May 1, 2026 9:10 am

ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਲਾਇਆ ਕੋਆਪ੍ਰੇਟਿਵ ਬੈਂਕ ਅੱਗੇ ਵਿਸ਼ਾਲ ਧਰਨਾ

ਸੰਗਰੂਰ, 27 ਮਈ (ਗਰੋਵਰ)-  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਅੱਜ ਸਥਾਨਕ ਅਨਾਜ ਮੰਡੀ ਅੰਦਰ ਇਕੱਠੇ ਹੋਣ ਤੋਂ ਬਾਅਦ ਹਜਾਰਾਂ ਹੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਹਿਰ ਅੰਦਰ  ਰੋਹ ਪੂਰਵਕ ਮੁਜਾਹਰਾ ਕਰਦਿਆਂ ਸੈਟਰਲ ਕੋਪਰੇਟਿਵ ਬੈਂਕ ਦੇ ਹੈਡ ਦਫਤਰ  ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਸਮੇ ਧਰਨਾਕਾਰੀਆਂ ਨੇ ਡੀ.ਆਰ. ਦੇ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਕਿਸਾਨਾਂ ਦੇ ਭਾਰੀ ਇਕੱਠ ਨੂੰ ਸਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆ ਕਿ ਖੇਤੀਬਾੜੀ ਸੈਕਟਰ ਅੰਦਰ ਹਾਲੋ ਬੇਹਾਲ ਹੋਈ ਕਰਜਾਈ ਕਿਸਾਨਾਂ ਦੀ ਬਾਂਹ ਫੜਨ ਦੀ ਥਾਂ ਸਰਕਾਰ ਹੋਰ ਖੱਜਲ ਖੁਵਾਰ ਕਰ ਰਹੀ ਹੈ ਅਤੇ ਵਿਕਾਸ ਦੀ ਆੜ ਵਿੱਚ ਕਿਸਾਨਾਂ ਦਾ ਵਿਨਾਸ਼ ਕਰਨ ’ਤੇ ਤੁਲੀ ਹੋਈ ਹੈ। ਹਰ ਰੋਜ਼ ਨਵੇ ਨਵੇ ਟੈਕਸ ਮਿਹਨਤ ਕਰਨ ਵਾਲੇ ਕਿਸਾਨਾਂ ’ਤੇ ਲੱਦੇ ਜਾ ਰਹੇ ਹਨ,ਜਿਸ ਕਾਰਨ ਕਿਸਾਨ ਹਰ ਰੋਜ਼

