ਮਲੋਟ/ਸ਼ਾਮਖੇੜਾ, 26 ਮਈ (ਲੱਖਾ ਸ਼ਰਮਾ)- ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬੇ ਦੀ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਵੱਲੋਂ ਸਾਰੇ ਫੈਸਲੇ ਆਪਸੀ ਸਹਿਮਤੀ ਨਾਲ ਹੀ ਲਏ ਜਾਂਦੇ ਹਨ ਅਤੇ ਜਿਸ ਕੈਬਨਿਟ ਬੈਠਕ ਵਿਚ ਖੰਡ ਤੇ ਇੰਟਰੀ ਟੈਕਸ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਉਸ ਵਿਚ ਭਾਜਪਾ ਵੀ ਸ਼ਾਮਿਲ ਸੀ। ਅੱਜ ਲੰਬੀ ਹਲਕੇ ਦੇ ਦੋ ਦਿਨਾਂ ਸੰਗਤ ਦਰਸ਼ਨ ਸਮਾਗਮਾਂ ਦੇ ਦੂਜੇ ਦਿਨ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੇ ਦੋਹਾਂ ਭਾਗੀਦਾਰਾਂ ਦੇ ਵਿਚਕਾਰ ਸਾਰੇ ਵਿਸ਼ਿਆਂ ਪ੍ਰਤੀ ਪੂਰੀ ਆਪਸ ਸਮਝ ਮੌਜੂਦ ਹੈ ਅਤੇ ਦੋਹੇਂ ਸੂਬੇ ਦੇ ਵੱਡੇਰੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਹੀ ਦੂਰਅੰਦੇਸ਼ੀ ਨਾਲ ਸਾਂਝੇ ਤੌਰ ਤੇ ਫੈਸਲੇ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ
ਗਠਜੋੜ ਪੂਰੀ ਤਰਾਂ ਨਾਲ ਮਜਬੂਤ ਹੈ ਕਿਉਂਕਿ ਦੋਹਾਂ ਗਠਜੋੜ ਭਾਈਵਾਲਾਂ ਨੂੰ ਇੱਕਦੂਜੇ ਤੇ ਪੂਰਨ ਵਿਸਵਾਸ਼ ਅਤੇ ਭਰੋਸਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਕੈਬਨਿਟ ਵਿਚ ਅਕਾਲੀ ਭਾਜਪਾ ਗਠਜੋੜ ਦੇ ਮੰਤਰੀ ਸਾਂਝੇ ਤੌਰ ਤੇ ਹੀ ਸੂਬੇ ਦੀ ਭਲਾਈ ਲਈ ਫੈਸਲੇ ਲੈ ਕੇ ਲਾਗੂ ਕਰਦੇ ਹਨ। ਸੂਬੇ ਦੇ ਵਿਕਾਸ ਲਈ ਸ਼ਰਤ ਰਹਿਤ ਕੇਂਦਰੀ ਫੰਡਾਂ ਦੀ ਵਕਾਲਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰਾਂ ਨੂੰ ਇੰਨ੍ਹਾਂ ਫੰਡਾਂ ਦੀ ਵਰਤੋਂ ਸੂਬੇ ਦੇ ਲੋਕਾਂ ਦੀ ਭਲਾਈ ਲਈ ਸਥਾਨਕ ਹਲਾਤਾਂ ਅਨੁਸਾਰ ਵਰਤਨ ਦੀ ਛੋਟ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਅਤੇ ਸਮੂੱਚੇ ਮੁਲਕ ਦੀ ਸਰਵਪੱਖੀ ਤਰੱਕੀ ਲਈ ਜਰੂਰੀ ਹੈ ਕਿ ਦੇਸ਼ ਵਿਚ ਸਹੀ ਅਰਥਾਂ ਵਿਚ ਸੰਘੀ ਢਾਂਚਾ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦੇਸ਼ ਵਿਚ ਬਣੀਆਂ ਕਾਂਗਰਸ ਦੀਆਂ ਸਰਕਾਰਾਂ ਨੇ ਭਾਰਤੀ ਸੰਵਿਧਾਨ ਦੀ ਇਮ ਮੂਲ ਆਤਮਾ ਨੂੰ ਖਤਮ ਕਰਕੇ ਸ਼ਕਤੀਆਂ ਦੇ ਕੇਂਦਰੀਕਰਨ ਦੀ ਨੀਤੀ ਬਣਾਈ ਗਈ ਸੀ ਜਿਸ ਨਾਲ ਦੇਸ਼ ਦੇ ਵਿਕਾਸ ਵਿਚ ਖੜੋਤ ਆ ਗਈ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰਾਂ ਦੇ ਇਸ ਕਦਮ ਕਾਰਨ ਹੀ ਅੱਜ ਦੇਸ਼ ਬੇਰੁਜਗਾਰੀ, ਗਰੀਬੀ ਅਤੇ ਅਨਪੜ੍ਹਤਾ ਵਰਗੀਆਂ ਕੁਰੀਤੀਆਂ ਨਾਲ ਦੋ ਚਾਰ ਹੋ ਰਿਹਾ ਹੈ। ਐਨ.ਡੀ.