਜ਼ਾਰ ਰੁਪੈ ਦਾ ਨਕਦ ਇਨਾਮ ਦਿੱਤਾ ਜਾਵੇਗਾ। ਕੌਮੀ ਸਕੂਲ ਖੇਡਾਂ ਦੇ ਸੋਨੇ , ਚਾਂਦੀ ਤੇ ਕਾਂਸੀ ਤਗਮਾ ਜੇਤੂਆਂ ਨੂੰ ਕ੍ਰਮਵਾਰ 15 ਹਜ਼ਾਰ, 10 ਹਜ਼ਾਰ ਤੇ 7500 ਰੁਪੈ ਦਾ ਨਕਦ ਇਨਾਮ ਦਿੱਤਾ ਜਾਵੇਗਾ।             

Send this to a friend