ਪਿੰਡਾਂ ’ਚ ਰਹਿਣ ਵਾਲੀ 65 ਫੀਸਦੀ ਆਬਾਦੀ ਸੰਤੁਸ਼ਟ ਨਹੀਂ
ਨਵੀਂ ਦਿੱਲੀ, 27 ਮਈ (ਪੀ. ਟੀ. ਲਾਇਵ)- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਉੱਪਰ ਤਿੱਖਾ ਹਮਲਾ ਕਰਦੇ ਹੋਏ ਕਿਹਾ ਹੈ ਕਿ ਦੇਸ਼ ਦੀਆਂ ਜਮਹੂਰੀ ਸੰਸਥਾਵਾਂ ਦੇ ਲਈ ਖਤਰਾ ਪੈਦਾ ਹੋ ਗਿਆ ਹੈ। ਐਨਐਸਯੂਆਈ ਦੇ ਕੌਮੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੀ ਸਮਾਜਿਕ ਬਨਾਵਟ ਨੂੰ ਲਗਾਤਾਰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣ ਦੇ ਲਈ ਨੌਜਵਾਨਾਂ ਨੂੰ ਜ਼ਿੰਮੇਵਾਰੀ ਉਠਾਉਣੀ ਹੋਵੇਗੀ।ਮੋਦੀ ਸਰਕਾਰ ਉੱਪਰ ਮਨਮੋਹਨ ਸਿੰਘ ਦਾ ਇਹ ਸਭ ਤੋਂ ਵੱਡਾ ਹਮਲਾ ਹੈ। ਅਰਥ ਸ਼ਾਸਤਰ ਦੇ ਮਾਹਰ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਉੱਪਰ ਨਾ ਸਿਰਫ ਸਿਆਸੀ ਦੋਸ਼ ਲਾਏ ਬਲਕਿ ਭਾਜਪਾ ਸਰਕਾਰ ਦੀਆਂ ਆਰਥਿਕ ਨੀਤੀਆਂ ਉੱਪਰ ਵੀ ਸਵਾਲ ਉਠਾਏ।
ਉਨ੍ਹਾਂ ਕਿਹਾ ਕਿ ਖੇਤੀ ਉਤਪਾਦਨ ਵਿੱਚ ਲਗਾਤਾਰ ਕਮੀ ਆ ਰਹੀ ਹੈ। ਪਿੰਡਾਂ ਵਿੱਚ ਰਹਿਣ ਵਾਲੀ ਦੇਸ਼ ਦੀ 65 ਫੀਸਦੀ ਆਬਾਦੀ ਸੰਤੁਸ਼ਟ ਨਹੀਂ ਹੈ। ਨਿਰਯਾਤ ਵਿੱਚ ਕਮੀ ਆਈ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਸਿਰਫ਼ ਅੰਕੜਿਆਂ ਦੀਆਂ ਖੇਡਾਂ ਖੇਡ ਰਹੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ‘ਚ ਯੂ.ਪੀ.ਏ. ਸਰਕਾਰ ਦੀਆਂ ਹੀ ਯੋਜਨਾਵਾਂ ਦਾ ਨਾਮ ਬਦਲ ਕੇ ਚਲਾਇਆ ਜਾ ਰਿਹਾ ਹੈ। ਮਨਮੋਹਨ ਸਿੰਘ ਨੇ ਕਿਹਾ ਕਿ ਭਾਜਪਾ ਵਲੋਂ ਲੋਕਾਂ ਦਾ ਧਿਆਨ ਗੈਰ ਮੁੱਦਿਆਂ ਵੱਲ ਲਿਜਾਣ ਲਈ ਭ੍ਰਿਸ਼ਟਾਚਾਰ ਦੀ ਬੀਨ ਵਜਾਈ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਜਾਂ ਮਿੱਤਰਾਂ ਦੇ ਫਾਇਦੇ ਲਈ ਸਰਕਾਰੀ ਅਹੁਦੇ ਦੀ ਦੁਰਵਰਤੋਂ ਨਹੀਂ ਕੀਤੀ।ਉਨ੍ਹਾਂ ਨੇ ਆਪਣੇ ਦਫਤਰ ਦਾ ਇਸਤੇਮਾਲ ਭ੍ਰਿਸ਼ਟਾਚਾਰ ਲਈ ਨਹੀਂ ਹੋਣ ਦਿੱਤਾ।ਸਾਬਕਾ ਟਰਾਈ ਚੀਫ ਪ੍ਰਦੀਪ ਬੈਜਲ ਦੇ ਦੋਸ਼ਾਂ ’ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ ਅਹੁਦੇ ਦੀ ਦੁਰਵਰਤੋਂ ਨਹੀਂ ਕੀਤੀ। ਮਹਿੰਗਾਈ ਤੇ ਅਰਥਵਿਵਸਥਾ ਨੂੰ ਲੈ ਕੇ ਉਨ੍ਹਾਂ ਨੇ ਮੋਦੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਇਨ੍ਹਾਂ ਮੋਰਚਿਆਂ ’ਤੇ ਕੇਂਦਰ ਸਰਕਾਰ ਨਾਕਾਮ ਰਹੀ ਹੈ। ਮੋਦੀ ਸਰਕਾਰ ’ਚ ਸਭ ਕੁਝ ਠੀਕ ਨਹੀਂ ਹੈ।