ਏ. ਸਰਕਾਰ ਵੱਲੋਂ ਯੋਜਨਾ ਆਯੋਗ ਭੰਗ ਕਰਕੇ ਨੀਤੀ ਆਯੋਗ ਦੀ ਸਥਾਪਨਾ ਕੀਤੇ ਜਾਣ ਦੀ ਸਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦੇ ਸੰਘੀ ਢਾਂਚੇ ਵੱਲ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਹੁਣ ਨੀਤੀ ਆਯੋਗ ਰਾਹੀਂ ਸਾਰੀਆਂ ਸੂਬਾ ਸਰਕਾਰਾਂ ਵੀ ਯੋਜਨਾਬੰਦੀ ਵਿਚ ਬਰਾਬਰ ਦੀਆਂ ਭਾਗੀਦਾਰੀ ਹਨ ਜਦ ਕਿ ਯੋਜਨਾ ਆਯੋਗ ਵਿਚ ਇਸ ਦੇ ਉਲਟ ਵਾਪਰਦਾ ਸੀ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਲਈ ਹਾਲੇ ਵੀ ਬਹੁਤ ਕੁਝ ਕਰਨ ਦੀ ਜਰੂਰਤ ਹੈ ਅਤੇ ਐਨ.ਡੀ.ਏ. ਸਰਕਾਰ ਇਸ ਵਿਚ ਅਹਿਮ ਭੁਮਿਕਾ ਨਿਭਾਏਗੀ।
ਇਸ ਤੋਂ ਪਹਿਲਾਂ ਵੱਖ ਵੱਖ ਪਿੰਡਾਂ ਵਿਚ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮ ਰਾਜ ਸਰਕਾਰ ਦਾ ਅਹਿਮ ਪ੍ਰੋਗਰਾਮ ਹੈ ਜਿਸ ਦਾ ਮੁੱਖ ਉਦੇਸ਼ ਲੋਕਾਂ ਦੀਆਂ ਮੁਸਕਿਲਾਂ ਦੇ ਹੱਲ ਲਈ ਪ੍ਰਬੰਧਕੀ ਢਾਂਚੇ ਅਤੇ ਲੋਕਾਂ ਨੂੰ ਇੱਕੋ ਥਾਂ ਇੱਕਠਾ ਕਰਨਾ ਹੁੰਦਾ ਹੈ ਤਾਂ ਜੋ ਵਿਕਾਸ ਸੰਬੰਧੀ ਫੈਸਲੇ ਤੁਰੰਤ ਲਏ ਜਾ ਸਕਣ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਸਮਾਗਮਾਂ ਦਾ ਮਨੋਰਥ ਪੂਰੀ ਤਰਾਂ ਨਾਲ ਵਿਕਾਸ ਮੁੱਖੀ ਹੈ ਅਤੇ ਇਸ ਪਿੱਛੇ ਕੋਈ ਸਿਆਸੀ ਮਨੋਰਥ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਨਾ ਕੇਵਲ ਲੋਕਾਂ ਦੀਆਂ ਮੁਸਕਿਲਾਂ ਦੇ ਹੱਲ ਲਈ ਕਾਰਗਾਰ ਹਨ ਸਗੋਂ ਇਸ ਨਾਲ ਅਧਿਕਾਰੀਆਂ ਦੇ ਕੰਮਕਾਜ ਦੀ ਵੀ ਸਮੀਖਿਆ ਹੋ ਜਾਂਦੀ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਅੱਜ ਕਬਰਵਾਲਾ, ਕੱਟਿਆਂਵਾਲੀ, ਪੱਕੀ ਟਿੱਬੀ, ਗੁਰੂਸਰ ਜੋਧਾ, ਡੱਬਵਾਲੀ ਢਾਬ, ਸ਼ਾਮਖੇੜਾ ਆਦਿ ਪਿੰਡਾਂ ਵਿਚ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕੀਤਾ ਅਤੇ ਪਿੰਡਾਂ ਦੇ ਲੋਕਾਂ ਦੀਆਂ ਮੁਸਕਿਲਾਂ ਸੁਣ ਕੇ ਮੌਕੇ ਤੇ ਹੀ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕਰਨ ਦੇ ਹੁਕਮ ਵਿਭਾਗਾਂ ਨੂੰ ਦਿੱਤੇ। ਇਸ ਮੌਕੇ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਚੇਅਰਮੈਨ ਪੰਜਾਬ ਐਗਰੋ ਨੇ ਮੁੱਖ ਮੰਤਰੀ ਨੂੰ ਜੀ ਆਇਆਂ ਨੂੰ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ. ਚੀਮਾ, ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ, ਡੀ.ਆਈ.ਜੀ. ਸ੍ਰੀ ਮਨੀਸ਼ ਚਾਵਲਾ, ਐਸ.ਐਸ.ਪੀ. ਸ੍ਰੀ ਕੁਲਦੀਪ ਚਾਹਲ, ਏ.ਡੀ.ਸੀ. ਕੈਪਟਨ ਕਰਨੈਲ ਸਿੰਘ ਅਤੇ ਸ੍ਰੀ ਰਾਮਵੀਰ, ਐਸ.ਡੀ.ਐਮ. ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ, ਸ: ਬਿੱਕਰ ਸਿੰਘ ਚਨੂੰ ਮੈਂਬਰ ਐਸ.ਜੀ.ਪੀ.ਸੀ., ਸ੍ਰੀ ਹਰਮੇਸ਼ ਖੁੱਡੀਆਂ, ਸ: ਰਣਜੋਧ ਸਿੰਘ ¦ਬੀ, ਸ: ਮਨਜੀਤ ਸਿੰਘ ਲਾਲ ਬਾਈ ਆਦਿ ਵੀ ਹਾਜਰ ਸਨ।