ਵਾਸ਼ਿੰਗਟਨ, 5 ਅਗਸਤ (ਪੀ. ਟੀ.)-ਅਮਰੀਕਾ ਨੇ ਅਲਕਾਇਦਾ ਵਲੋਂ ਅੱਤਵਾਦੀ ਹਮਲੇ ਕੀਤੇ ਜਾਣ ਦੇ ਸ਼ੱਕ ਕਰਕੇ ਇਹਤੀਆਤ ਵਜੋਂ ਆਪਣੇ 19 ਦੂਤਾਵਾਸ ਤੇ ਵਣਜ ਦੂਤਾਵਾਸਾਂ ਨੂੰ ਅਗਲੀ 10 ਅਗਸਤ ਤੱਕ ਬੰਦ ਕਰ ਦਿੱਤਾ ਹੈ। ਓਬਾਮਾ ਪ੍ਰਸ਼ਾਸਨ ਨੇ ਕੱਲ ਇੱਕ ਦਿਨ ਲਈ 22 ਦੂਤਾਵਾਸ ਤੇ ਵਣਜ ਦੂਤਾਵਾਸਾਂ ਨੂੰ ਬੰਦ ਕੀਤਾ ਸੀ। ਵਿਦੇਸ਼ ਵਿਭਾਗ ਨੇ ਪਿਛਲੇ ਹਫ਼ਤੇ ਸੰਸਾਰਕ ਪੱਧਰ ‘ਤੇ ਯਾਤਰਾ ਸਬੰਧੀ ਅਲਰਟ ਜਾਰੀ ਕੀਤਾ ਸੀ ਜਿਸ ‘ਚ ਮੁੱਖ ਰੂਪ ਨਾਲ ਪੱਛਮੀ ਏਸ਼ੀਆ ‘ਚ ਅਮਰੀਕੀ ਨਾਗਰਿਕਾਂ ਤੇ ਹਿਤਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਜਾਣ ਦਾ ਸੰਦੇਹ ਪ੍ਰਗਟ ਕੀਤਾ ਗਿਆ ਸੀ। ਵਿਦੇਸ਼ ਵਿਭਾਗ ਦੀ ਬੁਲਾਰੀ ਜੇਨ ਪਾਕੀ ਨੇ ਕਿਹਾ ਕਿ ਰਮਜਾਨ ਦੇ ਅੰਤ ‘ਤੇ ਈਦ ਦੇ ਜਸ਼ਨਾਂ ਨੂੰ ਵੇਖਦੇ ਹੋਏ ਤੇ ਵੱਖਰੀ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਦੇ ਹੋਏ ਅਸੀਂ ਆਪਣੇ ਕੁੱਝ ਦੂਤਾਵਾਸ ਤੇ ਵਣਜ ਦੂਤਾਵਾਸਾਂ ਨੂੰ ਕੁੱਝ ਸਮੇਂ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ।