ਲੌਂਗੋਵਾਲ/ਸੰਗਰੂਰ, 26 ਮਈ (ਗਰੋਵਰ)- ਸੂਬੇ ਦੀ ਅਕਾਲੀ ਭਾਜਪਾ ਸਰਕਾਰ ਨੇ ਹਮੇਸ਼ਾ ਲੋਕ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਫੈਸਲੇ ਕੀਤੇ ਹਨ। ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਹਮੇਸ਼ਾ ਇਹ ਸੋਚ ਰਹੀ ਹੈ ਕਿ ਹਰ ਪਿੰਡ ਪੱਧਰ ਤੇ ਪਹੁੰਚ ਕਰਕੇ ਸੰਗਤ ਦਰਸ਼ਨਾਂ ਰਾਹੀ ਲੋਕ ਸਮੱਸਿਆਵਾਂ ਦਾ ਹਲ ਕੀਤਾ ਜਾਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਅਤੇ ਯੋਜਨਾ ਮੰਤਰੀ ਪੰਜਾਬ ਸ. ਪ੍ਰਮਿੰਦਰ ਸਿੰਘ ਢੀਂਡਸਾ ਨੇ ਅੱਜ ਲੌਂਗੋਵਾਲ ਹਲਕੇ ਦੇ ਵੱਖ ਵੱਖ 14 ਪਿੰਡਾਂ ਵਿਖੇ ਸੰਗਤ ਦਰਸ਼ਨ ਪ੍ਰੋਗਰਾਮਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤਾ। ਉਨ੍ਹਾਂ ਕਿਹਾ ਸੰਗਤ ਦਰਸ਼ਨ ਦਾ ਮਨੋਰਥ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਦੀ ਮੁਸ਼ਕਿਲਾਂ ਦਾ ਮੌਕੇ ਤੇ ਹਲ ਕੀਤਾ ਜਾਵੇ। ਸ. ਢੀਂਡਸਾ ਨੇ ਵੱਖ-ਵੱਖ ਪੰਚਾਇਤਾਂ ਨੂੰ ਬੁਲਾ ਕੇ ਸ਼ਗਨ ਸਕੀਮ, ਆਟਾ ਦਾਲ ਸਕੀਮ, ਪੈਨਸ਼ਨਾਂ ਨਾਲ ਸਬੰਧਤ ਅਤੇ ਹੋਰ ਵਿਕਾਸ ਕਾਰਜ਼ਾ ਲਈ ਜਰੂਰੀ ਗ੍ਰਾਂਟਾਂ ਬਾਰੇ ਪੁੱਛਿਆ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਸਮੇਂ ਨਾਲ ਕੰਮ ਕਰਨ ਦੇ
ਆਦੇਸ਼ ਦਿੱਤੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੰਗਤ ਦਰਸ਼ਨ ਦੌਰਾਨ ਸਾਹ੍ਹਮਣੇ ਆਈਆਂ ਲੋਕ ਸਮੱਸਿਆਵਾਂ ਨੂੰ ਹਲ ਕਰਨ ਦੇ ਨਾਲ ਨਾਲ ਸਮੁੱਚੇ ਕੰਮਾਂ ਦੀ ਇਕ ਹਫ਼ਤੇ ਅੰਦਰ ਕਾਰਵਾਈ ਰਿਪੋਰਟ ਭੇਜਣੀ ਯਕੀਨੀ ਬਣਾਈ ਜਾਵੇ।
ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਵੱਲੋਂ ਟੈਕਸ ਪ੍ਰਣਾਲੀ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ. ਢੀਂਡਸਾ ਨੇ ਕਿਹਾ ਕਿ ਪੰਜ ਰਾਜਾਂ ਦੀ ਟੈਕਸ ਪ੍ਰਣਾਲੀ ’ਚ ਇਕਸਾਰਤਾ ਲਿਆਉਣ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸਦੇ ਫੈਸਲੇ ਦੇ ਮੁਤਾਬਿਕ ਇਕਸਾਰਤਾ ਟੈਕਸ ਪ੍ਰਣਾਲੀ ਨੂੰ ਜੁਲਾਈ ਮਹੀਨੇ ਤੱਕ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕਸਾਰਤਾ ਨਾਲ ਟੈਕਸ ਚੋਰੀ ਨਹੀ ਹੋਵੇਗੇ ਅਤੇ ਟੈਕਸ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਕਸਾਰਤਾ ਪ੍ਰਣਾਲੀ ਨਾਲ ਵਪਾਰੀਆਂ ਨੂੰ ਵੀ ਵੱਡਾ ਲਾਭ ਮਿਲੇਗਾ।
ਸੂਬੇ ਅੰਦਰ ਚੀਨੀ ਤੇ 11 ਫ਼ੀਸਦੀ ਐਂਟਰੀ ਟੈਕਸ ਲਗਾਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਦਿੰਦਿਆਂ ਸ. ਢੀਂਡਸਾ ਨੇ ਕਿਹਾ ਕਿ ਚੀਨੀ ਤੇ ਟੈਕਸ ਲਗਾਉਣ ਦਾ ਮਤਲਬ ਲੋਕਾਂ ਦੇ ਬੋਝ ਪਾਉਣਾ ਨਹੀ ਹੈ, ਬਲਕਿ ਚੀਨੀ ਦੇ ਲਗਾਤਾਰ ਵੱਧ ਘੱਟ ਰਹੇ ਭਾਅ ਕਾਰਨ ਵੱਖ ਵੱਖ ਸੂਗਰ ਮਿੱਲਾਂ ਨੂੰ ਬੰਦ ਹੋਣ ਤੋਂ ਰੋਕਣ ਲਈ ਸਰਕਾਰ ਨੇ ਇਹ ਫੈਸਲਾ ਲਿਆ ਹੈ, ਰਾਜ ਸਰਕਾਰ ਦੇ ਇਸ ਫੈਸਲੇ ਨਾਲ ਚੀਨੀ ਦੇ ਭਾਅ ਸਥਿਰ ਹੋ ਜਾਣਗੇ ਅਤੇ ਜਲਦੀ ਹੀ ਚੀਨੀ ਤੇ ਲਗਾਇਆਂ ਐਂਟਰੀ ਟੈਕਸ ਵਾਪਸ ਲੈ ਲਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਅਮਨਵੀਰ ਸਿੰਘ ਚੈਰੀ, ਸ. ਸਤਿਗੁਰ ਸਿੰਘ ਨਮੌਲ ਯੂਥ ਆਗੂ, ਜੀਤ ਸਿੰਘ ਸਿੱਧੂ ਚੇਅਰਮੈਨ ਮਾਰਕੀਟ ਕਮੇਟੀ ਚੀਮਾ,ਸਹਾਇਕ ਕਮਿਸ਼ਨਰ ਸ਼ਿਕਾਇਤਾ ਸ੍ਰੀਮਤੀ ਈਸ਼ਾ ਸਿੰਗਲ, ਸ.ਅਮਰਜੀਤ ਸਿੰਘ ਟੀਟੂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।