ਖੁਦਕੁਸ਼ੀਆਂ ਕਰ ਰਹੇ ਹਨ। ਮੌਸਮ ਦੀ ਮਾਰ,ਸਰਕਾਰੀ ਵਿਤਕਰੇਬਾਜੀ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਨੇ ਕੋਪਰੇਟਿਵ ਸੁਸਾਇਟੀਆਂ ਵਿੱਚ ਕਰਜ਼ੇ ਵਧਾਉਣ ਦੀ ਥਾਂ ਪਹਿਲਾ ਤੋਂ ਮਿਲਦੇ ਹੱਦ ਕਰਜ਼ੇ ਕੱਟ ਲਗਾ ਕੇ ਕਿਸਾਨਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਜਿਸ ਕਾਰਨ ਕਿਸਾਨਾਂ ਦੀਆਂ ਸਮਾਜਿਕ ਅਤੇ ਪਰਿਵਾਰਕ ਪ੍ਰੇਸ਼ਾਨੀਆਂ ਵਧ ਰਹੀਆਂ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਪਹਿਲਾ ਵਾਂਗ ਰਜਿਸਟਰਾਂ ਰਾਹੀ ਹੀ ਅਦਾਇੰਗੀ ਕੀਤੀ ਜਾਵੇ ਅਤੇ ਹਫਤੇ ਦਾ ਇਕ ਜਾ ਦੋ ਦਿਨ ਪਿੰਡ ਨੂੰ ਪੈਸੇ ਕੱਢਣੇ ਯਕੀਨੀ ਬਣਾਏ ਜਾਣ। ਬਿਨਾ ਕੱਟ ਲਾਏ ਹੱਦ ਕਰਜੇ ਦੀ ਸਾਰੀ ਰਾਸ਼ੀ ਨਕਦੀ ਦੇ ਰੂਪ ’ਚ ਇਕ ਵਾਰ ਹੀ ਦਿੱਤੀ ਜਾਵੇ,ਬੇਲੋੜੀਆਂ ਸ਼ਰਤਾਂ ਖਤਮ ਕੀਤੀਆਂ ਜਾਣ,ਲੋੜੀਦੀਆਂ ਵਸਤਾਂ ਸਸਤੇ ਰੇਟਾਂ ’ਤੇ ਮੁਹੱਇਆ ਕਰਵਾਈਆ ਜਾਣ,ਡਿਫਾਲਟਰ ਕਿਸਾਨਾਂ ਦੇ ਇਸਤਿਹਾਰ ਕੱਢਣ ’ਤੇ ਰੋਕ ਲਾਈ ਜਾਵੇ,ਕਰਜ਼ਾ ਭਰਨ ਤੋਂ ਅਸਮੱਰਥ ਕਿਸਾਨਾਂ ਦੇ ਕਰਜੇ ਮਾਫ ਕੀਤੇ ਜਾਣ ਅਤੇ ਸੁਸਾਇਟੀਆਂ ਦੁਆਰਾ ਲੈਣ ਦੇਣ ਚਾਲੂ ਕੀਤਾ ਜਾਵੇ। ਅੱਜ ਇਸ ਧਰਨੇ ਨੂੰ ਜਨਕ ਸਿੰਘ ਭੂਟਾਲ,ਦਰਬਾਰਾ ਸਿੰਘ,ਦਿਲਬਾਗ ਸਿੰਘ ਹਰੀਗੜ੍ਹ,ਹਰਪਾਲ ਸਿੰਘ ਪੇਧਨੀ,ਸਿਆਮ ਦਾਸ,ਜਸਵੰਤ ਸਿੰਘ,ਰਾਮਸ਼ਰਨ,ਅਜੈਬ ਸਿੰਘ,ਜਗਤਾਰ ਸਿੰਘ,ਬਹਾਲ ਸਿੰਘ,ਦਰਸ਼ਨ ਸਿੰਘ,ਗੁਰਮੇਲ ਸਿੰਘ,ਦਰਸ਼ਨ ਸਿੰਘ,ਜਸਵਿੰਦਰ ਸਿੰਘ,ਮਨਿੰਦਰ ਸਿੰਘ,ਮਾਨਕ ਸਿੰਘ ਕਣਕਵਾਲ,ਅਜੈਬ ਸਿੰਘ ਜਖੇਪਲ  ਆਦਿ ਆਗੂਆਂ ਨੇ ਸਬੋਧਨ ਕਰਦਿਆਂ ਮੰਗ ਕੀਤੀ ਕਿ ਬੈਕਾਂ ਅੰਦਰ ਕਿਸਾਨਾਂ ਦੀ ਹੁੰਦੀ ਖੱਜਲ ਖੁਵਾਰੀ ਖਤਮ ਕੀਤੀ ਜਾਵੇ। ਆਗੂਆਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ 2 ਜੂਨ ਨੂੰ ਔਰਬਿਟ ਬੱਸ ਕਾਂਢ ਦੇ ਖਿਲਾਫ਼ ਅਤੇ ਬੱਸ ਮਾਲਕਾਂ ’ਤੇ ਪਰਚਾ ਦਰਜ ਕਰਵਾਉਣ ਅਤੇ ਫਰੀਦਕੋਟ ਵਿੱਚ ਵਿਦਿਆਰਥੀਆਂ ’ਤੇ ਪਾਏ ਪਰਚੇ ਰੱਦ ਕਰਾਉਣ ਲਈ ਅਰਥੀ ਫੂਕ ਮੁਜਾਹਰਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ।

Send this to a friend